ਮੁਹਾਲੀ ਵਿੱਚ ਏਅਰਪੋਰਟ ਸੜਕ ’ਤੇ ਦੋ ਕਾਰਾਂ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਈ:
ਮੁਹਾਲੀ ਕੌਮਾਂਤਰੀ ਏਅਰਪੋਰਟ ਸੜਕ ’ਤੇ ਲੰਘੀ ਰਾਤ ਅਤੇ ਐਤਵਾਰ ਨੂੰ ਦੋ ਵੱਖ ਵੱਖ ਕਾਰਾਂ ਨੂੰ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ। ਦੋਵੇਂ ਕਾਰਾਂ ਬੂਰੀ ਤਰ੍ਹਾਂ ਸੜ ਗਈਆਂ ਹਨ ਪ੍ਰੰਤੂ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਦੋਵੇਂ ਕਾਰਾਂ ਵਿੱਚ ਸਵਾਰ ਵਿਅਕਤੀ ਵਾਲ ਵਾਲ ਬਚ ਗਏ।
ਇੱਥੋਂ ਦੇ ਫੇਜ਼-11 ਥਾਣਾ ਅਧੀਨ ਆਉਂਦੇ ਏਅਰਪੋਰਟ ਸੜਕ ’ਤੇ ਆਈਸਰ ਟਰੈਫ਼ਿਕ ਚੌਂਕ ਨੇੜੇ ਅਚਾਨਕ ਇੱਕ ਹਾਂਡਾ ਸਿਟੀ ਕਾਰ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ ਹਾਂਡਾ ਕਾਰ ਸੜ ਕੇ ਸੁਆਹ ਹੋ ਗਈ, ਜਦੋਂਕਿ ਕਾਰ ਸਵਾਰ ਪਰਿਵਾਰ ਨੇ ਬੜੀ ਮੁਸ਼ਕਲ ਨਾਲ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਕਾਰ ਦੇ ਮਾਲਕ ਵਰਿੰਦਰ ਸਿੰਘ ਭੱਲਾ ਵਾਸੀ ਸੈਕਟਰ-91 ਨੇ ਦੱਸਿਆ ਕਿ ਉਹ ਆਪਣੇ ਜੀਜੇ ਰਵਿੰਦਰ ਸਿੰਘ ਨਾਲ ਦਿੱਲੀ ਜਾ ਰਿਹਾ ਸੀ। ਜਦੋਂ ਉਹ ਆਈਸਰ ਟਰੈਫ਼ਿਕ ਲਾਈਟ ਚੌਂਕ ਨੇੜੇ ਪੁੱਜੇ ਤਾਂ ਅਚਾਨਕ ਗੱਡੀ ’ਚੋਂ ਧੂੰਆ ਨਿਕਲਣਾ ਸ਼ੁਰੂ ਹੋ ਗਿਆ। ਉਹ ਹਾਲੇ ਕਾਰ ’ਚੋਂ ਬਾਹਰ ਨਿਕਲ ਕੇ ਦੇਖ ਹੀ ਰਹੇ ਸਨ ਕਿ ਦੇਖਦੇ ਹੀ ਦੇਖਦੇ ਅੱਗ ਨੇ ਕਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਵਰਿੰਦਰ ਭੱਲਾ ਮੁਤਾਬਕ ਉਨ੍ਹਾਂ ਤੁਰੰਤ ਮੁਹਾਲੀ ਫਾਇਰ ਬ੍ਰਿਗੇਡ ਅਤੇ ਸਥਾਨਕ ਪੁਲੀਸ ਨੂੰ ਇਤਲਾਹ ਦਿੱਤੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚ ਗਏ। ਪ੍ਰੰਤੂ ਉਦੋਂ ਤੱਕ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਕਾਰ ਪਏ ਕੁਝ ਜ਼ਰੂਰੀ ਦਸਤਾਵੇਜ਼ ਅਤੇ ਹੋਰ ਸਮਾਨ ਵੀ ਸੜ ਗਿਆ। ਉਧਰ, ਜਾਂਚ ਅਧਿਕਾਰੀ ਗੁਰਨਾਮ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸ਼ਾਟ ਸਰਕਟ ਕਾਰਨ ਕਾਰ ਨੂੰ ਅੱਗ ਲੱਗੀ ਹੈ।
ਉਧਰ, ਏਅਰਪੋਰਟ ਸੜਕ ’ਤੇ ਲੰਘੀ ਰਾਤ ਇੱਕ ਚਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਕਾਰ ਸੜ ਕੇ ਸੁਆਹ ਹੋ ਗਈ। ਪੀੜਤ ਜਸਵਿੰਦਰ ਕੁਮਾਰ ਵਾਸੀ ਪਿੰਡ ਸੁਲਰ ਕਲਾਂ (ਰਾਜਪੁਰਾ) ਨੇ ਦੱਸਿਆ ਕਿ ਉਹ ਆਪਣੇ ਦੋਸਤ ਬਲਜਿੰਦਰ ਕੁਮਾਰ ਨਾਲ ਬੀਤੀ ਦੇਰ ਰਾਤ ਅਪੋਲੋ ਕਾਰ ਵਿੱਚ ਸਵਾਰ ਹੋ ਕੇ ਚੰਡੀਗੜ੍ਹ ਤੋਂ ਵਾਪਸ ਰਾਜਪੁਰਾ ਜਾ ਰਹੇ ਸੀ ਕਿ ਰਸਤੇ ਵਿੱਚ ਏਅਰਪੋਰਟ ਸੜਕ ’ਤੇ ਉਨ੍ਹਾਂ ਨੂੰ ਨੇੜਿਓਂ ਲੰਘ ਰਹੇ ਮੋਟਰ ਸਾਈਕਲ ਚਾਲਕ ਨੇ ਦੱਸਿਆ ਕਿ ਕਾਰ ’ਚੋਂ ਧੂੰਆਂ ਨਿਕਲ ਰਿਹਾ ਹੈ। ਜਸਵਿੰਦਰ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੇ ਕਾਰ ਸਾਈਡ ’ਤੇ ਲਗਾਈ ਅਤੇ ਬੋਨਟ ਖੋਲ੍ਹ ਕੇ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਧਮਾਕਾ ਹੋਇਆ ਅਤੇ ਦੇਖਦੇ ਹੀ ਦੇਖਦੇ ਹੀ ਅੱਗ ਦੇ ਭਾਂਬੜ ਮਚ ਗਏ ਅਤੇ ਕਾਰ ਸੜ ਕੇ ਸੁਆਹ ਹੋ ਗਈ। ਉਨ੍ਹਾਂ ਦੱਸਿਆ ਕਿ ਇਹ ਕਾਰ ਚੰਡੀਗੜ੍ਹ ਦੇ ਸੈਕਟਰ-46 ਵਿੱਚ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰ ਪੁਲੀਸ ਮੁਲਾਜ਼ਮ ਦੀ ਸੀ। ਉਨ੍ਹਾਂ ਨੇ ਕਿਸੇ ਹੋਰ ਰਿਸ਼ਤੇਦਾਰੀ ਵਿੱਚ ਜਾਣ ਲਈ ਪੁਲੀਸ ਕਰਮੀ ਤੋਂ ਕਾਰ ਮੰਗ ਲੈ ਕੇ ਲਿਜਾ ਰਹੇ ਸੀ ਕਿ ਰਸਤੇ ਵਿੱਚ ਹਾਦਸਾ ਵਾਪਰ ਗਿਆ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…