
ਸਿੱਖਿਆ ਬੋਰਡ ਵੱਲੋਂ ਐਲਾਨਿਆ ਜਾਣ ਵਾਲਾ ਬਾਰ੍ਹਵੀਂ ਜਮਾਤ ਦਾ ਨਤੀਜਾ ਐਨ ਮੌਕੇ ਮੁਲਤਵੀ
ਮੀਤ ਹੇਅਰ ਦਾ ਅਚਾਨਕ ਫੋਨ ਖੜਕਣ ਕਾਰਨ ਮੁਲਤਵੀ ਕੀਤਾ ਗਿਆ ਨਤੀਜਾ ਐਲਾਨਣ ਦਾ ਪ੍ਰੋਗਰਾਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੂਨ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਘੋਸ਼ਿਤ ਕੀਤਾ ਜਾਣ ਵਾਲਾ ਬਾਰ੍ਹਵੀਂ ਜਮਾਤ ਦਾ ਸਾਲਾਨਾ ਨਤੀਜਾ ਪ੍ਰਬੰਧਕੀ ਕਾਰਨਾਂ ਕਰਕੇ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਸਕੂਲ ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਜੇ.ਆਰ. ਮਹਿਰੋਕ ਨੇ ਬੀਤੇ ਕੱਲ੍ਹ ਅਕਾਦਮਿਕ ਸਾਲ 2021-22 ਦਾ ਬਾਰ੍ਹਵੀਂ ਸ਼੍ਰੇਣੀ ਦਾ ਨਤੀਜਾ ਸੋਮਵਾਰ ਨੂੰ ਬਾਅਦ ਦੁਪਹਿਰ 3 ਵਜੇ ਐਲਾਨੇ ਜਾਣ ਬਾਰੇ ਮੀਡੀਆ ਨਾਲ ਲਿਖਤੀ ਜਾਣਕਾਰੀ ਸਾਂਝੀ ਕੀਤੀ ਗਈ ਸੀ। ਬੋਰਡ ਨੇ ਸਬੰਧਤ ਵਿਦਿਆਰਥੀਆਂ ਨੂੰ ਆਪਣਾ ਨਤੀਜਾ ਭਲਕੇ 28 ਜੂਨ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ਅਤੇ www.indiaresults.com ’ਤੇ ਸਵੇਰੇ 10 ਵਜੇ ਤੋਂ ਬਾਅਦ ਦੇਖਣ ਦੀ ਗੱਲ ਵੀ ਕਹੀ ਸੀ।
ਇਹੀ ਨਹੀਂ ਅੱਜ ਸਵੇਰੇ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਵੱਲੋਂ ਬਾਅਦ ਦੁਪਹਿਰ 3 ਵਜੇ ਜ਼ੂਮ ਐਪ ’ਤੇ ਵਰਚੂਅਲ ਮੀਟਿੰਗ ਰਾਹੀਂ ਬਾਰ੍ਹਵੀਂ ਜਮਾਤ ਅਕਾਦਮਿਕ ਸਾਲ 2021-22 ਦਾ ਨਤੀਜਾ ਐਲਾਨੇ ਜਾਣ ਸਬੰਧੀ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਨਾਲ ਸਬੰਧਤ ਨੁਮਾਇੰਦਿਆਂ ਨੂੰ ਕਵਰੇਜ ਕਰਨ ਦੀ ਅਪੀਲ ਕੀਤੀ ਗਈ ਸੀ ਅਤੇ ਇਸ ਵਰਚੂਅਲ ਮੀਟਿੰਗ ਵਿੱਚ ਹਿੱਸਾ ਲੈਣ ਲਈ ਲਾਗ-ਇਨ ਆਈਡੀ ਅਤੇ ਪਾਸਵਰਡ ਤੱਕ ਮੁਹੱਈਆ ਕਰਵਾਏ ਗਏ ਸੀ ਪਰ ਐਨ ਮੌਕੇ ਬੋਰਡ ਮੈਨੇਜਮੈਂਟ ਵੱਲੋਂ ਮੀਡੀਆ ਕਰਮੀਆਂ ਨੂੰ ਇਹ ਸੁਨੇਹੇ ਲਗਾਏ ਗਏ ਕਿ ਅੱਜ ਐਲਾਨਿਆ ਜਾਣ ਵਾਲਾ ਬਾਰ੍ਹਵੀਂ ਜਮਾਤ ਦਾ ਨਤੀਜਾ ਕੁੱਝ ਪ੍ਰਬੰਧਕੀ ਕਾਰਨਾਂ ਕਰਕੇ ਫਿਲਹਾਲ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਇਹ ਨਤੀਜਾ ਨੇੜ ਭਵਿੱਖ ਵਿੱਚ ਜਾਰੀ ਕੀਤਾ ਜਾਵੇਗਾ। ਜਿਸ ਦੀ ਸੂਚਨਾ ਬੋਰਡ ਦੀ ਵੈਬਸਾਈਟ, ਸੋਸ਼ਲ ਮੀਡੀਆ ਅਤੇ ਮੀਡੀਆ ਰਾਹੀਂ ਦਿੱਤੀ ਜਾਵੇਗੀ। ਉਧਰ, ਪੰਜਾਬ ਭਰ ਵਿੱਚ ਬਾਰ੍ਹਵੀਂ ਸ਼ੇ੍ਰਣੀ ਦੀ ਪ੍ਰੀਖਿਆ ਵਿੱਚ ਅਪੀਅਰ ਹੋਏ ਲੱਖਾਂ ਦੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਅਤੇ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਦੀਆਂ ਨਜ਼ਰਾਂ ਨਤੀਜਾ ਸੁਣਨ ’ਤੇ ਲੱਗੀਆਂ ਹੋਈਆਂ ਸਨ। ਵਿਦਿਆਰਥੀਆਂ ਨੇ ਐਨ ਮੌਕੇ ਨਤੀਜਾ ਮੁਲਤਵੀ ਕਰਨ ਦਾ ਕਾਫ਼ੀ ਬੁਰਾ ਮਨਾਇਆ ਹੈ।
ਉਧਰ, ਭਰੋਸੇਯੋਗ ਸੂਤਰਾਂ ਦੀ ਜਾਣਕਾਰੀ ਅਨੁਸਾਰ ਸਕੂਲ ਬੋਰਡ ਦੇ ਅਧਿਕਾਰੀ ਬਾਰ੍ਹਵੀਂ ਜਮਾਤ ਦਾ ਨਤੀਜਾ ਘੋਸ਼ਿਤ ਕਰਨ ਲਈ ਤਿਆਰੀਆਂ ਵਿੱਚ ਜੁਟੇ ਹੋਏ ਸੀ ਪ੍ਰੰਤੂ ਦੁਪਹਿਰ (ਲੰਚ ਬਰੇਕ) ਸਮੇਂ ਸਿੱਖਿਆ ਮੰਤਰੀ ਮੀਤ ਹੇਅਰ ਦਾ ਅਚਾਨਕ ਫੋਨ ਖੜਕ ਗਿਆ ਕਿ ਅੱਜ ਬਾਰ੍ਹਵੀਂ ਦਾ ਨਤੀਜਾ ਨਾ ਐਲਾਨਿਆ ਜਾਵੇ। ਜਿਸ ਕਾਰਨ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਆਨਣ-ਫਾਣਨ ਵਿੱਚ ਨਤੀਜਾ ਘੋਸ਼ਿਤ ਕੀਤੇ ਜਾਣ ਦਾ ਸ਼ਡਿਊਲ ਮੁਲਤਵੀ ਕੀਤਾ ਗਿਆ।