nabaz-e-punjab.com

ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਗੈਰਕਾਨੂੰਨੀ ਟਰੈਵਲ ਏਜੰਟਾਂ ਦੀ ਸੂਚੀ ’ਤੇ ਸਵਾਲ ਉੱਠਣੇ ਸ਼ੁਰੂ

ਮੁਹਾਲੀ ਪੁਲੀਸ ਵੱਲੋਂ ਟਰੈਵਲ ਏਜੰਟਾਂ ਦੀ ਛਾਪੇਮਾਰੀ ਕਰਕੇ ਕੀਤੀ ਜਾ ਰਹੀ ਹੈ ਦਸਤਾਵੇਜ਼ਾਂ ਦੀ ਜਾਂਚ

ਸੂਚੀ ਵਿੱਚ ਸ਼ਾਮਲ ਕੁਝ ਏਜੰਟਾਂ ਨੇ ਦਿੱਤੀ ਕੇਂਦਰੀ ਵਿਦੇਸ਼ ਵਿਭਾਗ ਨੂੰ ਸ਼ਿਕਾਇਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਗਸਤ:
ਭਾਰਤ ਸਰਕਾਰ ਵੱਲੋਂ ਦੇਸ਼ ਭਰ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਕੰਮ ਕਰਦੇ ਟਰੈਵਲ ਏਜੰਟਾਂ ਦੀ ਸੂਚੀ ਕੇਂਦਰੀ ਵਿਦੇਸ਼ ਮੰਤਰਾਲੇ ਦੀ ਵੈਬਸਾਈਟ ’ਤੇ ਅਪਲੋਡ ਕਰਨ ਤੋਂ ਇਸ ਸੂਚੀ ਵਿੱਚ ਸ਼ਾਮਲ ਟਰੈਵਲ ਏਜੰਟਾਂ ਵਿੱਚ ਬੇਚੈਨੀ ਪਾਈ ਜਾ ਰਹੀ ਹੈ ਅਤੇ ਕਈ ਪੀੜਤ ਏਜੰਟ ਜੋ ਇਹ ਦਾਅਵਾ ਕਰ ਰਹੇ ਹਨ, ਉਹ ਸਰਕਾਰੀ ਨੇਮਾਂ ਅਤੇ ਲਾਇਸੈਂਸ ਧਾਰਕ ਹਨ, ਇਸ ਸਬੰਧੀ ਜਲਦੀ ਹੀ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕਰਕੇ ਆਪਣਾ ਰੋਸ ਦਰਜ ਕਰਵਾਉਣ ਦੀ ਤਿਆਰੀ ਕਰ ਰਹੇ ਹਨ। ਉਧਰ, ਸਰਕਾਰ ਦੀ ਸੂਚੀ ਜਨਤਕ ਹੋਣ ਤੋਂ ਬਾਅਦ ਮੁਹਾਲੀ ਪੁਲੀਸ ਵੀ ਹਰਕਤ ਵਿੱਚ ਆ ਗਈ ਹੈ। ਪੁਲੀਸ ਨੇ ਟਰੈਵਲ ਏਜੰਟਾਂ ਦੇ ਦਫ਼ਤਰਾਂ ਵਿੱਚ ਛਾਪੇਮਾਰੀ ਕਰਕੇ ਆਪਣੀ ਜਾਂਚ ਤੇਜ਼ ਕਰ ਦਿੱਤੀ ਹੈ। ਪੁਲੀਸ ਵੱਲੋਂ ਏਜੰਟਾਂ ਦੇ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਪੁਲੀਸ ਵੱਲੋਂ ਅਜਿਹੇ ਅੱਧਾ ਦਰਜਨ ਦੇ ਕਰੀਬ ਅਣਅਧਿਕਾਰਤ ਟਰੈਵਲ ਏਜੰਟਾਂ ਦੇ ਖ਼ਿਲਾਫ਼ ਪੁਲੀਸ ਕੇਸ ਦਰਜ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਕੇਂਦਰੀ ਵਿਦੇਸ਼ ਵਿਭਾਗ ਦੀ ਵੈਬਸਾਈਟ ਤੋੲ ਦੇਸ਼ ਵਿੱਚ ਗੈਰਕਾਨੂੰਨੀ ਤੌਰ ਤੇ ਕੰਮ ਕਰਦੇ ਟਰੈਵਲ ਏਜੰਟਾਂ ਦੀ ਇਕ ਸੂਚੀ ਮੀਡੀਆ ਵਿੱਚ ਚਰਚਾ ਦਾ ਕੇਂਦਰ ਬਣ ਗਈ ਸੀ। ਇਸ ਸੂਚੀ ਵਿੱਚ ਪੰਜਾਬ ਦੇ ਕੁੱਲ 76 ਏਜੰਟਾਂ ਦੇ ਨਾਮ ਹਨ। ਜਿਨ੍ਹਾਂ ’ਚੋਂ ਮੁਹਾਲੀ ਸ਼ਹਿਰ ਦੇ 19 ਅਤੇ ਸਮੁੱਚੇ ਜ਼ਿਲ੍ਹੇ ਅੰਦਰ ਕਰੀਬ 45 ਏਜੰਟਾਂ ਦੇ ਨਾਮ ਸ਼ਾਮਲ ਹਨ।
ਉਧਰ, ਟਰੈਵਲ ਏਜੰਟਾਂ ਦਾ ਕਹਿਣਾ ਹੈ ਕਿ ਇਸ ਸੂਚੀ ਵਿੱਚ ਕਈ ਅਜਿਹੇ ਏਜੰਟਾਂ ਦੇ ਨਾਮ ਹਨ, ਜੋ ਬਾਕਾਇਦਾ ਪੰਜਾਬ ਸਰਕਾਰ ਤੋਂ ਲਾਇਸੈਂਸ ਲੈ ਕੇ ਆਪਣਾ ਕੰਮ ਚਲਾ ਰਹੇ ਹਨ। ਉਂਜ ਕੁਝ ਅਜਿਹੇ ਵੀ ਹਨ ਜਿਹੜੇ ਹੁਣ ਆਪਣੇ ਦਫ਼ਤਰਾਂ ਨੂੰ ਤਾਲੇ ਲਗਾ ਕੇ ਜਾ ਚੁੱਕੇ ਹਨ ਅਤੇ ਕੁਝ ਏਜੰਟਾਂ ਦੇ ਖ਼ਿਲਾਫ਼ ਪਹਿਲਾਂ ਵੀ ਵੱਡੀ ਮਾਤਰਾ ਵਿੱਚ ਧੋਖਾਧੜੀ ਦੇ ਕੇਸ ਦਰਜ ਹਨ ਅਤੇ ਕਈ ਏਜੰਟ ਅਤੇ ਦਫ਼ਤਰੀ ਸਟਾਫ਼ ਜੇਲ੍ਹਾਂ ਵਿੱਚ ਬੰਦ ਹਨ।
ਇੱਥੋਂ ਦੇ ਫੇਜ਼-9 ਅਤੇ ਸੈਕਟਰ-70 ਵਿੱਚ ਟਰੈਵਲ ਏਜੰਟ ਦਾ ਕੰਮ ਕਰਨ ਵਾਲੇ ਵਿਅਕਤੀਆਂ ਨੇ ਕਿਹਾ ਕਿ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਵਿਦੇਸ਼ ਵਿਭਾਗ ਵੱਲੋਂ ਉਨ੍ਹਾਂ ਦਾ ਨਾਮ ਇਸ ਸੂਚੀ ਵਿੱਚ ਕਿਵੇਂ ਪਾ ਦਿੱਤਾ ਗਿਆ ਹੈ ਜਦੋਂਕਿ ਉਨ੍ਹਾਂ ਵੱਲੋਂ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਪੰਜਾਬ ਸਰਕਾਰ ਤੋਂ ਬਾਕਾਇਦਾ ਲਾਇਸੈਂਸ ਹਾਸਲ ਕਰਕੇ ਆਪਣਾ ਕੰਮ ਚਲਾਇਆ ਜਾ ਰਿਹਾ ਹੈ ਅਤੇ ਅੱਜ ਤੱਕ ਉਨ੍ਹਾਂ ਦੇ ਖ਼ਿਲਾਫ਼ ਕੋਈ ਪੁਲੀਸ ਕੇਸ ਵੀ ਦਰਜ ਨਹੀਂ ਹੈ ਫਿਰ ਉਹ ਗੈਰਕਾਨੂੰਨੀ ਕਿਵੇਂ ਹੋਏ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਦੇਸ਼ ਮੰਤਰਾਲੇ ਨੂੰ ਪੱਤਰ ਭੇਜ ਕੇ ਇਸ ਸੂਚੀ ’ਚੋਂ ਉਨ੍ਹਾਂ ਦੇ ਨਾਮ ਬਾਹਰ ਕੱਢਣ ਦੀ ਮੰਗ ਕੀਤੀ ਗਈ ਹੈ।
(ਬਾਕਸ ਆਈਟਮ)
ਉਧਰ, ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਆਵਾਜ ਬੁਲੰਦ ਕਰਨ ਵਾਲੇ ਸਮਾਜ ਸੇਵੀ ਆਗੂ ਸਤਨਾਮ ਸਿੰਘ ਦਾਊਂ ਦਾ ਕਹਿਣਾ ਹੈ ਕਿ ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਗੈਰਕਾਨੂੰਨੀ ਟਰੈਵਲ ਏਜੰਟਾਂ ਦੀ ਜਿਹੜੀ ਸੂਚੀ ਆਪਣੀ ਵੈਬਸਾਈਟ ’ਤੇ ਅਪਲੋਡ ਕੀਤੀ ਗਈ ਹੈ, ਉਹ ਕਈ ਪ੍ਰਕਾਰ ਦੇ ਭੁਲੇਖੇ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਇਕ ਸਵਾਲ ਦੇ ਜਵਾਬ ਵਿੱਚ ਦੱਸਿਆ ਸੀ ਕਿ ਸੂਬੇ ਵਿੱਚ ਟਰੈਵਲ ਏਜੰਟਾਂ ’ਤੇ 2200 ਦੇ ਕਰੀਬ ਪੁਲੀਸ ਕੇਸ ਦਰਜ ਕੀਤੇ ਗਏ ਹਨ ਜਦੋਂਕਿ ਇਸ ਸੂਚੀ ਵਿੱਚ ਸਿਰਫ 76 ਵਿਅਕਤੀਆਂ ਦੇ ਨਾਮ ਸ਼ਾਮਲ ਹਨ ਅਤੇ ਕਈ ਵੱਡੇ ਠੱਗਾਂ ਦੇ ਨਾਮ ਇਸ ਸੂਚੀ ’ਚੋਂ ਗਾਇਬ ਹਨ। ਉਨ੍ਹਾਂ ਕਿਹਾ ਕਿ ਸਾਰਾ ਕੁਝ ਸਰਕਾਰ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ ਹੈ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…