ਘਰ ਦੇ ਬਾਹਰ ਖੜੀ ਵਰਨਾ ਕਾਰ ਨੂੰ ਅੱਗ ਲਗਾ ਕੇ ਸਾੜਨ ਵਾਲੇ ਦੋ ਮੁਲਜ਼ਮ ਕਾਬੂ, ਦੋ ਫ਼ਰਾਰ

ਨਬਜ਼-ਏ-ਪੰਜਾਬ, ਮੁਹਾਲੀ, 26 ਅਪਰੈਲ:
ਮੁਹਾਲੀ ਪੁਲੀਸ ਨੇ ਸੈਕਟਰ-78 ਵਿੱਚ ਘਰ ਦੇ ਬਾਹਰ ਖੜੀ ਵਰਨਾ ਕਾਰ ਨੂੰ ਅੱਗ ਲਗਾ ਕੇ ਸਾੜਨ ਦੇ ਮਾਮਲੇ ਨੂੰ ਟਰੇਸ ਕਰਕੇ ਚਾਰ ਮੁਲਜ਼ਮਾਂ ਦਾ ਪਤਾ ਲਗਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਦੀ ਆਸ਼ੂ ਤੇ ਚੰਦਨ ਵਾਸੀ ਬੰਗਾਲਾ ਬਸਤੀ, ਮੁੰਡੀ ਖਰੜ, ਕਪਿਲ ਵਾਸੀ ਪਿੰਡ ਪਪਰਾਲਾ, ਕੈਥਲ (ਹਰਿਆਣਾ) ਅਤੇ ਕਿਰਪਾਲ ਸਿੰਘ ਉਰਫ਼ ਪਾਲਾ ਵਾਸੀ ਪਿੰਡ ਝੰਜੇੜੀ (ਮੁਹਾਲੀ) ਵਜੋਂ ਹੋਈ ਹੈ। ਇਨ੍ਹਾਂ ਦੇ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਪੁਲੀਸ ਨੇ ਆਸ਼ੂ ਅਤੇ ਚੰਦਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਕਪਿਲ ਅਤੇ ਕਿਰਪਾਲ ਹਾਲੇ ਫ਼ਰਾਰ ਹਨ। ਮੁਲਜ਼ਮਾਂ ਨੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕਾਰ ਨੂੰ ਅੱਗ ਲਗਾਈ ਸੀ
ਅੱਜ ਇੱਥੇ ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਐਸਪੀ (ਡੀ) ਸੌਰਵ ਜਿੰਦਲ, ਡੀਐਸਪੀ (ਡੀ) ਤਲਵਿੰਦਰ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਇਸ ਕੇਸ ਨੂੰ ਹੱਲ ਕਰਦਿਆਂ ਆਸ਼ੂ ਅਤੇ ਚੰਦਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਬਾਕੀ ਫ਼ਰਾਰ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਲੰਘੀ 14 ਅਪਰੈਲ ਨੂੰ ਮਾਨਸਾ ਦੇ ਵਸਨੀਕ ਮਨਦੀਪ ਸਿੰਘ (ਹਾਲ ਵਾਸੀ ਸੈਕਟਰ-78) ਨੇ ਸੋਹਾਣਾ ਥਾਣੇ ਵਿੱਚ ਦਿੱਤੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਸ ਨੇ ਰੋਜ਼ਾਨਾ ਵਾਂਗ ਆਪਣੀ ਹੁੰਡਈ ਵਰਨਾ ਘਰ ਦੇ ਸਾਹਮਣੇ ਪਾਰਕ ਨਾਲ ਖੜੀ ਕੀਤੀ ਸੀ। ਅੱਧੀ ਰਾਤ ਤੋਂ ਬਾਅਦ ਉਸ ਨੂੰ ਘਰ ਦੇ ਬਾਹਰੋਂ ਉੱਚੀ-ਉੱਚੀ ਰੌਲਾ ਪੈਣ ਦੀ ਆਵਾਜ਼ ਸੁਣਾਈ ਦਿੱਤੀ ਅਤੇ ਉਸਨੇ ਘਰ ਦੇ ਬਾਹਰ ਆ ਕੇ ਦੇਖਿਆ ਕਿ ਤਿੰਨ ਅਣਪਛਾਤੇ ਵਿਅਕਤੀ ਜਿਨ੍ਹਾਂ ਦੇ ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ ਸਨ, ਉਨ੍ਹਾਂ ਨੇ ਪੈਟਰੋਲ ਉਸਦੀ ਗੱਡੀ ’ਤੇ ਛਿੜਕ ਕੇ ਅੱਗ ਲਗਾ ਦਿੱਤੀ। ਇਨ੍ਹਾਂ ਦਾ ਚੌਥਾ ਸਾਥੀ ਪੋਲੋ ਕਾਰ ਵਿੱਚ ਬੈਠਾ ਸੀ, ਬਾਅਦ ਵਿੱਚ ਇਹ ਚਾਰੇ ਜਣੇ ਪੋਲੋ ਕਾਰ ਵਿੱਚ ਸਵਾਰ ਹੋ ਕੇ ਮੌਕਾ ਤੋਂ ਫ਼ਰਾਰ ਹੋ ਗਏ। ਫ਼ਰਾਰ ਮੁਲਜ਼ਮ ਕਪਿਲ ਗੁੰਗਾ ਮਾੜੀ ਨੇੜੇ ਮੁੰਡੀ ਖਰੜ ਵਿੱਚ ਕਿਰਾਏ ’ਤੇ ਰਹਿੰਦਾ ਹੈ ਜਦੋਂਕਿ ਕਿਰਪਾਲ ਉਰਫ਼ ਪਾਲਾ ਛੱਜੂਮਾਜਰਾ ਕਲੋਨੀ ਖਰੜ ਵਿੱਚ ਰਹਿੰਦਾ ਹੈ।
ਐੱਸਐੱਸਪੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਕਪਿਲ ਦੀ ਮਾਸੀ ਦਾ ਲੜਕਾ ਗੁਰਧਿਆਨ ਸਿੰਘ ਕੈਨੇਡਾ ਵਿੱਚ ਰਹਿੰਦਾ ਹੈ। ਜਿਸ ਦਾ ਪੀੜਤ ਮਨਦੀਪ ਸਿੰਘ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਮੁਲਜ਼ਮਾਂ ਨੇ ਪੀੜਤ ਨੂੰ ਸਬਕ ਸਿਖਾਉਣ ਲਈ ਆਪਸ ਵਿੱਚ ਮਿਲ ਕੇ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਉਨ੍ਹਾਂ ਨੇ ਪੋਲੋ ਕਾਰ ’ਤੇ ਜਾਅਲੀ ਨੰਬਰ ਲਗਾਇਆ ਸੀ।

Load More Related Articles

Check Also

ਯੋਗ ਅਭਿਆਸ ਨਾਲ ਘੱਟ ਹੋ ਰਿਹਾ ਹੈ ਲੋਕਾਂ ਦਾ ਮਾਨਸਿਕ ਤਣਾਅ: ਪ੍ਰਤਿਮਾ ਡਾਵਰ

ਯੋਗ ਅਭਿਆਸ ਨਾਲ ਘੱਟ ਹੋ ਰਿਹਾ ਹੈ ਲੋਕਾਂ ਦਾ ਮਾਨਸਿਕ ਤਣਾਅ: ਪ੍ਰਤਿਮਾ ਡਾਵਰ ਮੁਹਾਲੀ ਵਿੱਚ ਰੋਜ਼ਾਨਾ ਵੱਖ-ਵੱਖ…