
ਲੱਦਾਖ ਸੀਮਾ ’ਤੇ ਸ਼ਹੀਦ ਹੋਏ 20 ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੂਨ:
ਇੱਥੋਂ ਦੇ ਸੈਕਟਰ-76 ਤੋਂ 80 ਪਲਾਟ ਅਲਾਟਮੈਂਟ ਅਤੇ ਡਿਵੈਲਪਮੈਂਟ ਵੈਲਫੇਅਰ ਕਮੇਟੀ ਦੀ ਮੀਟਿੰਗ ਹੋਈ। ਜਿਸ ਵਿੱਚ ਪਿਛਲੇ ਦਿਨੀਂ ਲੱਦਾਖ ਵਿੱਚ ਹੋਏ ਭਾਰਤ-ਚੀਨ ਸਰਹੱਦ ’ਤੇ ਸ਼ਹੀਦ ਹੋਏ 20 ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸੈਕਟਰ ਵਾਸੀਆਂ ਨੇ ਦੋ ਮਿੰਟ ਦਾ ਮੋਨ ਰੱਖਿਆ ਅਤੇ ਮੋਮਬੱਤੀਆਂ ਜਲਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਮੀਟਿੰਗ ਵਿੱਚ ਹਾਜ਼ਰ ਸਾਰੇ ਮੈਂਬਰਾਂ ਚੀਨੀ ਵਸਤਾਂ ਦਾ ਪੂਰੀ ਤਰ੍ਹਾਂ ਬਾਈਕਾਟ ਕਰਨ ਦਾ ਪ੍ਰਣ ਲਿਆ।
ਇਸ ਮੌਕੇ ਵੈਲਫੇਅਰ ਕਮੇਟੀ ਦੇ ਪ੍ਰਧਾਨ ਸੁੱਚਾ ਸਿੰਘ ਕਲੌੜ, ਵਿੱਤ ਸਕੱਤਰ ਜੀਐਸ ਪਠਾਣੀਆਂ, ਮੀਤ ਪ੍ਰਧਾਨ ਸੰਤ ਸਿੰਘ, ਸਲਾਹਕਾਰ ਸੁਦਰਸ਼ਨ ਸਿੰਘ ਅਤੇ ਰੈਜ਼ੀਡੈਂਟ ਵੈਲਫੇਅਰ ਕਮੇਟੀ ਸੈਕਟਰ-79 ਦੇ ਪ੍ਰਧਾਨ ਹਰਦਿਆਲ ਚੰਦ ਨੇ ਸਰਕਾਰ ਤੋਂ ਮੰਗ ਕੀਤੀ ਕਿ ਸੈਕਟਰ-76 ਤੋਂ 80 ਵਿੱਚ ਮੁੜ ਵਿਕਾਸ ਸ਼ੁਰੂ ਕਰਕੇ ਅਲਾਟੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਅਤੇ ਬਾਕੀ ਰਹਿੰਦੇ 300 ਅਲਾਟੀਆਂ ਨੂੰ ਪਲਾਟਾਂ ਦੇ ਕਬਜ਼ੇ ਦਿੱਤੇ ਜਾਣ। ਉਨ੍ਹਾਂ ਪਾਣੀ ਦੇ ਬਿੱਲਾਂ ਵਿੱਚ ਕੀਤਾ ਸਾਢੇ 5 ਗੁਣਾ ਵਾਧਾ ਵਾਪਸ ਲੈਣ ਦੀ ਮੰਗ ਕਰਦਿਆਂ ਖਾਲੀ ਪਲਾਟਾਂ ਦੀ ਸਫ਼ਾਈ, ਪਾਰਕਾਂ ਅਤੇ ਸੜਕਾਂ ਦੀਆਂ ਬਰਮਾ ’ਤੇ ਇੰਟਰਲਾਕ ਟਾਈਲਾਂ ਲਗਾਉਣ, ਸੈਕਟਰ-78 ਵਿੱਚ ਕਮਿਊਨਿਟੀ ਸੈਂਟਰ ਅਤੇ ਫਾਇਰ ਬ੍ਰਿਗੇਡ ਦੀ ਉਸਾਰੀ, ਸੈਕਟਰ-77 ਤੋਂ 80 ਲਈ ਵਾਟਰ ਵਰਕਸ ਦੀ ਉਸਾਰੀ ਕਰਨ ਅਤੇ ਟਰੈਫ਼ਿਕ ਲਾਈਟਾਂ ਲਗਾਉਣ ਦੀ ਮੰਗ ਕੀਤੀ। ਇਸ ਮੌਕੇ ਪ੍ਰੈੱਸ ਸਕੱਤਰ ਸਰਦੂਲ ਸਿੰਘ ਪੂੰਨੀਆਂ, ਕਾਰਜਕਾਰੀ ਸਕੱਤਰ ਗੁਰਮੇਲ ਸਿੰਘ ਢੀਂਡਸਾ, ਸੰਯੁਕਤ ਜਨਰਲ ਸਕੱਤਰ ਹਰਮੇਸ਼ ਲਾਲ, ਅਧਿਆਤਮ ਪ੍ਰਕਾਸ਼, ਸੁਰੇਸ਼ ਕੁਮਾਰ, ਅਮਰਜੀਤ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸਿੰਘ ਕੰਗ, ਸੰਤੋਖ ਸਿੰਘ, ਮਾ. ਮਹਿੰਦਰ ਸਿੰਘ, ਸੁਖਦੇਵ ਸਿੰਘ ਅਤੇ ਬਲਜੀਤ ਸਿੰਘ ਹਾਜ਼ਰ ਸਨ।