ਲੁੱਟਾਂ-ਖੋਹਾਂ ਤੇ ਫਿਰੌਤੀ ਮੰਗਣ ਵਾਲੇ ਗੈਂਗਸਟਰ ਲੰਡਾ ਤੇ ਗੁਰਦੇਵ ਜੈਸਲ ਦੇ ਦੋ ਕਾਰਕੁਨ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ
ਨਬਜ਼-ਏ-ਪੰਜਾਬ, ਮੁਹਾਲੀ, 20 ਜਨਵਰੀ:
ਮੁਹਾਲੀ ਪੁਲੀਸ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲੁੱਟਾਂ-ਖੋਹਾਂ ਅਤੇ ਫਿਰੌਤੀ ਮੰਗਣ ਵਾਲੇ ਗੈਂਗਸਟਰ ਲਖਵੀਰ ਸਿੰਘ ਲੰਡਾ ਅਤੇ ਗੁਰਦੇਵ ਸਿੰਘ ਉਰਫ਼ ਜੱਸਲ ਉਰਫ਼ ਜੈਸਲ ਦੇ ਦੋ ਕਾਰਕੁਨਾਂ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਅਵਤਾਰ ਸਿੰਘ ਉਰਫ਼ ਵਿੱਕੀ ਅਤੇ ਅਮਰਵੀਰ ਸਿੰਘ ਦੋਵੇਂ ਵਾਸੀ ਪੱਤੀ ਗੁਰਮੁੱਖਾਂ ਦੀ ਪਿੰਡ ਖਡੂਰ ਸਾਹਿਬ (ਤਰਨਤਾਰਨ) ਵਜੋਂ ਹੋਈ ਹੈ। ਜਦੋਂਕਿ ਇਨ੍ਹਾਂ ਦਾ ਤੀਜਾ ਸਾਥੀ ਅਨਮੋਲ ਸਿੰਘ ਮੌਲਾ ਵਾਸੀ ਪਿੰਡ ਵਾੜਿੰਗ ਸੂਬਾ ਸਿੰਘ (ਤਰਨਤਾਰਨ) ਫਰਾਰ ਦੱਸਿਆ ਜਾ ਰਿਹਾ ਹੈ। ਇਨ੍ਹਾਂ ਖ਼ਿਲਾਫ਼ ਆਈਟੀ ਸਿਟੀ ਥਾਣਾ ਵਿੱਚ ਪਰਚਾ ਦਰਜ ਕੀਤਾ ਗਿਆ ਹੈ।
ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਬੀਤੀ 8 ਜਨਵਰੀ ਨੂੰ ਏਕਮਦੀਪ ਬਰਾੜ ਵਾਸੀ ਪਟਿਆਲਾ ਆਪਣੇ ਦੋਸਤ ਨਾਲ ਕਾਰ ਵਿੱਚ ਸਵਾਰ ਹੋ ਕੇ ਪਟਿਆਲਾ ਤੋਂ ਚੰਡੀਗੜ੍ਹ ਜਾ ਰਹੇ ਸੀ, ਤਿੰਨ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਮੁਹਾਲੀ ਏਅਰਪੋਰਟ ਸੜਕ ’ਤੇ ਘੇਰ ਲਿਆ ਅਤੇ ਜਾਨੋਂ ਮਾਰਨ ਦੀ ਨੀਅਤ ਅਤੇ ਕਾਰ ਖੋਹਣ ਲਈ ਉਨ੍ਹਾਂ ’ਤੇ ਸਿੱਧੀ ਫਾਇਰਿੰਗ ਕਰ ਦਿੱਤੀ, ਇੱਕ ਫਾਇਰ ਉਸ ਦੇ ਦੋਸਤ ਦੇ ਖੱਬੇ ਮੋਢੇ ’ਤੇ ਲੱਗਿਆ, ਪਿੱਠ ’ਤੇ ਅਤੇ ਬਾਕੀ ਫਾਇਰ ਗੱਡੀ ’ਤੇ ਲੱਗੇ ਸਨ। ਇਸ ਸਬੰਧੀ ਪਰਚਾ ਦਰਜ ਕਰਕੇ ਮੁਲਜ਼ਮਾਂ ਦੀ ਪੈੜ ਨੱਪਣ ਲਈ ਐਸਪੀ (ਡੀ) ਜਯੋਤੀ ਯਾਦਵ, ਡੀਐਸਪੀ (ਡੀ) ਤਲਵਿੰਦਰ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ’ਚ ਜਾਂਚ ਟੀਮ ਬਣਾਈ ਗਈ। ਇਸ ਦੌਰਾਨ ਉਕਤ ਟੀਮ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ 32 ਬੋਰ ਦੇ ਤਿੰਨ ਪਿਸਤੌਲ ਤੇ ਦੋ ਕਾਰਤੂਸ, 32 ਬੋਰ ਦਾ ਇੱਕ ਦੇਸੀ ਪਿਸਤੌਲ ਤੇ ਦੋ ਕਾਰਤੂਸ, 315 ਬੋਰ ਦੀ ਇੱਕ ਦੇਸੀ ਪਿਸਤੌਲ ਤੇ ਦੋ ਕਾਰਤੂਸ ਅਤੇ ਲੁਧਿਆਣਾ ਤੋਂ ਖੋਹੀ ਬਰਿੱਜਾ ਕਾਰ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਪਹਿਲਾਂ ਵੀ ਵੱਖ-ਵੱਖ ਕੇਸਾਂ ਵਿੱਚ ਥਾਣਾ ਗੋਇੰਦਵਾਲ ਸਾਹਿਬ ਅਤੇ ਥਾਣਾ ਕਰਤਾਰਪੁਰ ਪੁਲੀਸ ਨੂੰ ਲੋੜੀਂਦੇ ਹਨ। ਮੁਲਜ਼ਮਾਂ ਨੇ ਮੰਨਿਆ ਕਿ ਉਹ ਬੀਤੀ 7 ਜਨਵਰੀ ਨੂੰ ਤਰਨਤਾਰਨ ਤੋਂ ਬੱਸ ਵਿੱਚ ਸਵਾਰ ਹੋ ਕੇ ਵਾਰਦਾਤਾਂ ਕਰਨ ਦੀ ਤਾਂਗ ਵਿੱਚ ਰਾਜਪੁਰਾ ਅਤੇ ਮੁਹਾਲੀ ਆਏ ਸਨ।
ਇਸ ਤੋਂ ਬਾਅਦ ਉਨ੍ਹਾਂ ਨੇ ਪਹਿਲਾਂ ਰਾਜਪੁਰਾ-ਅੰਬਾਲਾ ਸੜਕ ’ਤੇ ਪਿੰਡ ਗੰਡਿਆਂ ਕੱਟ ਤੋਂ ਦਲੇਰ ਸਿੰਘ ਵਾਸੀ ਪਿੰਡ ਸੈਲਫਪੁਰ ’ਤੇ ਫਾਇਰ ਕਰਕੇ ਮੋਟਰ ਸਾਈਕਲ ਖੋਹਿਆ। ਫਿਰ ਉਨ੍ਹਾਂ ਨੇ ਮੁਹਾਲੀ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ। ਜਿਸ ਮਾਮਲੇ ਵਿੱਚ ਉਨ੍ਹਾਂ ਦੀ ਗ੍ਰਿਫ਼ਤਾਰੀ ਪਾਈ ਗਈ ਹੈ। ਇਸ ਮਗਰੋਂ ਉਨ੍ਹਾਂ ਨੇ ਸਾਹਨੇਵਾਲ, ਲੁਧਿਆਣਾ ’ਚੋਂ ਬਰਿੱਜਾ ਕਾਰ ਖੋਹੀ। ਇਸ ਸਬੰਧੀ ਸ਼ੰਭੂ, ਮੁਹਾਲੀ ਤੇ ਲੁਧਿਆਣਾ ਦੇ ਥਾਣਿਆਂ ਵਿੱਚ ਪਰਚੇ ਦਰਜ ਹਨ।
ਐੱਸਐੱਸਪੀ ਨੇ ਦੱਸਿਆ ਕਿ ਬੀਤੀ 9 ਜਨਵਰੀ ਨੂੰ ਮੁਲਜ਼ਮਾਂ ਨੇ ਆਪਣੇ ਹੋਰ ਸਾਥੀਆਂ ਨਾਲ ਮਿਲਕੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਲਖਵੀਰ ਸਿੰਘ ਲੰਡਾ ਅਤੇ ਗੁਰਦੇਵ ਸਿੰਘ ਜੈਸਲ ਦੇ ਕਹਿਣ ’ਤੇ ਰਾਜੇਸ਼ ਉਰਫ਼ ਸੋਨੂੰ ਵਾਸੀ ਮੁਹੱਲਾ ਆਰੀਆ ਸਮਾਜ, ਮੁਕੇਰੀਆਂ ਜੋ ਇਸ ਸਮੇਂ ਗਰੀਸ ਵਿੱਚ ਰਹਿ ਰਿਹਾ ਹੈ, ਕੋਲੋਂ ਗੈਂਗਸਟਰ ਲੰਡਾ ਨੇ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਰਾਜੇਸ਼ ਨੇ ਫਿਰੌਤੀ ਨਾ-ਦੇਣ ’ਤੇ ਉਸਦੇ ਘਰ ’ਤੇ ਅੰਨੇ੍ਹਵਾਹ ਫਾਇਰਿੰਗ ਕਰਕੇ ਬਰਿੱਜਾ ਕਾਰ ਖੋਹੀ ਗਈ। ਇਸ ਸਬੰਧੀ ਮੁਕੇਰੀਆ ਥਾਣੇ ਵਿੱਚ ਵੱਖਰਾ ਪਰਚਾ ਦਰਜ ਹੈ। ਮੁਲਜ਼ਮਾਂ ਨੂੰ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁੱਛਗਿੱਛ ਦੌਰਾਨ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।