nabaz-e-punjab.com

ਅਮਰੀਕੀ ਡਾਲਰਾਂ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ

ਦੁਕਾਨਕਾਰਾਂ ਨੂੰ ਦਿੱਤੇ ਸੀਲਬੰਦ ਪੈਕਟਾਂ ’ਚੋਂ ਡਾਲਰਾਂ ਦੀ ਥਾਂ ਕਾਗਜ ਦੇ ਟੁਕੜੇ ਮਿਲੇ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੂਨ:
ਮੁਹਾਲੀ ਪੁਲੀਸ ਨੇ ਅਮਰੀਕੀ ਡਾਲਰਾਂ ਦਾ ਝਾਂਸਾ ਦੇ ਕੇ ਦੁਕਾਨਦਾਰਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਇੱਥੋਂ ਦੇ ਸੈਕਟਰ-66 ’ਚੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 43 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਥਾਣਾ ਫੇਜ਼-11 ਦੇ ਐਸਐਚਓ ਜਗਦੀਪ ਸਿੰਘ ਬਰਾੜ ਨੇ ਦੱਸਿਆ ਕਿ ਪੁਲੀਸ ਨੇ ਗੁਪਤ ਸੂਚਨਾ ’ਤੇ ਇਕ ਦੁਕਾਨਦਾਰ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਦੀ ਤਾਕ ਵਿੱਚ ਆਏ ਵਿਜੈ ਕੁਮਾਰ ਵਾਸੀ ਮੁਰਾਦਾਬਾਦ (ਯੂਪੀ) ਅਤੇ ਲਾਲ ਚੰਦ ਅਲੀ ਅਸਾਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਉਹ ਦੋ ਦੁਕਾਨਦਾਰਾਂ ਗੁਰਨਾਮ ਸਿੰਘ (60) ਅਤੇ ਰਾਜੇਸ਼ ਕੁਮਾਰ (55) ਨਾਲ ਛੇ ਲੱਖ ਰੁਪਏ ਦੀ ਠੱਗੀ ਮਾਰ ਚੁੱਕੇ ਹਨ।
ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਨੇ ਸਾਜ਼ਿਸ਼ ਤਹਿਤ ਪੀੜਤ ਦੁਕਾਨਦਾਰਾਂ ਤੋਂ ਸਮਾਨ ਖ਼ਰੀਦਣ ਤੋਂ ਬਾਅਦ ਡਾਲਰਾਂ ਨਾਲ ਪੈਸਿਆਂ ਦਾ ਭੁਗਤਾਨ ਕਰਨ ਨੂੰ ਕਹਿੰਦੇ ਸੀ। ਮੁਲਜ਼ਮਾਂ ਨੇ ਗੁਰਨਾਮ ਸਿੰਘ ਅਤੇ ਰਾਜੇਸ਼ ਕੁਮਾਰ ਨੂੰ ਕਹਿ ਕੇ ਆਪਣੇ ਝਾਂਸੇ ਵਿੱਚ ਲੈ ਲਿਆ ਕਿ ਉਨ੍ਹਾਂ ਕੋਲ ਅਜਿਹੇ ਅਮਰੀਕੀ ਡਾਲਰ ਬਹੁਤ ਹਨ ਪਰ ਕੋਈ ਉਨ੍ਹਾਂ ’ਤੇ ਭਰੋਸਾ ਨਹੀਂ ਕਰਦਾ ਹੈ। ਇਹ ਸੁਣ ਕੇ ਦੁਕਾਨਦਾਰ ਲਾਲਚ ਵਿੱਚ ਆ ਗਏ। ਮੁਲਜ਼ਮਾਂ ਨੇ ਗੁਰਨਾਮ ਸਿੰਘ ਤੋਂ ਸਾਢੇ ਤਿੰਨ ਲੱਖ ਅਤੇ ਰਾਜੇਸ਼ ਤੋਂ ਢਾਈ ਲੱਖ ਰੁਪਏ ਲੈ ਕੇ ਉਨ੍ਹਾਂ ਨੂੰ ਅਮਰੀਕੀ ਡਾਲਰਾਂ ਦੇ ਸੀਲਬੰਦ ਪੈਕਟ ਬਣਾ ਦਿੱਤੇ ਗਏ। ਜਦੋਂ ਦੁਕਾਨਦਾਰਾਂ ਨੇ ਪੈਕਟ ਖੋਲ੍ਹੇ ਤਾਂ ਉਨ੍ਹਾਂ ’ਚੋਂ ਡਾਲਰਾਂ ਦੀ ਥਾਂ ਅਖ਼ਬਾਰੀ ਪੰਨਿਆਂ ਦੇ ਟੁਕੜੇ ਸਨ। ਇਹ ਦੇਖ ਕੇ ਦੁਕਾਨਦਾਰਾਂ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਪੀੜਤ ਦੁਕਾਨਦਾਰਾਂ ਨੇ ਤੁਰੰਤ ਪੁਲੀਸ ਨੂੰ ਸ਼ਿਕਾਇਤ ਦਿੱਤੀ।
ਸ੍ਰੀ ਬਰਾੜ ਨੇ ਦੱਸਿਆ ਕਿ ਮੁਲਜ਼ਮ ਸੈਕਟਰ-66 ਵਿੱਚ ਇਕ ਹੋਰ ਦੁਕਾਨਦਾਰ ਨੂੰ ਨਿਸ਼ਾਨਾ ਬਣਾਉਣ ਦੀ ਤਾਕ ਵਿੱਚ ਸੀ ਕਿ ਪੁਲੀਸ ਦੇ ਧੱਕੇ ਚੜ ਗਏ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਮੁਲਜ਼ਮ ਖ਼ਿਲਾਫ਼ ਧਾਰਾ 420, 120ਬੀ ਅਤੇ 34 ਅਧੀਨ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮਾਂ ਦਾ ਮੈਡੀਕਲ ਅਤੇ ਕਰੋਨਾ ਟੈੱਸਟ ਕਰਵਾਇਆ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰਕੇ ਪਤਾ ਲਗਾਇਆ ਜਾਵੇਗਾ ਕਿ ਇਸ ਗੋਰਖ-ਧੰਦੇ ਵਿੱਚ ਹੋਰ ਕੌਣ ਕੌਣ ਲੋਕ ਸ਼ਾਮਲ ਹਨ। ਹੁਣ ਤੱਕ ਉਹ ਕਿੰਨੇ ਲੋਕਾਂ ਨੂੰ ਲੁੱਟ ਚੁੱਕੇ ਹਨ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲੀਸ ਹੁਣ ਹੋਰ ਪੀੜਤ ਵਿਅਕਤੀਆਂ ਦੀਆਂ ਸ਼ਿਕਾਇਤਾਂ ਮਿਲਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …