Nabaz-e-punjab.com

ਮੁਹਾਲੀ ਵਿੱਚ ਨੌਜਵਾਨਾਂ ਤੇ ਛੋਟੇ ਬੱਚਿਆਂ ਨੂੰ ਦਿੱਤੀ ਦਸਤਾਰ ਸਜਾਉਣ ਦੀ ਸਿਖਲਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜਨਵਰੀ:
ਕਲਗੀਧਰ ਸੇਵਕ ਜਥਾ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਨੌਜਵਾਨਾਂ ਅਤੇ ਛੋਟੇ ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖੀ ਸਰੂਪ ਨਾਲ ਜੋੜਨ ਲਈ ਵਿੱਢੀ ਮੁਹਿੰਮ ਦੇ ਤਹਿਤ ਬੱਚਿਆਂ ਨੂੰ ਦਸਤਾਰ ਸਜਾਉਣ ਦੀ ਸਿਖਲਾਈ ਦਿੱਤੀ ਗਈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਪਹਿਲਕਦਮੀ ਕਰਦਿਆਂ ਹੁਣ ਤੱਕ ਅਜਿਹੇ ਕਈ ਮੁਫ਼ਤ ਕੈਂਪ ਲਗਾਏ ਜਾ ਚੁੱਕੇ ਹਨ ਅਤੇ ਨੌਜਵਾਨਾਂ ਨੂੰ ਮੁਫ਼ਤ ਦਸਤਾਰਾਂ ਵੰਡੀਆਂ ਗਈਆਂ ਹਨ।
ਇਸ ਮੌਕੇ ਭਾਈ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਛੋਟੀ ਉਮਰ ਤੋਂ ਹੀ ਬੱਚਿਆਂ ਨੂੰ ਧਰਮ ਅਤੇ ਗੁਰਮਤਿ ਦਾ ਪਾਠ ਪੜ੍ਹਾਇਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਵੱਡੇ ਹੋ ਕੇ ਦਸਤਾਰਧਾਰੀ ਬਣ ਸਕਣ। ਉਨ੍ਹਾਂ ਕਿਹਾ ਕਿ ਅੱਜ ਅਨੇਕਾਂ ਸਿੱਖ ਨੌਜਵਾਨ ਦਸਤਾਰ ਬੰਨਣ ਦੀ ਥਾਂ ਕਲੀਨਸ਼ੇਵ ਰਹਿਣਾ ਪਸੰਦ ਕਰ ਰਹੇ ਹਨ। ਇਸਦਾ ਇੱਕ ਕਾਰਨ ਇਹ ਵੀ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਬਚਪਨ ਵਿੱਚ ਦਸਤਾਰ ਦੀ ਮਹਾਨਤਾ ਅਤੇ ਸਿੱਖੀ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਜਿਸ ਕਾਰਨ ਨੌਜਵਾਨ ਪੀੜ੍ਹੀ ਦਸਤਾਰ ਸਜਾਉਣ ਤੋਂ ਗੁਰੇਜ਼ ਕਰਨ ਲੱਗ ਪਈ ਹੈ ਅਤੇ ਕਈ ਸਿੱਖ ਪਰਿਵਾਰਾਂ ਵਿੱਚ ਉਨ੍ਹਾਂ ਦੇ ਬੱਚੇ ਸਿਰ ਤੋਂ ਮੋਨੇ ਹਨ। ਇਹੀ ਨਹੀਂ ਕਈ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਪਰਿਵਾਰ ਦੇ ਜੀਅ ਪਤਿਤ ਹੋ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਕਈ ਪੰਜਾਬੀ ਗਾਣਿਆਂ ਵਿੱਚ ਜਦੋਂ ਕਿਸੇ ਗਾਇਕ ਦਾ ਬਚਪਨ ਦਿਖਾਇਆ ਜਾਂਦਾ ਹੈ, ਤਾਂ ਉਸ ਸਮੇਂ ਬਚਪਨ ਵਿੱਚ ਉਸ ਗਾਇਕ ਦੇ ਕੇਸ ਰੱਖੇ ਹੋਏ ਹੁੰਦੇ ਹਨ, ਸਿਰ ’ਤੇ ਪਟਕਾ ਜਾਂ ਚਿੱਟਾ ਰੁਮਾਲ ਬੰਨ੍ਹਿਆ ਹੁੰਦਾ ਹੈ ਪਰ ਜਦੋਂ ਉਹ ਬੱਚਾ ਗਾਣੇ ਵਿੱਚ ਨੌਜਵਾਨ ਦੇ ਰੂਪ ਵਿੱਚ ਦਿਖਾਇਆ ਜਾਂਦਾ ਹੈ ਤਾਂ ਉਹ ਕਲੀਨਸ਼ੇਵ ਹੁੰਦਾ ਹੈ, ਅਜਿਹੇ ਗਾਣਿਆਂ ਦਾ ਵੀ ਨੌਜਵਾਨਾਂ ਉੱਤੇ ਗਲਤ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਗਾਣੇ ਦੇਖ ਅਤੇ ਸੁਣ ਕੇ ਬਚਪਨ ਵਿੱਚ ਸਿੱਖ ਕੇਸਾਧਾਰੀ ਰਹੇ ਨੌਜਵਾਨ ਜਵਾਨੀ ਵਿੱਚ ਕਲੀਨਸ਼ੇਵ ਹੋ ਜਾਂਦੇ ਹਨ। ਇਸ ਲਈ ਗਾਣਿਆਂ ਦਾ ਫਿਲਮਾਂਕਣ ਕਰਨ ਵੇਲੇ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਅਤੇ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In General News

Check Also

ਵਿਜੀਲੈਂਸ ਨੇ 2024 ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ 173 ਮੁਲਜ਼ਮ ਗ੍ਰਿਫ਼ਤਾਰ ਕੀਤੇ: ਵਰਿੰਦਰ ਕੁਮਾਰ

ਵਿਜੀਲੈਂਸ ਨੇ 2024 ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ 173 ਮੁਲਜ਼ਮ ਗ੍ਰਿਫ਼ਤਾਰ ਕੀਤੇ: ਵਰਿੰਦਰ ਕੁਮਾਰ 10 ਗਜ਼ਟਿ…