ਡਾ. ਭੀਮ ਰਾਓ ਅੰਬੇਦਕਰ ਨੂੰ ਸ਼ਰਧਾਂਜਲੀ ਭੇਂਟ, ਮੈਗਾ ਡਰਾਅ ਦੇ ਜੇਤੂਆਂ ਨੂੰ ਆਜ਼ਾਦੀ ਦਿਵਸ ’ਤੇ ਸਨਮਾਨਿਤ ਕਰਨ ਦਾ ਐਲਾਨ

ਡਿਜ਼ੀਟਲ ਅਦਾਇਗੀ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਪੱਧਰ ’ਤੇ ਜਾਗਰੂਕਤਾ ਕੈਂਪ ਲਗਾਏ ਜਾਣ: ਸਿੱਧੂ

ਡਿਜ਼ੀਟਲ ਅਦਾਇਗੀਆਂ ਨੂੰ ਉਤਸ਼ਾਹਿਤ ਕਰਨ ਲਈ ਲੱਕੀ ਗਾਹਕ ਤੇ ਡਿਜ਼ੀਧੰਨ ਵਪਾਰ ਯੋਜਨਾ ਤਹਿਤ ਲੱਕੀ ਡਰਾਅ ਸਕੀਮ ਸ਼ੁਰੂ: ਡੀਸੀ ਸਪਰਾ

ਆਮ ਲੋਕਾਂ ਨੂੰ ਡਿਜ਼ੀਟਲ ਅਦਾਇਗੀ ਸਬੰਧੀ ਕੈਸ਼ਲੈਸ ਪੇਮੈਂਟ ਅਤੇ ਭੀਮ ਐਪਸ ਬਾਰੇ ਦਿੱਤੀ ਜਾਣਕਾਰੀ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਪਰੈਲ:
ਡਿਜ਼ੀਟਲ ਅਦਾਇਗੀਆਂ ਸਬੰਧੀ ਲੋਕਾਂ ਨੂੰ ਹੇਠਲੇ ਪੱਧਰ ਤੱਕ ਜਾਗਰੂਕ ਕਰਨ ਲਈ ਪਿੰਡ ਪੱਧਰ ਤੇ ਕੈਂਪ ਲਗਾਏ ਜਾਣ ਤਾਂ ਜੋ ਲੋਕ ਕੈਸ਼ਲੈਸ ਪੇਮੈਂਟ ਸਬੰਧੀ ਵਰਤੀਆਂ ਜਾ ਰਹੀਆਂ ਐਪਸ ਬਾਰੇ ਜਾਣਕਾਰੀ ਹਾਸਲ ਕਰਕੇ ਡਿਜ਼ੀਟਲ ਅਦਾਇਗੀਆਂ ਕਰ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਸ਼ਿਵਾਲਿਕ ਪਬਲਿਕ ਸਕੂਲ ਦੇ ਆਡੀਟੋਰੀਅਮ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਾ. ਭੀਮ ਰਾਓ ਅੰਬੇਦਕਰ ਦੀ ਜੈਯੰਤੀ ਮੌਕੇ ਜ਼ਿਲ੍ਹੇ ਦੇ ਲੋਕਾਂ ਨੂੰ ਡਿਜ਼ੀਟਲ ਅਦਾਇਗੀਆਂ ਸਬੰਧੀ ਜਾਗਰੂਕ ਕਰਨ ਲਈ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਵੱਖ ਵੱਖ ਬੈਂਕਾਂ ਵੱਲੋਂ ਕੈਸ਼ਲੈਸ ਪੇਮੈਂਟ ਅਤੇ ਡਿਜ਼ੀਟਲ ਪੇਮੈਂਟ ਲਈ ਵਰਤੀਆਂ ਜਾਣ ਵਾਲੀਆਂ ਐਪਸ ਪ੍ਰਤੀ ਜਾਗਰੂਕ ਕਰਨ ਲਈ ਲਗਾਈ ਗਈ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਉਪਰੰਤ ਮੁਆਇਨਾ ਵੀ ਕੀਤਾ।
ਸ੍ਰੀ ਸਿੱਧੂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅਜੋਕਾ ਯੁੱਗ ਕੰਪਿਊਟਰ ਦਾ ਯੁੱਗ ਹੈ ਇਸ ਲਈ ਸਾਨੂੰ ਆਪਣੇ ਆਪ ਨੂੰ ਨਵੇਂ ਯੁੱਗ ਵਿਚ ਢਾਲਣਾਂ ਪਵੇਗਾ ਅਤੇ ਇਸ ਮੁਕਾਬਲੇ ਦੇ ਯੁੱਗ ਵਿਚ ਅਸੀਂ ਤਾਂ ਹੀ ਤਰੱਕੀ ਕਰ ਸਕਾਂਗੇ ਜੇ ਕਰ ਅਸੀਂ ਨਵੀਆਂ ਨਵੀਂਆਂ ਤਕਨੀਕਾਂ ਅਪਣਾ ਕੇ ਸਮੇਂ ਦੇ ਹਾਣੀ ਬਣਾਂਗੇ। ਉਨ੍ਹਾਂ ਕਿਹਾ ਕਿ ਡਿਜ਼ੀਟਲ ਅਦਾਇਗੀਆਂ ਅਸੀਂ ਘਰ ਬੈਠੇ ਹੀ ਕਰ ਸਕਦੇ ਹਾਂ ਜਿਸ ਲਈ ਸਾਨੂੰ ਬੈਂਕ ਆਦਿ ਵਿਚ ਜਾਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਡਿਜ਼ੀਟਲ ਅਦਾਇਗੀ ਰਾਹੀਂ ਜਿਥੇ ਪਾਰਦਰਸ਼ਤਾ ਆਉਂਦੀ ਹੈ ਉਥੇ ਸਮਾਂ ਵੀ ਬਚਦਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਜ਼ੀਟਲ ਅਦਾਇਗੀਆਂ ਲਈ ਜ਼ਿਲ੍ਹਾ ਪੱਧਰ ਬਲਾਕ ਪੱਧਰ ਅਤੇ ਪੰਚਾਇਤ ਪੱਧਰ ਤੇ ਕਰਵਾਏ ਗਏ ਸਮਾਗਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਸਮੇਂ ਦੀ ਲੋੜ ਹਨ ਜਿਸ ਨਾਲ ਲੋਕ ਨਵੀਂਆਂ ਤਕਨੀਕਾਂ ਨਾਲ ਜੁੜਦੇ ਹਨ। ਇਸ ਤੋਂ ਪਹਿਲਾਂ ਸ੍ਰੀ ਸਿੱਧੂ ਨੇ ਡਾ. ਭੀਮ ਰਾਓ ਅੰਬੇਦਕਰ ਦੀ ਤਸਵੀਰ ’ਤੇ ਫੁੱਲ ਵੀ ਅਰਪਣ ਕੀਤੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਕਿਹਾ ਕਿ ਜਿਥੇ ਦੇਸ਼ ਵਿਚ ਨੀਤੀ ਆਯੋਗ ਵੱਲੋਂ ਖਪਤਕਾਰਾਂ ਲਈ ਮੈਗਾ ਡਰਾਅ ਆਫ ਲੱਕੀ ਗ੍ਰਹਾਕ ਯੋਜਨਾ ਅਤੇ ਵਪਾਰੀਆਂ ਲਈ ਡਿਜ਼ੀਧੰਨ ਵਪਾਰ ਯੋਜਨਾ ਸ਼ੁਰੂ ਕੀਤੀ ਗਈ ਹੈ ਇਸ ਨੂੰ ਐਸ.ਏ.ਐਸ ਨਗਰ ਜਿਲ੍ਹੇ ਵਿਚ ਸ਼ੁਰੂ ਕੀਤਾ ਜਾਵੇਗਾ। ਪਹਿਲਾਂ ਛੋਟੇ ਛੋਟੇ ਗ੍ਰਹਾਕਾਂ ਅਤੇ ਛੋਟੇ ਵਪਾਰੀਆਂ ਲਈ ਇਹ ਡਰਾਅ ਸ਼ੁਰੂ ਕੀਤਾ ਜਾਵੇਗਾ ਅਤੇ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ। ਇਸ ਤੋਂ ਇਲਾਵਾ ਜਿਲ੍ਹੇ ਚ ਸ਼ੁਰੂ ਕੀਤੇ ਜਾਣ ਵਾਲੇ ਮੈਗਾ ਡਰਾਅ ਦੇ ਜੇਤੂਆਂ ਨੂੰ ਆਜ਼ਾਦੀ ਦਿਵਸ ਸਮਾਰੋਹ ਮੌਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡਿਜ਼ੀਟਲ ਅਦਾਇਗੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਨਿੰਰਤਰ ਜਾਰੀ ਰੱਖਿਆ ਜਾਵੇਗਾ। ਸ੍ਰੀ ਸਪਰਾ ਨੇ ਇਸ ਮੌਕੇ ਡਿਜ਼ੀਟਾਈਜ਼ੇਸ਼ਨ ਤੇ ਕੈਸ਼ਲੈਸ ਬੈਂਕਿੰਗ ਤੇ ਕਰਵਾਏ ਗਏ ਸਕੂਲੀ ਵਿਦਿਆਰਥੀਆਂ ਦੇ ਕੁਈਜ਼ ਮੁਕਾਬਲਿਆਂ ਦੇ ਜੇਤੂ ਰਹੇ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ। ਇਸ ਤੋਂ ਪਹਿਲਾਂ ਉਨ੍ਹਾਂ ਵੱਖ ਵੱਖ ਬੈਂਕਾਂ ਵੱਲੋਂ ਲਗਾਏ ਗਏ ਸਟਾਲਾਂ ਦਾ ਮੁਆਇਨਾ ਵੀ ਕੀਤਾ।
ਇਸ ਤੋੋਂ ਪਹਿਲਾਂ ਐਲ.ਡੀ.ਐਮ ਪੰਜਾਬ ਨੈਸ਼ਨਲ ਬੈਂਕ ਸ੍ਰੀ ਆਰ.ਕੇ ਸੈਣੀ ਨੇ ਸਮਾਗਮ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ। ਸਮਾਗਮ ਮੌਕੇ ਸੇਵਾ ਮੁਕਤ ਪ੍ਰੋਫੈਸ਼ਰ ਬਲਦੇਵ ਸਿੰਘ ਨੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੇ ਜੀਵਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਪੰਜਾਬ ਨੈਸ਼ਨਲ ਬੈਂਕ ਦੀ ਸਿਮਰਨ ਅਤੇ ਸਟੇਟ ਬੈਂਕ ਆਫ ਇੰਡੀਆ ਦੀ ਸੁਗੰਧਾ ਨੇ ਡਿਜ਼ੀਟਲ ਪ੍ਰੈਜੈਂਟੇਸ਼ਨ ਪੇਸ਼ ਕੀਤੀ। ਜਿਸ ਵਿਚ ਡਿਜ਼ੀਟਲ ਅਦਾਇਗੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਇਸ ਮੌਕੇ ਭੀਮ ਐਪ, ਮੁਬਾਇਲ ਬੈਕਿੰਗ ਇੰਟਰਨੈਟਿੰਗ ਬੈਕਿੰਗ, ਈ ਵਾਇਲਟ , ਡੈਬਿਟ ਕਾਰਡ, ਕਰੈਡਿਟ ਕਾਰਡ ਦੀ ਵਰਤੋਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਮਾਗਮ ਵਿਚ ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ, ਸਹਾਇਕ ਕਮਿਸ਼ਨਰ (ਜ) ਜਸਬੀਰ ਸਿੰਘ, ਡੀ.ਡੀ.ਐਮ ਨਬਾਰਡ ਸੰਜੀਵ ਸ਼ਰਮਾ, ਸਕੱਤਰ ਜ਼ਿਲ੍ਹਾ ਪ੍ਰੀਸ਼ਦ ਰਵਿੰਦਰ ਸਿੰਘ ਸੰਧੂ, ਹਰਕੇਸ਼ ਚੰਦ ਸ਼ਰਮਾ ਸਿਆਸੀ ਸਕੱਤਰ/ਹਲਕਾ ਵਿਧਾਇਕ, ਚੌਧਰੀ ਹਰੀਪਾਲ ਸਿੰਘ ਚੌਲਟਾ ਕਲਾਂ, ਗੁਰਚਰਨ ਸਿੰਘ ਭੰਵਰਾ, ਸੱਤਪਾਲ ਸਿੰਘ ਕਸਿਆੜਾ, ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰ ਸਿੰਘ, ਜ਼ਿਲ੍ਹਾ ਪ੍ਰੋਜੈਕਟ ਅਫਸਰ ਹਰਿੰਦਰਪਾਲ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਜਤਿੰਦਰ ਸਿੰਘ ਢਿੱਲੋਂ, ਜ਼ਿਲ੍ਹਾ ਭਲਾਈ ਅਫਸਰ ਜਸਬੀਰ ਸਿੰਘ ਢਿੱਲੋਂ, ਤਹਿਸੀਲ ਭਲਾਈ ਅਫਸਰ ਪਰਮਜੀਤ ਸਿੰਘ ਸਮੇਤ ਹੋਰ ਅਧਿਕਾਰੀ ਅਤੇ ਪਤਵੰਤੇ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ‘ਚ ਵਿਰਾਸਤੀ ਖੇਡਾਂ ਅਸਰਦਾਰ ਸਿੱਧ ਹੋਈਆਂ- ਹਰਜੀਤ ਸਿੰਘ ਗਰੇਵਾਲ

ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ‘ਚ ਵਿਰਾਸਤੀ ਖੇਡਾਂ ਅਸਰਦਾਰ ਸਿੱਧ ਹੋਈਆਂ- ਹਰਜੀਤ ਸਿੰਘ ਗਰੇਵਾਲ ਪਹਿਲ…