Nabaz-e-punjab.com

ਸੜਕ ਕਿਨਾਰੇ ਖੜਾ ਪੁਰਾਣਾ ਦਰੱਖ਼ਤ ਡਿੱਗਿਆ, ਦੋ ਮੋਟਰ ਸਾਈਕਲ ਸਵਾਰ ਜ਼ਖ਼ਮੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਮਈ:
ਇੱਥੋਂ ਦੇ ਫੇਜ਼-4 ਸਥਿਤ ਮੁਹਾਲੀ ਪ੍ਰੈਸ ਕਲੱਬ ਦੇ ਬਾਹਰ ਸੜਕ ਕਿਨਾਰੇ ਖੜਾ ਪੁਰਾਣਾ ਦਰੱਖ਼ਤ ਅੱਜ ਅਚਾਨਕ ਡਿੱਗ ਪਿਆ। ਇਸ ਦੌਰਾਨ ਸੜਕ ਤੋਂ ਲੰਘ ਰਹੇ ਦੋ ਦੋ ਮੋਟਰ ਸਾਈਕਲ ਸਵਾਰ ਜ਼ਖ਼ਮੀ ਹੋ ਗਏ। ਸੂਚਨਾ ਮਿਲਦੇ ਹੀ ਪੀਸੀਆਰ ਦੇ ਜਵਾਨ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਫੇਜ਼-6 ਵਿੱਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਉਂਜ ਅਚਾਨਕ ਉਨ੍ਹਾਂ ਉੱਤੇ ਭਾਰੀ ਦਰੱਖ਼ਤ ਦੀਆਂ ਟਾਹਣੀਆਂ ਟੁੱਟ ਕੇ ਡਿੱਗਣ ਕਾਰਨ ਉਹ ਕਾਫੀ ਸਹਿਮੇ ਹੋਏ ਹਨ।
ਜਾਣਕਾਰੀ ਅਨੁਸਾਰ ਇੱਥੋਂ ਦੇ ਮਸ਼ਹੂਰ ਡੀਪਲਾਸਟ ਚੌਂਕ ਤੋਂ ਵਾਈਪੀਐਸ ਚੌਂਕ ਤੱਕ ਮੁੱਖ ਸੜਕ ’ਤੇ ਬਹੁਤ ਪੁਰਾਣੇ ਦਰੱਖ਼ਤ ਖੜੇ ਹਨ। ਜਿਨ੍ਹਾਂ ਦੀਆਂ ਜੜ੍ਹਾਂ ਖੋਖਲੀਆਂ ਹੋ ਚੁੱਕੀਆਂ ਹਨ ਅਤੇ ਸ਼ਹਿਰ ਵਾਸੀਆਂ ਵੱਲੋਂ ਇਨ੍ਹਾਂ ਦਰੱਖ਼ਤਾਂ ਨੂੰ ਕੱਟ ਕੇ ਇੱਥੇ ਨਵੇਂ ਦਰੱਖ਼ਤ ਲਗਾਉਣ ਦੀ ਮੰਗ ਵੀ ਕੀਤੀ ਜਾਂਦੀ ਰਹੀ ਹੈ ਪ੍ਰੰਤੂ ਮੁਹਾਲੀ ਪ੍ਰਸ਼ਾਸਨ ਵੱਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਪੁਰਾਣੇ ਦਰੱਖ਼ਤਾਂ ਨੂੰ ਲੋੜ ਅਨੁਸਾਰ ਉੱਪਰੋਂ ਛਾਂਗਿਆ ਜਾ ਰਿਹਾ ਹੈ। ਜਿਸ ਕਾਰਨ ਅੱਜ ਇਹ ਹਾਦਸਾ ਵਾਪਰ ਗਿਆ ਹੈ। ਇਸ ਤੋਂ ਪਹਿਲਾਂ ਵੀ ਤੇਜ਼ ਹਵਾ ਅਤੇ ਹਨੇਰੀ ਚੱਲਣ ਕਾਰਨ ਅਜਿਹੇ ਕਈ ਹਾਦਸੇ ਵਾਪਰ ਚੁੱਕੇ ਹਨ ਪ੍ਰੰਤੂ ਪਿਛਲੇ ਹਾਦਸਿਆਂ ਤੋਂ ਪ੍ਰਸ਼ਾਸਨ ਨੇ ਕੋਈ ਸਬਕ ਨਹੀਂ ਲਿਆ ਹੈ।
ਹਾਦਸੇ ਵਿੱਚ ਜ਼ਖ਼ਮੀ ਹੋਏ ਦੋਵੇਂ ਨੌਜਵਾਨ ਮੋਨੂੰ ਅਤੇ ਗੋਪੀ ਸੈਕਟਰ-45 (ਪਿੰਡ ਬੁੜੈਲ) ਦੇ ਵਸਨੀਕ ਹਨ ਅਤੇ ਦਿਹਾੜੀ ਤੇ ਕਾਰਪੈਂਟਰ ਦਾ ਕੰਮ ਕਰਦੇ ਹਨ। ਹਾਦਸੇ ਵੇਲੇ ਇਹ ਦੋਵੇਂ ਜਣੇ ਆਪਣੇ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਸੰਨੀ ਇਨਕਲੇਵ ਵੱਲ ਜਾ ਰਹੇ ਸੀ ਕਿ ਜਦੋਂ ਉਹ ਪ੍ਰੈਸ ਕਲੱਬ ਨੇੜੇ ਪਹੁੰਚੇ ਤਾਂ ਅਚਾਨਕ ਸੜਕ ਕਿਨਾਰੇ ਖੜਾ ਵੱਡਾ ਦਰੱਖ਼ਤ ਟੁੱਟ ਕੇ ਡਿੱਗਣ ਕਾਰਨ ਉਹ ਉਸ ਦੀ ਲਪੇਟ ਵਿੱਚ ਆ ਗਏ।
ਇਸ ਮੌਕੇ ਸਮਾਜ ਸੇਵੀ ਆਗੂ ਅਤੁਲ ਸ਼ਰਮਾ ਅਤੇ ਮੁਹਾਲੀ ਪ੍ਰੈੱਸ ਕਲੱਬ ਦੇ ਪ੍ਰਧਾਨ ਗੁਰਜੀਤ ਬਿੱਲਾ ਅਤੇ ਜਨਰਲ ਸਕੱਤਰ ਹਰਬੰਸ ਬਾਗੜੀ ਨੇ ਇਸ ਹਾਦਸੇ ਲਈ ਮੁਹਾਲੀ ਪ੍ਰਸ਼ਾਸਨ ਸਮੇਤ ਨਗਰ ਨਿਗਮ ਅਤੇ ਗਮਾਡਾ ਨੂੰ ਜ਼ਿੰਮੇਵਾਰ ਦੱਸਦਿਆਂ ਮੰਗ ਕੀਤੀ ਕਿ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਸਬੰਧਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਕੇ ਉਨ੍ਹਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਦਰੱਖ਼ਤ ਕਾਫੀ ਪੁਰਾਣੇ ਅਤੇ ਖਸਤਾ ਹਾਲਤ ਵਿੱਚ ਹਨ ਅਤੇ ਕਿਸੇ ਵੇਲੇ ਵੀ ਡਿੱਗ ਸਕਦੇ ਹਨ। ਉਨ੍ਹਾਂ ਨੂੰ ਤੁਰੰਤ ਕੱਟ ਕੇ ਉਨ੍ਹਾਂ ਦੀ ਥਾਂ ਨਵੇਂ ਦਰੱਖ਼ਤ ਲਗਾਏ ਜਾਣ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸੇ ਵਾਪਰਨ ਤੋਂ ਰੋਕੇ ਜਾ ਸਕਣ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…