ਦਰੱਖ਼ਤਾਂ ਦੀ ਛੰਗਾਈ ਵਿਵਾਦ: ਸਾਬਕਾ ਅਕਾਲੀ ਕੌਂਸਲਰ ਤੇ ਸਿਹਤ ਮੰਤਰੀ ਸਿੱਧੂ ਆਹਮੋ ਸਾਹਮਣੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਨਵੰਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਪੁਰਾਣੇ ਅਤੇ ਉੱਚੇ ਲੰਮੇ ਦਰੱਖ਼ਤਾਂ ਦੀ ਛੰਗਾਈ ਦੇ ਵਿਵਾਦ ਨੂੰ ਲੈ ਕੇ ਸੱਤਾਧਾਰੀ ਅਤੇ ਵਿਰੋਧੀ ਧਿਰ ਵਿੱਚ ਸ਼ਬਦੀ ਜੰਗ ਛਿੜ ਗਈ ਹੈ। ਅਕਾਲੀ ਦਲ ਦੇ ਸਾਬਕਾ ਕੌਂਸਲਰਾਂ ਪਰਮਜੀਤ ਸਿੰਘ ਕਾਹਲੋਂ, ਪਰਵਿੰਦਰ ਸਿੰਘ ਕਾਹਲੋਂ, ਸੁਖਦੇਵ ਸਿੰਘ ਪਟਵਾਰੀ, ਕੁਲਦੀਪ ਕੌਰ ਕੰਗ, ਰਜਿੰਦਰ ਪ੍ਰਸ਼ਾਦ ਸ਼ਰਮਾ, ਪਰਵਿੰਦਰ ਸਿੰਘ ਤਸਿੰਬਲੀ ਅਤੇ ਗੁਰਮੀਤ ਕੌਰ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ (ਮੰਤਰੀ) ਨਗਰ ਨਿਗਮ ਦੇ ਕੰਮਾਂ ਦਾ ਸਿਹਰਾ ਆਪਣੇ ਸਿਰ ਲੈ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਵਿਕਾਸ ਦਾ ਢੌਂਗ ਰਚ ਕੇ ਜੁਗਾੜੂ ਟਰੀ ਪਰੂਨਿੰਗ ਮਸ਼ੀਨਾਂ ਰਾਹੀਂ ਦਰੱਖ਼ਤਾਂ ਦੀ ਛੰਗਾਈ ਦੇ ਸਹਾਰੇ ਨਗਰ ਨਿਗਮ ਚੋਣਾਂ ਜਿੱਤਣ ਦਾ ਸੁਪਨਾ ਦੇਖ ਰਹੇ ਹਨ।
ਅੱਜ ਇੱਥੇ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਅਕਾਲੀ ਆਗੂਆਂ ਨੇ ਕਿਹਾ ਕਿ ਸਿੱਧੂ ਕੋਲ ਮੰਤਰੀ ਵਜੋਂ ਆਪਣੀ ਕਾਰਗੁਜ਼ਾਰੀ ਦੱਸਣ ਲਈ ਕੁੱਝ ਵੀ ਨਹੀਂ ਹੈ ਅਤੇ ਨਗਰ ਨਿਗਮ ਦੇ ਪੁਰਾਣੇ ਰੋਕੇ ਹੋਏ ਕੰਮਾਂ ’ਤੇ ਕਾਂਗਰਸ ਦਾ ਲੇਵਲ ਲਗਾ ਕੇ ਉਸ ਨੂੰ ਆਪਣੀ ਪ੍ਰਾਪਤੀ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ੀ ਟਰੀ ਪਰੂਨਿੰਗ ਮਸ਼ੀਨ ਦੀ ਖ਼ਰੀਦ ਰੁਕਵਾ ਕੇ ਸਿੱਧੂ ਨੇ ਸ਼ਹਿਰ ਦਾ ਕਾਫੀ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਨਿਗਮ ਚੋਣਾਂ ਨੇੜੇ ਆਉਣ ਕਰਕੇ ਮੰਤਰੀ ਦੀਆਂ ਦੋ ਜੁਗਾੜੂ ਮਸ਼ੀਨਾਂ ਨਾਲ ਨਿਗਮ ਸਟਾਫ਼ ਵੱਲੋਂ ਕਾਂਗਰਸੀ ਉਮੀਦਵਾਰਾਂ ਦੇ ਇਲਾਕਿਆਂ ਵਿੱਚ ਭੇਜ ਕੇ ਦਰੱਖ਼ਤਾਂ ਦੀ ਛੰਗਾਈ ਕਰਵਾਈ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿੱਧੂ ਵੱਲੋਂ ਨਿਗਮ ਕਰਮਚਾਰੀਆਂ ਨੂੰ ਨਿੱਜੀ ਸਟਾਫ਼ ਵਾਂਗ ਵਰਤਿਆ ਜਾ ਰਿਹਾ ਹੈ। ਸਾਬਕਾ ਮੇਅਰ ਕੁਲਵੰਤ ਸਿੰਘ ਦੇ ਕਾਰਜਕਾਲ ਵੇਲੇ ਸ਼ਹਿਰ ਦੇ ਵਿਕਾਸ ਲਈ ਪਾਸ ਕੀਤੇ 200 ਕੰਮਾਂ ਦੇ ਟੈਂਡਰ ਤੱਕ ਰੋਕੇ ਹੋਏ ਹਨ। ਪਿਛਲੇ ਸਾਲ 1 ਫਰਵਰੀ ਨੂੰ 2019 ਨੂੰ ਸੁਸਾਇਟੀਆਂ ਦੇ ਵਿਕਾਸ ਲਈ ਐਸਈ ਦੀ ਡਿਊਟੀ ਲਗਾਈ ਗਈ ਸੀ ਪ੍ਰੰਤੂ ਇਹ ਕੰਮ ਹੁਣ ਸ਼ੁਰੂ ਕਰਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਬਕਾ ਕੌਂਸਲਰਾਂ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਡਾਇਰੈਕਟਰ ਤੋਂ ਮੰਗ ਕੀਤੀ ਕਿ ਉਹ ਨਿੱਜੀ ਦਖ਼ਲ ਦੇ ਕੇ ਨਗਰ ਨਿਗਮ ਦੇ ਸਟਾਫ਼ ਨੂੰ ਨਿਰਪੱਖਤਾ ਨਾਲ ਕੰਮ ਕਰਨ ਦੇ ਹੁਕਮ ਦੇਣ ਅਤੇ ਉਨ੍ਹਾਂ ਨੂੰ ਮੰਤਰੀ ਦੇ ਇਸ਼ਾਰੇ ’ਤੇ ਕੰਮ ਕਰਨ ਤੋਂ ਰੋਕਿਆ ਜਾਵੇ।
ਇਸ ਮੌਕੇ ਹਰਬਿੰਦਰ ਸਿੰਘ ਸੈਣੀ, ਅਰਵਿੰਦਰ ਸਿੰਘ ਕੰਗ ਅਤੇ ਹੋਰ ਹਾਜ਼ਰ ਸਨ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਇਕ ਪਾਸੇ ਸਾਬਕਾ ਕੌਂਸਲਰ ਉਨ੍ਹਾਂ ਵੱਲੋਂ ਖ਼ਰੀਦੀਆਂ ਦੋਵੇਂ ਟਰੀ ਪਰੂਨਿੰਗ ਮਸ਼ੀਨਾਂ ਨੂੰ ਜੁਗਾੜੂ ਦੱਸ ਰਹੇ ਹਨ ਅਤੇ ਨਾਲ ਇਹ ਕਹਿ ਰਹੇ ਕਿ ਦਰੱਖ਼ਤਾਂ ਦੀ ਛੰਗਾਈ ਲਈ ਉਨ੍ਹਾਂ ਨੂੰ ਮਸ਼ੀਨਾਂ ਨਹੀਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਦੀ ਦਾ ਮੌਸਮ ਸ਼ੁਰੂ ਹੋਣ ’ਤੇ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਦਰੱਖ਼ਤਾਂ ਦੀ ਛੰਗਾਈ ਲਈ ਸ਼ਡਿਊਲ ਤਿਆਰ ਕੀਤਾ ਗਿਆ ਹੈ ਅਤੇ ਵਾਰਡਵਾਈਜ਼ ਪਾਰਦਰਸ਼ੀ ਢੰਗ ਨਾਲ ਦਰੱਖ਼ਤਾਂ ਦੀ ਛੰਗਾਈ ਕੀਤੀ ਜਾਵੇਗੀ ਤਾਂ ਜੋ ਸ਼ਹਿਰ ਵਾਸੀ ਧੁੱਪ ਦਾ ਨਿੱਘ ਮਾਣ ਸਕਣ। ਉਨ੍ਹਾਂ ਦੱਸਿਆ ਕਿ ਛੇਤੀ ਹੀ 60 ਫੁੱਟ ਤੱਕ ਉੱਚੇ ਤਰੱਖ਼ਤਾਂ ਦੀ ਛੰਗਾਈ ਕਰਨ ਲਈ ਇਕ ਹੋਰ ਨਵੀਂ ਟਰੀ ਪਰੂਨਿੰਗ ਮਸ਼ੀਨ ਖਰੀਦੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਿਕਾਸ ਪੱਖੋਂ ਸ਼ਹਿਰ ਦੀ ਕਾਇਆਕਲਪ ਕਰਨ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਵਿਦੇਸ਼ੀ ਟਰੀ ਪਰੂਨਿੰਗ ਮਸ਼ੀਨ ’ਤੇ ਰੋਕ ਲਗਾਉਣ ਬਾਰੇ ਪੁੱਛੇ ਜਾਣ ’ਤੇ ਮੰਤਰੀ ਨੇ ਕਿਹਾ ਕਿ ਅਜਿਹਾ ਕਰਕੇ ਸਰਕਾਰੀ ਖਜ਼ਾਨੇ ਦਾ ਪੈਸਾ ਬਰਬਾਦ ਹੋਣ ਤੋਂ ਬਚਾਇਆ ਗਿਆ ਹੈ।

Load More Related Articles

Check Also

ਭਾਰਤ-ਪਾਕਿ ਤਣਾਅ: ਪੰਜਾਬ ਦੇ ਹਸਪਤਾਲ ਮੌਜੂਦਾ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਤਿਆਰ

ਭਾਰਤ-ਪਾਕਿ ਤਣਾਅ: ਪੰਜਾਬ ਦੇ ਹਸਪਤਾਲ ਮੌਜੂਦਾ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਤਿਆਰ ਨਬਜ਼-ਏ-ਪੰਜਾਬ, ਮੁਹਾਲ…