ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੁਹਾਲੀ ਦੇ ਦੋ ਕੈਡਿਟ ਏਅਰਫੋਰਸ ਵਿੱਚ ਫਲਾਇੰਗ ਅਫ਼ਸਰ ਬਣੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੂਨ:
ਏਅਰ ਫੋਰਸ ਅਕੈਡਮੀ, ਡੂੰਡੀਗਲ (ਹੈਦਰਾਬਾਦ) ਵਿਖੇ ਕੰਬਾਈਨਡ ਗਰੈਜੂਏਸ਼ਨ ਪਰੇਡ (ਸੀਜੀਪੀ) ਆਯੋਜਿਤ ਕੀਤੀ ਗਈ। ਏਅਰ ਸਟਾਫ਼ ਦੇ ਮੁੱਖ ਏਅਰ ਚੀਫ਼ ਮਾਰਸ਼ਲ ਆਰਕੇਐਸ ਭਦੌਰੀਆ ਨੇ ਇਸ ਪਰੇਡ ਦਾ ਜਾਇਜ਼ਾ ਲਿਆ। ਆਈਏਐਫ਼ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਕੁੱਲ 152 ਕੈਡਿਟ ਜਿਨ੍ਹਾਂ ਵਿੱਚ 24 ਮਹਿਲਾ ਕੈਡਿਟ ਵੀ ਸ਼ਾਮਲ ਹਨ, ਨੇ ਆਈਏਐਫ਼ ਦੇ ਅਲੀਟ ਕਾਡਰ ਵਿੱਚ ਭਰਤੀ ਹੋਣ ਲਈ ਫਲਾਇੰਗ ਅਫ਼ਸਰ ਵਜੋਂ ਗਰੈਜੂਏਸ਼ਨ ਕੀਤੀ ਸੀ। ਕੋਵਿਡ ਪਾਬੰਦੀਆਂ ਕਾਰਨ ਕੈਡਿਟਾਂ ਦੇ ਮਾਪਿਆਂ ਨੂੰ ਪਰੇਡ ਵਿੱਚ ਨਹੀਂ ਸੱਦਿਆ ਗਿਆ।
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏਐਫ਼ਪੀਆਈ) ਮੁਹਾਲੀ ਦੇ ਦੋ ਕੈਡਿਟਾਂ ਦੀ ਫਲਾਇੰਗ ਅਫ਼ਸਰ ਵਜੋਂ ਚੋਣ ਕੀਤੀ ਗਈ ਹੈ। ਏਅਰ ਸਟਾਫ਼ ਦੇ ਮੁੱਖ ਏਅਰ ਚੀਫ਼ ਮਾਰਸ਼ਲ ਆਰਕੇਐਸ ਭਦੌਰੀਆ ਨੇ ਉਨ੍ਹਾਂ ਨੂੰ ਫਲਾਇੰਗ ਵਿੰਗ ਦੇ ਕੇ ਸਨਮਾਨਿਤ ਕੀਤਾ। ਕੈਡਿਟ ਸਹਿਜ ਸ਼ਰਮਾ ਨੂੰ ਹੈਲੀਕਾਪਟਰ ਸਟ੍ਰੀਮ ਵਿੱਚ ਲਗਾਇਆ ਗਿਆ ਹੈ। ਉਸ ਨੇ 2014 ਵਿੱਚ ਏਐਫ਼ਪੀਆਈ ਵਿੱਚ ਦਾਖ਼ਲਾ ਲਿਆ ਸੀ ਅਤੇ ਆਪਣੀ ਸਿਖਲਾਈ ਪੂਰੀ ਕਰਨ ਤੋਂ ਬਾਅਦ ਕੌਮੀ ਸੁਰੱਖਿਆ ਅਕੈਡਮੀ (ਐਨਡੀਏ) ਵਿੱਚ ਏਅਰ ਫੋਰਸ ਦੇ ਕੈਡਿਟ ਵਜੋਂ ਭਰਤੀ ਹੋਇਆ। ਉਸ ਦੇ ਪਿਤਾ ਧਰਵਿੰਦਰ ਸ਼ਰਮਾ ਵਾਸੀ ਅੰਮ੍ਰਿਤਸਰ ਇੰਡੀਅਨ ਰੈਡ ਕਰਾਸ ਸੁਸਾਇਟੀ ਵਿੱਚ ਸੀਨੀਅਰ ਸਹਾਇਕ ਹਨ ਜਦੋਂਕਿ ਮਾਤਾ ਸ੍ਰੀਮਤੀ ਗੀਤਾ ਸ਼ਰਮਾ ਇੱਕ ਘਰੇਲੂ ਅੌਰਤ ਹੈ।
ਕੈਡਿਟ ਪ੍ਰੀਤਇੰਦਰ ਪਾਲ ਸਿੰਘ ਬਾਠ ਸਾਲ 2015 ਵਿੱਚ ਏਐਫਪੀਆਈ ਵਿੱਚ ਦਾਖ਼ਲ ਹੋਇਆ ਸੀ ਅਤੇ ਸਾਲ 2017 ਵਿੱਚ ਐਨਡੀਏ ਚਲਾ ਗਿਆ ਸੀ। ਉਸਦੇ ਪਿਤਾ ਰਾਜਿੰਦਰ ਸਿੰਘ ਬਾਠ ਲੈਕਚਰਾਰ ਅਤੇ ਮਾਤਾ ਸ੍ਰੀਮਤੀ ਅਮਨਪ੍ਰੀਤ ਕੌਰ ਵੀ ਅਧਿਆਪਕ ਹਨ। ਉਹ ਪਠਾਨਕੋਟ ਨਾਲ ਸਬੰਧਤ ਹਨ। ਪ੍ਰੀਤਇੰਦਰ ਪਾਲ ਨੇ ਆਈਏਐਫ਼ ਦੀ ਫਾਈਟਰ ਸਟ੍ਰੀਮ ਵਿੱਚ ਭਰਤੀ ਹੋ ਕੇ ਆਪਣਾ ਸੁਪਨਾ ਸਾਕਾਰ ਕੀਤਾ।
ਮਹਾਰਾਜਾ ਰਣਜੀਤ ਸਿੰਘ ਅਕੈਡਮੀ ਨੇ ਸਾਲ 2013 ਤੋਂ ਹੁਣ ਤੱਕ ਐਨਡੀਏ ਅਤੇ ਹੋਰ ਮਿਲਟਰੀ ਸਿਖਲਾਈ ਅਕੈਡਮੀਆਂ ਵਿੱਚ 162 ਕੈਡਿਟ ਭੇਜੇ ਹਨ। ਇਨ੍ਹਾਂ ’ਚੋਂ 85 ਪਹਿਲਾਂ ਹੀ ਹਥਿਆਰਬੰਦ ਸੈਨਾ ਵਿੱਚ ਅਧਿਕਾਰੀ ਬਣ ਚੁੱਕੇ ਹਨ। 68 ਕੈਡਿਟਸ ਆਰਮੀ ਵਿੱਚ ਭਰਤੀ ਹੋਏ, 8 ਨੇਵੀ ਅਤੇ 9 ਏਅਰਫੋਰਸ ਵਿੱਚ ਭਰਤੀ ਹੋਏ ਹਨ। ਬਾਕੀ ਕੈਡਿਟ ਵੱਖ-ਵੱਖ ਫੌਜੀ ਅਕੈਡਮੀਆਂ ਵਿੱਚ ਆਪਣੀ ਸਿਖਲਾਈ ਲੈ ਰਹੇ ਹਨ। ਸੀਟੀ ਡਬਲਯੂ ਦਾ ਉਦੇਸ਼ ਹਥਿਆਰਬੰਦ ਸੈਨਾ ਵਿੱਚ ਭਰਤੀ ਹੋਣ ਵਾਲੇ ਪੰਜਾਬ ਦੇ ਨੌਜਵਾਨਾਂ ਦੀ ਗਿਣਤੀ ਨੂੰ ਹੋਰ ਵਧਾਉਣਾ ਹੈ। ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸੂਬੇ ਦੇ ਸੱਤ ਸਕੂਲਾਂ ਦੀ ਪਛਾਣ ਕੀਤੀ ਗਈ ਹੈ ਅਤੇ ਵਿਦਿਆਰਥੀਆਂ ਨੂੰ ਹਥਿਆਰਬੰਦ ਸੈਨਾ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਅਤੇ ਮਾਰਗ ਦਰਸ਼ਨ ਕਰਨ ਲਈ ਪ੍ਰੇਰਿਆ ਜਾਵੇਗਾ ਤਾਂ ਜੋ ਵਿਦਿਆਰਥੀ ਏਐਫ਼ਪੀਆਈ ਸਿਖਲਾਈ ਦਾ ਲਾਭ ਲੈ ਸਕਣ ਅਤੇ ਅਫ਼ਸਰਾਂ ਵਜੋਂ ਹਥਿਆਰਬੰਦ ਸੈਨਾ ਵਿੱਚ ਭਰਤੀ ਹੋਣ ਦੇ ਆਪਣੇ ਮਿੱਥੇ ਟੀਚੇ ਨੂੰ ਪ੍ਰਾਪਤ ਕਰ ਸਕਣ। ਇਸ ਸਮੇਂ ਮੁਹਾਲੀ ਵਿੱਚ ਦਸਵੀਂ ਅਤੇ ਗਿਆਰ੍ਹਵੀਂ ਏਐਫ਼ਪੀਆਈ ਕੋਰਸਾਂ ਦੇ 92 ਕੈਡਿਟ ਸਿਖਲਾਈ ਲੈ ਰਹੇ ਹਨ। ਕੋਵਿਡ ਕਾਰਨ ਮਾਰਚ 2020 ਤੋਂ ਸਾਰੀ ਸਿਖਲਾਈ ਆਨਲਾਈਨ ਵਿਧੀ ਨਾਲ ਦਿੱਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …