
ਪਿੰਡ ਕੌਲੀ ਮਾਜਰਾ ਦੀ 80 ਏਕੜ ਜ਼ਮੀਨ ’ਚੋਂ ਦਰਖ਼ਤ ਕੱਟਣ ਦਾ ਮਾਮਲਾ ਭਖਿਆ, ਅਕਾਲੀ ਵਿਧਾਇਕ ਐਨਕੇ ਸ਼ਰਮਾ ਨੇ ਜਾਂਚ ਮੰਗੀ
ਐਨਕੇ ਸ਼ਰਮਾ ਨੇ ਲਾਲੜੂ ਨਗਰ ਕੌਂਸਲ ਦੇ ਪ੍ਰਧਾਨ ਤੇ ਅਧਿਕਾਰੀਆਂ ’ਤੇ ਦਰਖ਼ਤ ਕੱਟ ਕੇ ਵੇਚਣ ਦਾ ਲਾਇਆ ਦੋਸ, ਡੀਸੀ ਨੂੰ ਦਿੱਤੀ ਸ਼ਿਕਾਇਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਨਵੰਬਰ:
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਡੇਰਾਬੱਸੀ ਦੇ ਵਿਧਾਇਕ ਐਨਕੇ ਸ਼ਰਮਾ ਨੇ ਅੱਜ ਇੱਥੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨਾਲ ਮੁਲਾਕਾਤ ਕਰਕੇ ਲਾਲੜੂ ਨਗਰ ਕੌਂਸਲ ਦੇ ਪ੍ਰਧਾਨ ਅਤੇ ਪਹਿਲੇ ਕਾਰਜਸਾਧਕ ਅਫ਼ਸਰ ਖ਼ਿਲਾਫ਼ ਲਿਖਤੀ ਸ਼ਿਕਾਇਤ ਦਿੱਤੀ। ਉਨ੍ਹਾਂ ਮੰਗ ਕੀਤੀ ਕਿ ਪਿੰਡ ਕੌਲੀ ਮਾਜਰਾ ਵਿਖੇ 80-90 ਏਕੜ ਵਿੱਚ ਖੜੀਆਂ ਕਿੱਕਰਾਂ ਅਤੇ ਹੋਰ ਦਰਖਤਾਂ ਨੂੰ ਅਣਅਧਿਕਾਰਤ ਤੌਰ ’ਤੇ ਕੱਟ ਕੇ ਵੇਚਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਜ਼ਿੰਮੇਵਾਰ ਆਗੂਆਂ ਅਤੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਡੀਸੀ ਦੇ ਧਿਆਨ ਵਿੱਚ ਲਿਆਂਦਾ ਕਿ ਉਨ੍ਹਾਂ ਨੇ ਖ਼ੁਦ ਮੌਕੇ ’ਤੇ ਪੜਚੋਲ ਕੀਤੀ ਅਤੇ ਪਤਾ ਲੱਗਾ ਕਿ ਪਿਛਲੇ 15 ਦਿਨ ਤੋਂ ਦਰਖ਼ਤ ਕੱਟੇ ਜਾ ਰਹੇ ਹਨ।
ਅਕਾਲੀ ਵਿਧਾਇਕ ਨੇ ਕਿਹਾ ਕਿ ਇਸ ਮਾਮਲੇ ਵਿੱਚ ਰੂਲਾਂ ਦੀ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ ਹਨ ਅਤੇ ਦਰਖ਼ਤ ਅਤੇ ਵੇਚਣ ਸਬੰਧੀ ਨਾ ਤਾਂ ਨਗਰ ਕੌਂਸਲ ਲਾਲੜੂ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ, ਨਾ ਹੀ ਇਸ ਸਬੰਧੀ ਸਰਕਾਰ ਕੋਲੋਂ ਪ੍ਰਵਾਨਗੀ ਲਈ ਗਈ ਹੈ ਅਤੇ ਨਾ ਹੀ ਸਰਕਾਰ ਦਾ ਕੋਈ ਨੁਮਾਇੰਦਾ ਖੱੁਲ੍ਹੀ ਬੋਲੀ ਵਿੱਚ ਸ਼ਾਮਲ ਹੋਇਆ ਹੈ। ਪੱਤਰ ਵਿੱਚ ਕਿਹਾ ਗਿਆ ਕਿ ਨਗਰ ਕੌਂਸਲ ਲਾਲੜੂ ਅਧੀਨ ਆਉਂਦੇ ਪਿੰਡ ਕੌਲੀ ਮਾਜਰਾ ਵਿਖੇ ਵੱਡੀ ਮਾਤਰਾ ਵਿੱਚ ਕਿੱਕਰਾਂ ਅਤੇ ਹੋਰ ਦਰਖ਼ਤ ਲੱਗੇ ਹੋਏ ਸਨ, ਜਿਨ੍ਹਾਂ ਨੂੰ ਕੌਂਸਲ ਪ੍ਰਧਾਨ ਸ੍ਰੀਮਤੀ ਬਿੰਦੂ ਰਾਣੀ, ਉਸ ਦੇ ਪਤੀ ਮੁਕੇਸ਼ ਰਾਣਾ ਅਤੇ ਤਤਕਾਲੀ ਕਾਰਜਸਾਧਕ ਅਫ਼ਸਰ ਅਸ਼ੋਕ ਕੁਮਾਰ ਵੱਲੋਂ ਕਥਿਤ ਤੌਰ ’ਤੇ ਕੱਟ ਕੇ ਵੇਚ ਦਿੱਤਾ ਗਿਆ ਹੈ।
ਡੀਸੀ ਦਫ਼ਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਨਕੇ ਸ਼ਰਮਾ ਨੇ ਕਿਹਾ ਕਿ ਪੰਜਾਬ ਮਿਉਂਸਪਲ ਐਕਟ ਦੀ ਧਾਰਾ 59-ਏ (ਏ),(ਬੀ), (ਸੀ) ਤਹਿਤ ਕੋਈ ਵੀ ਚੱਲ ਅਤੇ ਅਚੱਲ ਜਾਇਦਾਦ ਨਗਰ ਕੌਂਸਲ ਦੀ ਪ੍ਰਵਾਨਗੀ ਤੋਂ ਬਿਨਾਂ ਵੇਚੀ ਨਹੀਂ ਜਾ ਸਕਦੀ ਹੈ। ਇਸ ਸਬੰਧੀ ਨਗਰ ਕੌਂਸਲ ਦੇ ਹਾਊਸ ਵਿੱਚ ਮਤਾ ਲਿਆਂਦਾ ਜਾਂਦਾ ਹੈ। ਜਿਸ ਨੂੰ ਸਰਕਾਰ ਦੀ ਪ੍ਰਵਾਨਗੀ ਦੀ ਵੀ ਲੋੜ ਹੁੰਦੀ ਹੈ। ਜਿਹੜੇ ਦਰਖ਼ਤ ਅਤੇ ਕਿੱਕਰਾਂ ਵੇਚੀਆਂ ਗਈਆਂ ਹਨ, ਉਸ ਬਾਰੇ ਜੰਗਲਾਤ ਵਿਭਾਗ ਨੂੰ ਵੀ ਭਰੋਸੇ ਲੈਣ ਦੀ ਲੋੜ ਨਹੀਂ ਸਮਝੀ ਗਈ। ਉਨ੍ਹਾਂ ਕਿਹਾ ਕਿ ਇਸ ਜ਼ਮੀਨ ’ਚੋਂ 10 ਤੋਂ 12 ਫੁੱਟ ਤੱਕ ਮਿੱਟੀ ਵੀ ਚੁੱਕੀ ਗਈ ਹੈ। ਇਸ ਸਬੰਧੀ ਮਾਈਨਿੰਗ ਵਿਭਾਗ ਤੋਂ ਕੋਈ ਪ੍ਰਵਾਨਗੀ ਨਹੀਂ ਲਈ ਗਈ। ਜਿਸ ਨਾਲ ਨਗਰ ਕੌਂਸਲ ਨੂੰ ਲੱਖਾ ਦਾ ਵਿੱਤੀ ਨੁਕਸਾਨ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਨਗਰ ਕੌਂਸਲ ਲਾਲੜੂ ਦੇ ਪ੍ਰਧਾਨ ਖ਼ਿਲਾਫ਼ ਧਾਰਾ 16-(ਈ) ਤਹਿਤ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਵਿੱਚ ਮੈਂਬਰਸ਼ਿਪ ਅਤੇ ਪ੍ਰਧਾਨਗੀ ਤੋਂ ਬਰਖ਼ਾਸਤ ਕਰਨ ਬਾਰੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਉਸ ਦੇ ਪਤੀ ਮੁਕੇਸ਼ ਰਾਣਾ ਅਤੇ ਅਧਿਕਾਰੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਅਕਾਲੀ ਦਲ ਦੇ ਮੀਤ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ, ਮੋਹਨ ਲਾਲ, ਵਿਵੇਕ ਰਾਣਾ, ਰਵੀ ਰਾਣਾ, ਕੁਲਬੀਰ ਸਿੰਘ, ਰਾਮ ਨਿਵਾਸ, ਕੁਲਦੀਪ ਕੌਰ, ਓਮ ਪਾਲ, ਹਰਪਾਲ ਸਿੰਘ ਹਾਜ਼ਰ ਸਨ।
ਊਧਰ, ਦੂਜੇ ਪਾਸੇ ਸੰਪਰਕ ਕਰਨ ’ਤੇ ਕਾਂਗਰਸ ਆਗੂ ਮੁਕੇਸ਼ ਰਾਣਾ ਨੇ ਉਕਤ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਝੂਠ ਦਾ ਪੁਲੰਦਾ ਦੱਸਦਿਆਂ ਕਿਹਾ ਕਿ ਸਾਰੀ ਕਾਰਵਾਈ ਨਿਯਮਾਂ ਤਹਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਵਿਧਾਇਕ ਐਨਕੇ ਸ਼ਰਮਾ ਗਰੀਬਾਂ ਨੂੰ ਸਿਰ ’ਤੇ ਛੱਤ ਦੇਣ ਦੇ ਮਾਮਲੇ ਵਿੱਚ ਅੜਿੱਕੇ ਖੜੇ ਕਰ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਕਤ ਜ਼ਮੀਨ ’ਚੋਂ ਇੱਕ ਵੀ ਦਰਖ਼ਤ ਨਹੀਂ ਕੱਟਿਆਂ ਗਿਆ ਹੈ, ਉੱਥੇ ਸਿਰਫ਼ ਝਾੜੀਆਂ ਖੜੀਆਂ ਹਨ। ਸਬੰਧਤ ਜ਼ਮੀਨ ਵਿੱਚ ਪੰਜਾਬ ਸਰਕਾਰ ਦੀ ਬਸੇਰਾ ਸਕੀਮ ਤਹਿਤ 267 ਗਰੀਬ ਲੋਕਾਂ ਨੂੰ ਪਲਾਟ ਦੇਣੇ ਹਨ। ਇਸ ਸਬੰਧੀ ਲਾਭਪਾਤਰੀਆਂ ਨੂੰ ਸਰਟੀਫਿਕੇਟ ਵੀ ਵੰਡੇ ਜਾ ਚੁੱਕੇ ਹਨ ਅਤੇ ਮੌਜੂਦਾ ਸਮੇਂ ਵਿੱਚ ਉਕਤ ਜ਼ਮੀਨ ਦੀ ਸਫ਼ਾਈ ਕਰਵਾਈ ਜਾ ਰਹੀ ਹੈ ਤਾਂ ਜੋ ਉੱਥੇ ਸੀਵਰੇਜ ਤੇ ਪਾਣੀ ਸਪਲਾਈ ਲਾਈਨ ਪਾਈ ਜਾ ਸਕੇ ਅਤੇ ਸੜਕਾਂ ਬਣਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਉਹ ਗਰੀਬ ਲੋਕਾਂ ਦੀ ਭਲਾਈ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਹਨ।