
ਮੁਹਾਲੀ ਜਿਊਲਰੀ ਦੀ ਦੁਕਾਨ ਲੁੱਟਣ ਦੇ ਮਾਮਲੇ ਵਿੱਚ ਦੋ ਮੁਲਜ਼ਮ ਗ੍ਰਿਫ਼ਤਾਰ
ਮੁਲਜ਼ਮਾਂ ਕੋਲੋਂ .32 ਬੋਰ ਦਾ ਨਾਜਾਇਜ਼ ਪਿਸਤੌਲ, ਪੰਜ ਜ਼ਿੰਦਾ ਕਾਰਤੂਸ ਬਰਾਮਦ ਕੀਤੇ: ਐੱਸਐੱਸਪੀ
ਨਬਜ਼-ਏ-ਪੰਜਾਬ, ਮੁਹਾਲੀ, 10 ਅਪਰੈਲ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਇੱਥੋਂ ਫੇਜ਼-10 ਵਿੱਚ ਪਿਛਲੇ ਸਾਲ 27 ਜੂਨ 2024 ਨੂੰ ਜਿਊਲਰ ਨੂੰ ਲੁੱਟਣ ਦੇ ਮਾਮਲੇ ਵਿੱਚ ਦੋ ਲੁਟੇਰਿਆਂ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਮੀਰ ਖਾਨ ਉਰਫ਼ ਅਲੀ ਵਾਸੀ ਨੇੜੇ ਪਿੰਡ ਛਛਰੌਲੀ, ਯਮੁਨਾਨਗਰ (ਹਰਿਆਣਾ) ਅਤੇ ਸਾਗਰ ਵਾਸੀ ਪਿੰਡ ਸਿਆਲਬਾ ਮਾਜਰੀ (ਮੁਹਾਲੀ) ਵਜੋਂ ਹੋਈ ਹੈ। ਮੌਜੂਦਾ ਸਮੇਂ ਵਿੱਚ ਅਮੀਰ ਐਲਆਈਜੀ ਕਲੋਨੀ, ਸੈਕਟਰ-52 ਅਤੇ ਸਾਗਰ ਪਿੰਡ ਬੁੜੈਲ (ਚੰਡੀਗੜ੍ਹ) ਵਿੱਚ ਰਹਿ ਰਿਹਾ ਸੀ। ਅੱਜ ਇੱਥੇ ਮੁਹਾਲੀ ਦੇ ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ .32 ਬੋਰ ਦਾ ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਇਸ ਸਬੰਧੀ ਕੁਨਾਲ ਸਿੰਘ ਰੰਗੀ ਵਾਸੀ ਐਰੋਸਿਟੀ, ਮੁਹਾਲੀ ਦੇ ਬਿਆਨਾਂ ’ਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 392, 34 ਅਤੇ ਅਸਲਾ ਐਕਟ ਦੇ ਤਹਿਤ ਫੇਜ਼-11 ਥਾਣੇ ਵਿੱਚ ਪਰਚਾ ਦਰਜ ਕੀਤਾ ਗਿਆ ਸੀ। ਹੁਣ ਇਸ ਮਾਮਲੇ ਵਿੱਚ ਉਕਤ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਐਸਪੀ (ਡੀ) ਸੌਰਵ ਜਿੰਦਲ ਅਤੇ ਡੀਐਸਪੀ (ਡੀ) ਤਲਵਿੰਦਰ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਲੁੱਟ ਦੀ ਵਾਰਦਾਤ ਨੂੰ ਟਰੇਸ ਕਰਕੇ ਦੋਵੇਂ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਬੂਥ ਮਾਰਕੀਟ ਫੇਜ਼-10 ਵਿੱਚ ਜੀ.ਕੇ. ਜਿਊਲਰਜ ਦੇ ਮਾਲਕ ਕੁਨਾਲ ਰੰਗੀ 27 ਜੂਨ 2024 ਨੂੰ ਨਿੱਜੀ ਕੰਮ ਲਈ ਮਾਰਕੀਟ ਵਿੱਚ ਗਿਆ ਸੀ ਅਤੇ ਪਿੱਛੋਂ ਦੁਕਾਨ ’ਤੇ ਉਸ ਦੀ ਮਾਤਾ ਗੀਤਾਂਜਲੀ ਇਕੱਲੀ ਸੀ ਤਾਂ ਬਾਅਦ ਦੁਪਹਿਰ ਦੋ ਨੌਜਵਾਨ ਆਏ। ਜਿਨ੍ਹਾਂ ਨੇ ਪਿਸਤੌਲ ਦਿਖਾ ਕੇ ਸੋਨੇ ਦੇ ਗਹਿਣੇ ਲੁੱਟ ਲਏ ਅਤੇ ਮੌਕੇ ’ਤੇ ਐਕਟਿਵਾ ਛੱਡ ਕੇ ਫ਼ਰਾਰ ਹੋ ਗਏ।
ਐੱਸਐੱਸਪੀ ਨੇ ਦੱਸਿਆ ਕਿ ਲੁਟੇਰਿਆਂ ਕੋਲੋਂ ਪਿਸਤੌਲ, ਪੰਜ ਜ਼ਿੰਦਾ ਕਾਰਤੂਸ ਅਤੇ ਤਿੰਨ ਸੋਨੇ ਦੀ ਚੈਨੀਆਂ ਅਤੇ ਦੋ ਕੜੇ ਆਰਟੀਫੀਸ਼ੀਅਲ/ਨਕਲੀ ਸੋਨਾ, ਮੁਲਜ਼ਮ ਸਾਗਰ ਦੀ ਟੀ-ਸ਼ਰਟ ਜਿਸ ’ਤੇ ਗੈਂਗਸਟਰ ਲਿਖਿਆ ਹੋਇਆ ਹੈ, ਬਰਾਮਦ ਕੀਤੀ ਗਈ ਹੈ। ਦੋਵੇਂ ਮੁਲਜ਼ਮ ਫੇਜ਼-11 ਵਿੱਚ ਹੀ ਸਲੂਨ ਚਲਾਉਂਦੇ ਹਨ। ਅਮੀਰ ਖਾਨ ਅਕਸਰ ਫੇਜ਼-10 ਦੀ ਮਾਰਕੀਟ ਵਿੱਚ ਆਉਂਦਾ ਜਾਂਦਾ ਰਹਿੰਦਾ ਸੀ। ਉਸਨੇ ਕਈ ਵਾਰ ਦੇਖਿਆ ਸੀ ਕਿ ਜਿਊਲਰੀ ਦੁਕਾਨ ’ਤੇ ਅੌਰਤ ਇਕੱਲੀ ਬੈਠੀ ਹੁੰਦੀ ਹੈ। ਇਸ ਤਰ੍ਹਾਂ ਉਸਨੇ ਸਾਗਰ ਨਾਲ ਮਿਲਕੇ ਜਿਊਲਰ ਨੂੰ ਲੁੱਟਣ ਯੋਜਨਾ ਬਣਾਈ ਸੀ। ਵਾਰਦਾਤ ਨੂੰ ਅੰਜਾਮ ਦੇਣ ਲਈ ਪਹਿਲਾਂ ਉਨ੍ਹਾਂ ਨੇ ਐਕਟਿਵਾ ਚੋਰੀ ਕੀਤਾ ਅਤੇ ਅਮੀਰ ਖਾਨ ਨੇ ਯੂਪੀ ਤੋਂ ਖ਼ੁਦ ਜਾ ਕੇ ਨਾਜਾਇਜ਼ ਹਥਿਆਰ ਅਤੇ ਕਾਰਤੂਸ ਖ਼ਰੀਦੇ ਸਨ। ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਲਈ ਨਕਲੀ ਦਾੜੀ ਅਤੇ ਮਾਸਕ ਲਗਾ ਕੇ ਆਏ ਸਨ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਜਿਊਲਰੀ ਦੁਕਾਨ ’ਚੋਂ ਕਰੀਬ 350 ਗਰਾਮ ਗਹਿਣੇ ਲੁੱਟ ਕੀਤੇ ਸਨ ਅਤੇ ਉਨ੍ਹਾਂ ਨੇ ਆਪਣੇ ਤੌਰ ’ਤੇ ਗਹਿਣੇ ਚੈੱਕ ਕੀਤੇ ਤਾਂ ਉਹ ਆਰਟੀਫੀਸ਼ੀਅਲ ਜਾਪਦੇ ਸਨ। ਜਿਸ ਕਰਕੇ ਉਨ੍ਹਾਂ ਨੇ ਉਹ ਗਹਿਣੇ ਫੇਜ਼-9 ਨੇੜਿਓਂ ਲੰਘਦੇ ਗੰਦੇ ਨਾਲੇ ਵਿੱਚ ਸੁੱਟ ਦਿੱਤੇ ਸਨ। ਸਾਗਰ ਨੇ ਕੁੱਝ ਗਹਿਣੇ ਅਤੇ ਵਾਰਦਾਤ ਸਮੇਂ ਪਹਿਨੀ ਟੀ-ਸ਼ਰਟ ਮੰਡੇਰ ਨਗਰ ਖਰੜ ਵਿੱਚ ਰਹਿੰਦੀ ਆਪਣੀ ਮਾਤਾ ਦੇ ਕਿਰਾਏ ਵਾਲੇ ਮਕਾਨ ਵਿੱਚ ਛੁਪਾ ਕੇ ਰੱਖਿਆ ਸੀ।