
ਨਿਊਰੋਲੋਜਿਸਟ ਡਾ. ਬਲਦੇਵ ਸਿੰਘ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ
ਨਬਜ਼-ਏ-ਪੰਜਾਬ, ਮੁਹਾਲੀ, 5 ਅਪਰੈਲ:
ਡਾ. ਬੀਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੁਹਾਲੀ ਨੇ ਅੱਜ ਡਾ. ਬਲਦੇਵ ਸਿੰਘ ਦੇ ਸਨਮਾਨ ਵਿੱਚ ਇੱਕ ਭਾਵਨਾਤਮਿਕ ਅਤੇ ਪ੍ਰੇਰਨਾਦਾਇਕ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਜਿਨ੍ਹਾਂ ਨੂੰ ਭਾਰਤੀ ਨਿਊਰੋ-ਸਾਇੰਸ ਦੇ ‘‘ਨਿਊਰੋਨ ਦੇ ਪਿਤਾਮਾ’’ ਵਜੋਂ ਯਾਦ ਕੀਤਾ ਜਾਂਦਾ ਹੈ। ਇਹ ਸਮਾਗਮ ਉਨ੍ਹਾਂ ਦੇ ਜਨਮ ਦਿਨ ਦੀ ਪੂਰਵ ਸੰਧਿਆ ’ਤੇ ਉਨ੍ਹਾਂ ਦੇ ਅਸਾਧਾਰਨ ਜੀਵਨ, ਵਿਰਾਸਤ ਅਤੇ ਇਲਾਜ ਦੇ ਖੇਤਰ ਵਿੱਚ ਉਨ੍ਹਾਂ ਦੇ ਸਥਾਈ ਪ੍ਰਭਾਵ ਨੂੰ ਯਾਦ ਕਰਨ ਲਈ ਕਰਵਾਇਆ ਗਿਆ। ਭਾਰਤ ਦੇ ਸਭ ਤੋਂ ਪ੍ਰਸਿੱਧ ਨਿਊਰੋਲੋਜਿਸਟਾਂ, ਅਧਿਆਪਕਾਂ ਅਤੇ ਖੋਜਕਰਤਾਵਾਂ ’ਚੋਂ ਇੱਕ ਡਾ. ਬਲਦੇਵ ਸਿੰਘ ਭਾਰਤ ਵਿੱਚ ਕਲੀਨਿਕਲ ਨਿਊਰੋਫਿਜ਼ੀਓਲੋਜੀ ਦੇ ਮੋਢੀ ਸਨ।
ਪ੍ਰੋਗਰਾਮ ਦਾ ਆਗਾਜ਼ ਵਿਦਿਆਰਥੀਆਂ ਵੱਲੋਂ ਨਿਰਦੇਸ਼ਤ ਇੱਕ ਲਾਈਵ ਰੋਲ-ਪਲੇ ਨਾਲ ਹੋਇਆ, ਜਿਸ ਵਿੱਚ ਡਾ. ਸਿੰਘ ਦੀ ਅੰਮ੍ਰਿਤਸਰ ਵਿੱਚ ਆਪਣੇ ਮੁੱਢਲੇ ਜੀਵਨ ਤੋਂ ਲੈ ਕੇ ਨਿਊਰੋ-ਸਾਇੰਸ ਵਿੱਚ ਪ੍ਰਾਪਤੀਆਂ ਤੱਕ ਦੀ ਪ੍ਰੇਰਨਾਦਾਇਕ ਯਾਤਰਾ ਅਤੇ ਮਹੱਤਵਪੂਰਨ ਘਟਨਾਵਾਂ ਨੂੰ ਦਰਸਾਇਆ ਗਿਆ। ਸੈਂਟਰਲ ਫਾਰ ਬਾਇਓ-ਮੈਡੀਕਲ ਇੰਜੀਨੀਅਰਿੰਗ, ਆਈਆਈਟੀ ਦਿੱਲੀ ਦੇ ਪ੍ਰੋਫੈਸਰ ਡਾ. ਕੇ.ਕੇ. ਦੀਪਕ ਅਤੇ ਪੀਜੀਆਈ ਦੇ ਸਾਬਕਾ ਡਾਇਰੈਕਟਰ ਡਾ. ਕੇ.ਕੇ. ਤਲਵਾੜ ਨੇ ਆਪਣੇ ਵਿਚਾਰ ਸਾਂਝੇ ਕੀਤੇ। ਦੋਵਾਂ ਨੇ ਕਰੀਬ ਇੱਕ ਦਹਾਕੇ ਤੱਕ ਡਾ. ਸਿੰਘ ਨਾਲ ਨੇੜਿਓਂ ਕੰਮ ਕੀਤਾ ਹੈ।
ਡਾ. ਸੁਚੇਤ ਨੇ ਵਿਦਿਆਰਥੀਆਂ ਦਾ ਉਨ੍ਹਾਂ ਦੀ ਸਰਗਰਮ ਅਤੇ ਉਤਸ਼ਾਹੀ ਭਾਗੀਦਾਰੀ ਲਈ ਧੰਨਵਾਦ ਕੀਤਾ ਅਤੇ ਡਾ. ਸਿੰਘ ਨੂੰ ਪਿਆਰ ਨਾਲ ‘ਪੰਜਾਬ ਦਾ ਮਾਣ’ ਕਿਹਾ। ਜੀਐਮਸੀਐਚ-32 ਫਿਜ਼ੀਓਲੋਜੀ ਵਿਭਾਗ ਦੇ ਮੁਖੀ ਡਾ. ਅਨੀਤਾ ਮਲਹੋਤਰਾ ਅਤੇ ਸਹਾਇਕ ਪ੍ਰੋਫੈਸਰ ਡਾ. ਕਿਰਨ ਨੇ ਵੀ ਵਿਚਾਰ ਸਾਂਝੇ ਕੀਤੇ। ਸਮਾਰੋਹ ਵਿੱਚ ਪੰਜਾਬੀ ਲੋਕ ਨਾਚ, ਪੋਸਟਰ ਪ੍ਰਦਰਸ਼ਨੀ ਸਮੇਤ ਏਮਜ਼ ਮੁਹਾਲੀ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਦੀ ਅਗਵਾਈ ਹੇਠ ਸਨਮਾਨ ਸਮਾਰੋਹ ਕਰਵਾਇਆ ਗਿਆ।