nabaz-e-punjab.com

ਤ੍ਰਿਪਤ ਬਾਜਵਾ ਵਲੋਂ ਰੀਅਲ ਐਸਟੇਟ ਕੰਪਨੀਆਂ ਨੂੰ ਪੰਜਾਬ ਵਿਚ ਸਰਮਾਇਆਕਾਰੀ ਲਈ ਸੱਦਾ

‘ਸੂਬੇ ਵਿਚ ਵਿਉਂਤਬੱਧ ਤੇ ਇੱਕਸਾਰ ਵਿਕਾਸ ਨੂੰ ਉਤਸ਼ਾਹਤ ਕੀਤਾ ਜਾਵੇਗਾ’

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, ੨੧ ਸਤੰਬਰ:
ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ਼੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮਕਾਨ ਉਸਾਰੀ ਅਤੇ ਰੀਅਲ ਐਸਟੇਟ ਕਾਰੋਬਾਰ ਨਾਲ ਜੁੜੀਆਂ ਕੰਪਨੀਆਂ ਨੂੰ ਆਪਣਾ ਸਰਮਾਇਆ ਪੰਜਾਬ ਵਿਚ ਲਾਉਣ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਕਾਰੋਬਾਰ ਕਰਨ ਪੱਖੋਂ ਮੁਲਕ ਦਾ ਸਭ ਤੋਂ ਬਿਹਤਰੀਨ ਸੂਬਾ ਬਣ ਕੇ ਉਭਰਿਆ ਹੈ। ਉਹ ਅੱਜ ਇਥੇ ਕਨਫੈਡਰੇਸ਼ਨ ਆਫ਼ ਰੀਅਲ ਐਸਟੇਟ ਡਿਵੈਲਪਰਜ਼ ਆਫ਼ ਇੰਡੀਆ (ਕਰਡਈ) ਵਲੋਂ ਕਰਵਾਈ ਗਈ ਇਨਵੈਸਟ ਮੀਟ ਵਿਚ ਆਏ ਕਾਰੋਬਾਰੀਆਂ ਨੂੰ ਸੰਬੋਧਨ ਕਰ ਰਹੇ ਸਨ।
ਸ਼੍ਰੀ ਬਾਜਵਾ ਨੇ ਕਿਹਾ ਕਿ ਕਾਰੋਬਾਰੀ ਕੰਪਨੀਆਂ ਨੂੰ ਸੂਬੇ ਦੀਆਂ ਨੀਤੀਆਂ, ਕਾਨੂੰਨਾਂ ਅਤੇ ਨਿਯਮਾਂ ਦੀ ਤੁਰਤ-ਫੁਰਤ ਜਾਣਕਾਰੀ ਦੇਣ ਲਈ ਇਨਵੈਸਟਮੈਂਟ ਪ੍ਰੋਮੋਸ਼ਨ ਬਿਊਰੋ ਦੀ ਸਥਾਪਨਾ ਕਰ ਕੇ ਸਾਰੇ ਸਬੰਧਤ ਮਹਿਕਮਿਆਂ ਨੂੰ ਇਸ ਨਾਲ ਜੋੜ ਦਿੱਤਾ ਗਿਆ ਤਾਂ ਕਿ ਹਰ ਕਾਰੋਬਾਰੀ ਨੂੰ ਇੱਕੋ ਛੱਤ ਹੇਠ ਸਾਰੀ ਜਾਣਕਾਰੀ ਮਿਲ ਸਕੇ। ਉਹਨਾਂ ਕਿਹਾ ਕਿ ਇਹੋ ਬਿਊਰੋ ਹੀ ਕਾਰੋਬਾਰੀਆਂ ਨੂੰ ਸਾਰੇ ਮਹਿਕਮਿਆਂ ਤੋਂ ਮਿੱਥੀ ਗਈ ਸਮਾਂ ਮਿਆਦ ਦੇ ਅੰਦਰ ਅੰਦਰ ਸਾਰੀਆਂ ਪ੍ਰਵਾਨਗੀਆਂ ਲੈ ਕੇ ਦੇਣ ਲਈ ਜ਼ਿਮੇਂਵਾਰ ਹੈ। ਸ਼੍ਰੀ ਬਾਜਵਾ ਨੇ ਕਿਹਾ ਕਿ ਸਰਕਾਰ ਕਾਰੋਬਾਰੀਆਂ ਲਈ ਸਿੰਗਲ ਵਿੰਡੋ ਸਿਸਟਮ ਲਾਗੂ ਕਰਨ ਬਾਰੇ ਵਿਚਾਰ ਵਟਾਂਦਰਾ ਕਰ ਰਹੀ ਹੈ ਤਾਂ ਕਿ ਉਹਨਾਂ ਨੂੰ ਆਪਣੇ ਕੰਮਾਂ ਲਈ ਥਾਂ ਥਾਂ ਨਾ ਜਾਣਾ ਪਵੇ।
ਮਕਾਨ ਉਸਾਰੀ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵਿਉਂਤਬੱਧ ਅਤੇ ਇਕਸਾਰ ਵਿਕਾਸ ਲਈ ਵਚਨਬੱਧ ਹੈ ਇਸ ਲਈ ਮਾਨਤਾ ਪ੍ਰਾਪਤ ਕੰਪਨੀਆਂ ਵਲੋਂ ਕੀਤੇ ਜਾ ਰਹੇ ਵਿਕਾਸ ਨੂੰ ਉਤਸ਼ਾਹਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਹਨਾਂ ਕੰਪਨੀਆਂ ਨੂੰ ਵੱਡੇ ਸ਼ਹਿਰਾਂ ਦੇ ਨਾਲ ਨਾਲ ਛੋਟੇ ਸ਼ਹਿਰਾਂ ਤੇ ਕਸਬਿਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਗੈਰ-ਪ੍ਰਵਾਨਿਤ ਕਾਲੋਨੀਆਂ ਵੱਲ ਨਾ ਜਾਣਾ ਪਵੇ।
ਸ਼੍ਰੀ ਬਾਜਵਾ ਨੇ ਕਿਹਾ ਕਿ ਗੈਰ-ਪ੍ਰਵਾਨਿਤ ਅਤੇ ਉੱਘੜੀਆਂ-ਦੁੱਘੜੀਆਂ ਕਾਲੋਨੀਆਂ ਨੂੰ ਇੱਕ ਵਾਰੀ ਰੈਗੂਲਰ ਕਰਨ ਤੋਂ ਬਾਅਦ ਦੁਬਾਰਾ ਦੁਬਾਰਾ ਬਣਨ ਤੋਂ ਸਖਤੀ ਨਾਲ ਰੋਕਿਆ ਜਾਵੇਗਾ। ਉਹਨਾਂ ਕਿਹਾ ਕਿ ਆਪਣੀਆਂ ਜ਼ਮੀਨਾਂ ਵਿਚ ਮਕਾਨ ਉਸਰਾਨ ਸਬੰਧੀ ਵੀ ਕੋਈ ਨੀਤੀ ਬਣਾਉਣੀ ਪਵੇਗੀ ਕਿਉਂਕਿ ਸਮਾਂ ਪਾ ਕੇ ਇਹ ਮਕਾਨ ਵੀ ਗੈਰ-ਪ੍ਰਵਾਨਿਤ ਕਾਲੋਨੀਆਂ ਦਾ ਰੂਪ ਧਾਰਨ ਕਰ ਲੈਂਦੇ ਹਨ।
ਮਕਾਨ ਉਸਾਰੀ ਮੰਤਰੀ ਨੇ ਕਿਹਾ ਕਿ ਕਾਰੋਬਾਰੀਆਂ ਨੂੰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਅਤੇ ਨਗਰ ਅਤੇ ਗ੍ਰਾਮ ਯੋਜਨਾਬੰਧੀ ਮਹਿਕਮਿਆਂ ਵਿਚ ਕੰਮ ਕਰਾਉਣ ਵਿਚ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਹਨਾਂ ਮਹਿਕਮਿਆਂ ਵਿਚ ਹਰ ਕੰਮ ਮਿੱਥੀ ਗਈ ਸਮਾਂ ਸੀਮਾ ਵਿਚ ਹੋਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਪੰਜਾਬ ਸਰਕਾਰ ਵਲੋਂ ਪੂੰਜੀਕਾਰੀ ਨੂੰ Àਤਸ਼ਾਹਤ ਕਰਨ ਵੱਲ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੰਦਿਆਂ, ਸ਼੍ਰੀ ਬਾਜਵਾ ਨੇ ਕਿਹਾ ਕਿ ਸੂਬੇ ਦੀਆਂ ਸਾਰੀਆਂ ਸੜਕਾਂ ਨੂੰ ਐਕਸਪ੍ਰੈਸ ਸੜਕਾਂ ਵਿਚ ਬਦਲਿਆ ਜਾ ਰਿਹਾ ਹੈ ਤਾਂ ਕਿ ਤੇਜ਼ ਅਤੇ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਇਆ ਜਾ ਸਕੇ। ਉਹਨਾਂ ਕਿਹਾ ਕਿ ਨਿਰਵਿਘਨ ਅਤੇ ਲਗਾਤਾਰ ਬਿਜਲੀ ਸਪਲਾਈ, ਲੈਂਡ ਬੈਂਕਿੰਗ, ਲੈਂਡ ਪੂਲਿੰਗ ਅਤੇ ਕੌਮਾਂਤਰੀ ਹਵਾਈ ਅੱਡੇ ਵਰਗੇ ਕੁਝ ਅਜਿਹੇ ਮੀਲ ਪੱਥਰ ਹਨ ਜਿਹੜੇ ਪੰਜਾਬ ਨੂੰ ਸਰਮਾਇਆਕਾਰੀ ਲਈ ਸਭ ਤੋਂ ਅਨੁਕੂਲ ਸੂਬਾ ਬਣਾਉਂਦੇ ਹਨ।
ਇਸ ਮੌਕੇ ਵਾਤਾਵਰਣ ਅਨੁਸਾਰੀ ਪ੍ਰਾਜੈਕਟ ਉਸਰਾਣ ਲਈ ੧੩ ਕੰਪਨੀਆਂ ਨੂੰ ਸਨਮਾਨਤ ਵੀ ਕੀਤਾ ਗਿਆ।
ਇਸ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਕਰਡਈ ਦੇ ਕੌਮੀ ਚੇਅਰਮੈਨ ਸ਼੍ਰੀ ਗੇਤੰਬਰ ਅਨੰਦ, ਵਾਈਸ ਚੇਅਰਮੈਨ ਮਨੋਜ ਗੌੜ, ਪੰਜਾਬ ਚੈਪਟਰ ਦੇ ਪ੍ਰਧਾਨ ਕੁਲਵੰਤ ਸਿੰਘ, ਚੰਡੀਗੜ• ਦੇ ਕਨਵੀਨਰ ਜਗਜੀਤ ਸਿੰਘ ਮਾਝਾ ਅਤੇ ਡਾਇਰੈਕਟਰ ਸੁਸ਼ਾਂਤ ਗੁਪਤਾ ਨੇ ਵੀ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…