Share on Facebook Share on Twitter Share on Google+ Share on Pinterest Share on Linkedin ਪੰਜਾਬ ਵਿੱਚ 14 ਲੱਖ 50 ਹਜ਼ਾਰ ਟਿਊਬਵੈਲ ਖਿੱਚ ਰਹੇ ਨੇ ਜ਼ਮੀਨ ’ਚੋਂ ਪਾਣੀ, 250 ਫੁੱਟ ਡੂੰਘਾ ਗਿਆ ਧਰਤੀ ਹੇਠਲਾ ਪਾਣੀ ਹਰਿਆਣਾ ਨੂੰ ਖੇਤਾਂ ਦੀ ਸਿੰਚਾਈ ਲਈ ਕਿੱਥੋਂ ਪਾਣੀ ਦੇਈਏ ਪੰਜਾਬ ਕੋਲ ਆਪਣੇ ਪੀਣ ਲਈ ਪਾਣੀ ਦੀ ਬੂੰਦ ਵੀ ਨਹੀਂ: ਬੀਰਦਵਿੰਦਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੁਲਾਈ: ਪੰਜਾਬ ਵਿੱਚ ਧਰਤੀ ਹੇਠਲਾਂ ਪਾਣੀ ਲਗਾਤਾਰ ਥੱਲੇ ਜਾਣ ਕਾਰਨ ਸੂਬਾ ਜਲ ਸੰਕਟ ਨਾਲ ਜੂਝ ਰਿਹਾ ਹੈ। ਜੇਕਰ ਸਰਕਾਰਾਂ ਨੇ ਇਸ ਪਾਸੇ ਤੁਰੰਤ ਧਿਆਨ ਨਹੀਂ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ ਇਸ ਦੀ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ। ਇਹ ਗੱਲ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਬੀਰਦਵਿੰਦਰ ਸਿੰਘ ਨੇ ਆਖੀ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਨੂੰ ਹੋਰਨਾਂ ਸੂਬਿਆਂ ਤੋਂ ਮੰਗਾਏ ਜਾਣ ਵਾਲੇ ਕੋਇਲਾ ਅਤੇ ਤੇਲ ਲਈ ਅਦਾਇਗੀ ਕਰਨੀ ਪੈਂਦੀ ਹੈ ਤਾਂ ਪੰਜਾਬ ਆਪਣਾ ਪਾਣੀ ਹਰਿਆਣਾ ਨੂੰ ਮੁਫ਼ਤ ਕਿਉਂ ਦੇਵੇ ਅਤੇ ਪੰਜਾਬ ਨੂੰ ਵੀ ਉਸ ਦੇ ਪਾਣੀਆਂ ਦੀ ਕੀਮਤ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 5 ਦਹਾਕੇ ਪਹਿਲਾਂ ਜਦੋਂ ਇਹ ਸਮਝੌਤੇ ਹੋਏ ਸਨ ਉਦੋਂ ਪੰਜਾਬ ਵਿੱਚ ਨਹਿਰੀ ਪਾਣੀ ਦੀ ਬਹੁਤਾਤ ਸੀ ਪ੍ਰੰਤੂ ਮੌਜੂਦਾ ਸਮੇਂ ਪੰਜਾਬ ਖ਼ੁਦ ਪਾਣੀ ਦੀ ਬੂੰਦ-ਬੂੰਦ ਲਈ ਤਰਸ ਰਿਹਾ ਹੈ। ਬੀਰਦਵਿੰਦਰ ਸਿੰਘ ਨੇ ਕਿਹਾ ਕਿ ਇਸ ਵੇਲੇ ਪੰਜਾਬ ਵਿੱਚ 14 ਲੱਖ 50 ਹਜ਼ਾਰ ਟਿਊਬਵੈਲ ਲੱਗੇ ਹੋਏ ਹਨ ਅਤੇ ਜਿਨ੍ਹਾਂ ਵੱਲੋਂ ਫਸਲਾਂ ਦੀ ਸਿੰਚਾਈ ਲਈ ਧੜਾਧੜਾ ਜ਼ਮੀਨ ’ਚੋਂ ਪਾਣੀ ਖਿੱਚਿਆ ਜਾ ਰਿਹਾ ਹੈ। ਉਨ੍ਹਾਂ ਦਲੀਲਾਂ ਦਿੰਦਿਆਂ ਦੱਸਿਆ ਕਿ ਝੋਨਾ ਦੀ ਪੈਦਾਵਾਰ ਨੇ ਮੱਕੀ, ਕਪਾਹ ਅਤੇ ਹੋਰ ਫਸਲਾਂ ਖਾ ਲਈਆਂ ਹਨ। ਪੰਜਾਬ ਵਿੱਚ ਸਿਰਫ਼ ਇਥ ਫੀਸਦੀ ਚਾਵਲ ਖਾਧਾ ਜਾਂਦਾ ਹੈ ਜਦੋਂਕਿ ਬਾਕੀ ਸਾਰਾ ਝੋਨਾ ਦੇਸ਼ ਦੇ ਅਨਾਜ ਭੰਡਾਰ ਅਤੇ ਹੋਰਨਾਂ ਸੂਬਿਆਂ ਨੂੰ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਕ ਕਿੱਲੋ ਝੋਨਾ ਪੈਦਾ ਕਰਨ ਲਈ 2 ਹਜ਼ਾਰ ਤੋਂ 5 ਹਜ਼ਾਰ ਲੀਟਰ ਪਾਣੀ ਖਰਚ ਹੁੰਦਾ ਹੈ। ਹੁਣ ਇਕ ਕੁਇੰਟਲ ਅਤੇ ਪ੍ਰਤੀ ਏਕੜ ਦਾ ਹਿਸਾਬ ਲਗਾ ਲਓ। ਕਿੰਨਾ ਪਾਣੀ ਖਪਤ ਹੁੰਦਾ ਹੈ। ਇਹੀ ਕਾਰਨ ਹੈ ਕਿ ਅੱਜ ਸੂਬੇ ਵਿੱਚ ਪਾਣੀ ਦਾ ਪੱਧਰ 250 ਫੁੱਟ ਹੇਠਾਂ ਚਲਾ ਗਿਆ ਹੈ। ਜੇਕਰ ਇਹੀ ਹਾਲਤ ਰਹੇ ਤਾਂ ਅਗਲੇ ਕੁਝ ਸਾਲਾਂ ਵਿੱਚ ਪੰਜਾਬ ਦਾ ਜ਼ਮੀਨ ਹੇਠਲਾ ਪਾਣੀ ਪੂਰੀ ਤਰ੍ਹਾਂ ਮੁੱਕ ਜਾਵੇਗਾ। ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਨੇ ਕੇਂਦਰ ਦੀਆਂ ਸਰਕਾਰਾਂ ਨਾਲ ਮਿਲ ਕੇ ਪੰਜਾਬ ਦੇ ਪਾਣੀਆਂ ਦੀ ਲੁੱਟ ਕਰਵਾਈ ਹੈ ਜੋ ਹੁਣ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ (ਟਕਸਾਲੀ) ਮੌਜੂਦਾ ਹਾਲਾਤ ਵਿੱਚ ਪੰਜਾਬ ਦੇ ਪਾਣੀਆਂ ਨੂੰ ਹੋਰਨਾਂ ਸੂਬਿਆਂ ਨੂੰ ਦੇਣ ਸਬੰਧੀ 50 ਸਾਲ ਪਹਿਲਾਂ ਕੀਤੇ ਸਮਝੌਤਿਆਂ ਨੂੰ ਰੱਦ ਕਰਦਾ ਹੈ ਅਤੇ ਜਦੋਂ ਵੀ ਅਕਾਲੀ ਦਲ (ਟਕਸਾਲੀ) ਸੱਤਾ ਵਿੱਚ ਆਏਗਾ ਇਹ ਸੌਦੇ ਰੱਦ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਸਿਰਫ਼ ਨਹਿਰੀ ਪਾਣੀ ’ਤੇ ਨਿਰਭਰ ਹੈ। ਲਿਹਾਜ਼ਾ ਪੰਜਾਬ ਕੋਲ ਹਰਿਆਣਾ ਨੂੰ ਦੇਣ ਲਈ ਪਾਣੀ ਦੀ ਇਕ ਬੂੰਦ ਵੀ ਨਹੀਂ ਹੈ। ਜਦੋਂਕਿ ਹਰਿਆਣਾ ’ਚੋਂ ਯਮਨਾ ਨਹਿਰ ਨਿਕਲਦੀ ਹੈ। ਉਸ ’ਚੋਂ ਤਾਂ ਪੰਜਾਬ ਨੂੰ ਪਾਣੀ ਦੀ ਬੂੰਦ ਵੀ ਨਹੀਂ ਦਿੱਤੀ ਜਾਂਦੀ। ਫਿਰ ਹਰਿਆਣਾ ਕਿਹੜੇ ਮੂੰਹ ਨਾਲ ਜ਼ਬਰਦਸਤੀ ਪਾਣੀ ਖੋਹਣ ਦੀਆਂ ਗੱਲਾਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੂੰ ਬਿਨਾਂ ਪੱਖਪਾਤ ਤੋਂ ਸਹੀ ਦਿਸ਼ਾ ਨਿਰਦੇਸ਼ ਦੇਣੇ ਚਾਹੀਦੇ ਹਨ ਨਾ ਕਿ ਦੋਵਾਂ ਸੂਬਿਆਂ ਨੂੰ ਆਪਣੇ ਪੱਧਰ ’ਤੇ ਨਜਿੱਠਣ ਲਈ ਕਹਿਣਾ ਚਾਹੀਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ