
ਟਰੱਕ ਤੇ ਬੱਸ ਦੀ ਟੱਕਰ ਵਿੱਚ ਬਾਕਸਿੰਗ ਦੇ 13 ਖਿਡਾਰੀ ਤੇ ਕੋਚ ਜ਼ਖ਼ਮੀ, ਟਰੱਕ ਡਰਾਈਵਰ ਮੌਕੇ ਤੋਂ ਫਰਾਰ
ਸੈਕਟਰ-68 ਵਿੱਚ ਵਨ ਭਵਨ ਨੇੜੇ ਟਰੈਫਿਕ ਲਾਈਟ ਪੁਆਇੰਟ ’ਤੇ ਵਾਪਰਿਆਂ ਹਾਦਸਾ, ਬੇਕਾਬੂ ਹੋਇਆ ਟਰੱਕ ਸੜਕ ’ਤੇ ਪਲਟਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਦਸੰਬਰ:
ਇੱਥੋਂ ਦੇ ਅੱਜ ਸਵੇਰੇ ਪੌਣੇ ਸੱਤ ਵਜੇ ਦੇ ਕਰੀਬ ਕੁੰਭੜਾ ਚੌਂਕ ਤੇ ਹੋਏ ਇੱਕ ਸੜਕ ਹਾਦਸੇ ਵਿੱਚ ਪੰਜਾਬ ਇੰਸਟੀਚਿਉਟ ਆਫ ਸਪੋਰਟਸ ਦੇ ਬਾਕਸਿੰਗ ਦੇ 13 ਖਿਡਾਰੀ ਅਤੇ ਇੱਕ ਮਹਿਲਾ ਕੋਚ ਜ਼ਖ਼ਮੀ ਹੋ ਗਏ। ਪੁਲੀਸ ਦੇ ਦੱਸਣ ਅਨੁਸਾਰ ਇਨ੍ਹਾਂ ਖਿਡਾਰੀਆਂ ਨੂੰ ਤੇ ਕੋਚ ਨੂੰ ਸਥਾਨਕ ਫੋਰਟਿਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਿਥੇ ਡਾਕਟਰਾਂ ਜ਼ਖ਼ਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਕੁੰਭੜਾ ਚੌਂਕ (ਨੇੜੇ ਜੰਗਲਾਤ ਵਿਭਾਗ) ਦੀਆਂ ਟਰੈਫ਼ਿਕ ਲਾਈਟਾਂ ’ਤੇ ਫੇਜ਼-7 ਵੱਲੋਂ ਤੇਜ਼ ਗਤੀ ਵਿੱਚ ਆ ਰਹੇ ਇੱਕ ਟਰੱਕ ਦੇ ਬੇਕਾਬੂ ਹੋ ਕੇ ਸੜਕ ਪਲਟ ਜਾਣ ਕਾਰਨ ਇਹ ਹਾਦਸਾ ਵਾਪਰਿਆ ਹੈ। ਹਾਦਸਾ ਗ੍ਰਸਤ ਟਰੱਕ ਚੌਂਕ ’ਤੇ ਮੁੜਣ ਵੇਲੇ ਅਚਾਨਕ ਸਲਿਪ ਹੋ ਕੇ ਸੜਕ ਉੱਤੇ ਹੀ ਪਲਟ ਗਿਆ। ਘਸੀਟਦਾ ਹੋਇਆ ਬੱਸ ਵਿੱਚ ਜਾ ਵਜਿਆ। ਜਿਸ ਕਾਰਨ ਬੱਸ ਵਿੱਚ ਸਵਾਰ ਸਾਰੇ ਵਿਦਿਆਰਥੀ ਜ਼ਖ਼ਮੀ ਹੋ ਗਏ। ਜਿਨ੍ਹਾਂ ਵਿੱਚ ਸਤਪਾਲ ਸਿੰਘ, ਪਾਰਸ ਕੁਮਾਰ, ਰਾਜਦੀਪ ਸਿੰਘ, ਇੰਦਰਜੀਤ ਸਿੰਘ, ਨੀਰਜ ਤਮੰਗ, ਅਮਨਦੀਪ ਸਿੰਘ, ਅਭਿ ਰਾਜ, ਰਮਨਦੀਪ ਕੌਰ, ਪ੍ਰਿਅੰਕਾ, ਉੱਗਣ, ਰਾਘਵ, ਵਿਕਾਸ ਕੁਮਾਰ, ਦਵਿੰਦਰ ਸਿੰਘ, ਸੌਰਭ ਕੁਮਾਰ ਸ਼ਾਮਲ ਹਨ। ਮੌਕੇ ’ਤੇ ਪਹੁੰਚੇ ਖੇਡ ਵਿਭਾਗ ਦੇ ਅਧਿਕਾਰੀਆਂ ਵੱਲੋਂ ਫੋਰਟਿਸ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ।
ਪ੍ਰਤੱਖਦਰਸ਼ੀਆਂ ਦੇ ਦੱਸਣ ਮੁਤਾਬਕ ਇਹ ਹਾਦਸਾ ਇੰਨਾ ਜ਼ੋਰਦਾਰ ਸੀ ਕਿ ਇਸ ਦੀ ਆਵਾਜ਼ ਬਹੁਤ ਦੂਰ-ਦੂਰ ਤੱਕ ਸੁਣੀ ਗਈ। ਇਸ ਹਾਦਸੇ ਵਿੱਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਮੌਕੇ ’ਤੇ ਬੱਸ ਵਿੱਚ ਖੂਨ ਦੇ ਨਿਸ਼ਾਨ ਦੇਖ ਕੇ ਪਤਾ ਲੱਗਦਾ ਸੀ ਕਿ ਖਿਡਾਰੀਆਂ ਨੂੰ ਕਾਫੀ ਸੱਟਾ ਆਈਆਂ ਹਨ। ਖੇਡ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਖਿਡਾਰੀ ਸਵੇਰੇ ਟਰੇਨਿੰਗ ਵਾਸਤੇ ਸੈਕਟਰ-63 ਦੇ ਸਟੇਡੀਅਮ ਜਾ ਰਹੇ ਸਨ ਜਦੋਂ ਕਿ ਰਾਹ ਵਿੱਚ ਇਹ ਹਾਦਸਾ ਵਾਪਰ ਗਿਆ।
ਪੰਜਾਬ ਇੰਸਟੀਚਿਊਟ ਸਪੋਰਟਸ ਦੇ ਡਾਇਰੈਕਟਰ ਸੁਖਬੀਰ ਸਿੰਘ ਗਰੇਵਾਲ ਨੇ ਸੰਪਰਕ ਕਰਨ ਤੇ ਦੱਸਿਆ ਕਿ ਵਿਭਾਗ ਵੱਲੋਂ ਫਾਰੈਸਟ ਵਿਭਾਗ ਦੀ ਇਮਾਰਤ ਵਿੱਚ ਖਿਡਾਰੀਆਂ ਲਈ ਹੋਸਟਲ ਲਿਆ ਹੋਇਆ ਹੈ ਜਿੱਥੇ ਇਹ ਖਿਡਾਰੀ ਆਪਣੀ ਕੋਚ ਦੇ ਨਾਲ ਸੈਕਟਰ 63 ਵਿੱਚ ਸਥਿਤ ਬਾਕਸਿੰਗ ਟ੍ਰੇਨਿੰਗ ਸੈਂਟਰ ਵਿੱਚ ਜਾ ਰਹੇ ਸਨ ਜਦੋਂ ਚੌਂਕ ਤੇ ਟਰੱਕ ਵਾਲੇ ਵੱਲੋਂ ਬ੍ਰੇਕ ਲਗਾਉਣ ਤੇ ਟਰੱਕ ਬੇਕਾਬੂ ਹੋ ਕੇ ਉਲਟ ਗਿਆ ਅਤੇ ਬੱਸ ਵਿੱਚ ਆ ਵੱਜਿਆ। ਉਹਨਾਂ ਕਿਹਾ ਕਿ 11 ਵਿਦਿਆਰਥੀਆਂ ਦੇ ਮਾਮੂਲੀ ਸੱਟਾਂ ਆਈਆਂ ਹਨ। ਜਿਹਨਾਂ ਨੂੰ ਮੁੱਢਲੀ ਮਦਦ ਅਤੇ ਜਾਂਚ (ਐਕਸਰੇ) ਤੋਂ ਬਾਅਦ ਹਸਪਤਾਲ ਵੱਲੋਂ ਛੁੱਟੀ ਦਿੱਤੀ ਜਾ ਰਹੀ ਹੈ ਜਦੋਂ ਕਿ ਇਕ ਖਿਡਾਰੀ ਦੇ ਕੰਨ ਦੇ ਨੇੜੇ ਫ੍ਰੈਕਚਰ ਆਇਆ ਹੈ ਜਿਸ ਨੂੰ ਹਸਪਤਾਲ ਵਾਲਿਆਂ ਵੱਲੋਂ ਅੰਡਰ ਆਬਜਰਵੇਸ਼ਨ ਰੱਖਿਆ ਗਿਆ ਹੈ।