
ਟਰੈਫ਼ਿਕ ਲਾਈਟ ਪੁਆਇੰਟ ’ਤੇ ਦੋ ਕਾਰਾਂ ਦੀ ਟੱਕਰ, ਕੈਬ ਚਾਲਕ ਤੇ ਲੜਕੀਆਂ ਨੂੰ ਸੱਟਾਂ ਲੱਗੀਆਂ
ਨਬਜ਼-ਏ-ਪੰਜਾਬ, ਮੁਹਾਲੀ, 8 ਜੁਲਾਈ:
ਇੱਥੋਂ ਦੇ ਫੇਜ਼-3-ਬੀ-2 ਅਤੇ ਸੈਕਟਰ-71 ਦੀਆਂ ਟਰੈਫ਼ਿਕ ਲਾਈਟਾਂ (ਨੇੜੇ ਡਾ. ਬੀਆਰ ਅੰਬੇਦਕਰ ਇੰਸਟੀਚਿਊਟ) ’ਤੇ ਦੋ ਕਾਰਾਂ ਦੀ ਆਪਸ ਵਿੱਚ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਇੱਕ ਕਾਰ ਸਵਾਰ ਤੇ ਲੜਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਪ੍ਰੰਤੂ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਪੀਸੀਐਲ ਚੌਂਕ ਵਾਲੇ ਪਾਸਿਓਂ ਆ ਰਹੀ ਇੱਕ ਕੈਬ (ਜਿਸ ’ਚ ਕੁਝ ਕੁੜੀਆਂ ਸਵਾਰ ਸਨ) ਨੂੰ ਟਰੈਫ਼ਿਕ ਲਾਈਟਾਂ ਪਾਰ ਕਰਨ ਸਮੇਂ ਸੈਕਟਰ-71 ਵਾਲੇ ਪਾਸਿਓਂ ਆਉਣ ਵਾਲੇ ਇੱਕ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਕੈਬ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਉਸ ਵਿੱਚ ਸਵਾਰ ਲੜਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦੋਂਕਿ ਦੂਜੀ ਗੱਡੀ ਦਾ ਚਾਲਕ ਮੌਕੇ ਤੋਂ ਆਪਣੇ ਹਾਦਸਾਗ੍ਰਸਤ ਵਾਹਨ ਸਮੇਤ ਫਰਾਰ ਹੋ ਗਿਆ।
ਇਸ ਮੌਕੇ ’ਤੇ ਮੌਜੂਦ ਸਮਾਜ ਸੇਵੀ ਆਗੂ ਅਤੇ ਪੁੱਡਾ ਦੇ ਸੇਵਾਮੁਕਤ ਐਕਸੀਅਨ ਐਨਐਸ ਕਲਸੀ ਨੇ ਦੱਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਟਰੈਫ਼ਿਕ ਲਾਈਟਾਂ ਬੰਦ ਸਨ। ਉਨ੍ਹਾਂ ਕਿਹਾ ਕਿ ਜੇਕਰ ਟਰੈਫ਼ਿਕ ਲਾਈਟਾਂ ਚੱਲਦੀਆਂ ਹੁੰਦੀਆਂ ਜਾਂ ਇੱਥੇ ਗੋਲ ਚੌਂਕ ਬਣਿਆ ਹੁੰਦਾ ਤਾਂ ਹਾਦਸਾ ਵਾਪਰਨ ਤੋਂ ਬਚਾਅ ਹੋ ਸਕਦਾ ਸੀ। ਉਨ੍ਹਾਂ ਦੱਸਿਆ ਕਿ ਮੁਹਾਲੀ ਦੀਆਂ ਵੱਧ ਭੀੜ ਵਾਲੀਆਂ ਟਰੈਫ਼ਿਕ ਲਾਈਟਾਂ ’ਤੇ ਚੌਂਕ ਬਣਾਉਣ ਦੀ ਮੰਗ ਨੂੰ ਲੈ ਕੇ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਸਮੇਤ ਨਗਰ ਨਿਗਮ ਅਤੇ ਗਮਾਡਾ ਅਧਿਕਾਰੀਆਂ ਨੂੰ ਕਈ ਪੱਤਰ ਲਿਖੇ ਜਾ ਚੁੱਕੇ ਹਨ, ਪ੍ਰੰਤੂ ਹੁਣ ਤੱਕ ਕਿਸੇ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਯੂਟੀ ਪ੍ਰਸ਼ਾਸਨ ਵੱਲੋਂ ਜ਼ਿਆਦਾ ਭੀੜ-ਭੜੱਕੇ ਵਾਲੀਆਂ ਟਰੈਫ਼ਿਕ ਲਾਈਟ ਪੁਆਇੰਟਾਂ ’ਤੇ ਚੌਂਕ ਬਣਾਏ ਜਾ ਰਹੇ ਹਨ। ਜਿਸ ਕਾਰਨ ਉੱਥੇ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਮੁਹਾਲੀ ਦੀਆਂ ਵੱਧ ਭੀੜ ਵਾਲੇ ਟਰੈਫ਼ਿਕ ਲਾਈਟ ਪੁਆਇੰਟਾਂ ’ਤੇ ਗੋਲ ਚੌਂਕ ਬਣਾਏ ਜਾਵੇ ਤਾਂ ਜੋ ਸੜਕ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ।