ਮੁਹਾਲੀ ਤੋਂ ਐਮਬੀਬੀਐਸ ਦੀ ਪੜ੍ਹਾਈ ਕਰਨ ਯੂਕਰੇਨ ਗਏ ਦੋ ਬੱਚੇ ਫਸੇ, ਮਾਪੇ ਚਿੰਤਤ
ਯੂਕਰੇਨ ਤਣਾਅ ਦੇ ਮੱਦੇਨਜ਼ਰ ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੰਟਰੋਲ ਰੂਮ ਸਥਾਪਿਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਫਰਵਰੀ:
ਰੂਸ ਵੱਲੋਂ ਯੂਕਰੇਨ ’ਤੇ ਲਗਾਤਾਰ ਕੀਤੇ ਜਾ ਰਹੇ ਜੰਗ-ਨੁਮਾ ਹਿੰਸਕ ਹਮਲੇ ਕਾਰਨ ਪੈਦਾ ਹੋਏ ਤਣਾਅ ਦਾ ਸੇਕ ਮੁਹਾਲੀ ਤੱਕ ਪਹੁੰਚ ਗਿਆ ਹੈ। ਇੱਥੋਂ ਦੇ ਦੋ ਬੱਚੇ ਅਚਲ ਅਤੇ ਸਚਦੇਵਾ ਪਰੀਦਾ ਉੱਥੇ ਬੁਰੀ ਤਰ੍ਹਾਂ ਫਸ ਗਏ ਹਨ। ਦੱਸਿਆ ਗਿਆ ਹੈ ਕਿ ਇਹ ਬੱਚੇ ਤਿੰਨ ਦਿਨ ਤੋਂ ਭੁੱਖੇ ਹਨ। ਨੈੱਟਵਰਕ ਦੀ ਸਮੱਸਿਆ ਕਾਰਨ ਹੁਣ ਪੀੜਤ ਬੱਚਿਆਂ ਦਾ ਆਪਣੇ ਮਾਪਿਆਂ ਨਾਲ ਸੰਪਰਕ ਵੀ ਟੁੱਟਦਾ ਜਾ ਰਿਹਾ ਹੈ। ਲੀਲੀ ਅਤੇ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ 11 ਦਸੰਬਰ 2021 ਨੂੰ ਐਮਬੀਬੀਐਸ ਦੀ ਪੜ੍ਹਾਈ ਕਰਨ ਲਈ ਯੂਕਰੇਨ ਗਏ ਸੀ। ਖਾਰ ਕੇ ਇੰਟਰਨੈਸ਼ਨਲ ਹੋਸਟਲ ਨੰਬਰ-5 ਵਿੱਚ ਰਹਿੰਦੇ ਹਨ। ਸਿਮਾਸਲ ਪਰੀਦਾ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਪਹਿਲਾਂ ਤਾਂ ਫੋਨ ’ਤੇ ਵੀ ਗੱਲ ਹੋ ਜਾਂਦੀ ਸੀ ਸੀ ਲੇਕਿਨ ਬੇਸਮੈਂਟ ਵਿੱਚ ਰੱਖੇ ਜਾਣ ਕਾਰਨ ਹੁਣ ਤਾਲਮੇਲ ਕਰਨ ਵਿੱਚ ਦਿੱਕਤਾਂ ਆ ਰਹੀਆਂ ਹਨ। ਹਾਲਾਂਕਿ ਬੱਚਿਆਂ ਵੱਲੋਂ ਵੀਡੀਓ ਬਣਾ ਕੇ ਭੇਜੀਆਂ ਜਾਂਦੀਆਂ ਹਨ ਪ੍ਰੰਤੂ ਉਹ ਆਪਣੇ ਬੱਚਿਆਂ ਨਾਲ ਗੱਲ ਕਰਨ ਨੂੰ ਤਰਸ ਰਹੇ ਹਨ ਅਤੇ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਚਿੰਤਾ ਸਤਾ ਰਹੀ ਹੈ।
ਪੀੜਤ ਮਾਪਿਆਂ ਨੇ ਦੱਸਿਆ ਕਿ ਅੱਜ ਯੂਕਰੇਨ ਵਿੱਚ ਉੱਥੋਂ ਦੇ ਟਾਈਮ ਮੁਤਾਬਕ ਸ਼ੁੱਕਰਵਾਰ ਤਕਰੀਬਨ ਦੁਪਹਿਰ 1 ਵਜੇ ਅਤੇ ਭਾਰਤ ਦੇ ਟਾਈਮ ਮੁਤਾਬਕ ਸ਼ਾਮ ਸਾਢੇ 4 ਵਜੇ ਇਕ ਮਿਸਾਲ ਉਨ੍ਹਾਂ ਦੇ ਹੋਸਟਲ ਦੇ ਬਿਲਕੁਲ ਨੇੜੇ ਆ ਕੇ ਡਿੱਗੀ, ਜਿੱਥੇ ਉਹ ਬੇਸਮੈਂਟ ਵਿੱਚ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰਮਾਤਮਾ ਦਾ ਸ਼ੁੱਕਰ ਹੈ ਕਿ ਇਹ ਮਿਸਾਲ ਚੱਲੀ ਨਹੀਂ ਅਤੇ ਜ਼ਮੀਨ ਵਿੱਚ ਧਸ ਕੇ ਬੰਦ ਹੋ ਗਈ ਹੈ ਲੇਕਿਨ ਜੇਕਰ ਇਹ ਮਿਸਾਲ ਚੱਲ ਪੈਂਦੀ ਹੈ ਤਾਂ ਉੱਥੇ ਬਹੁਤ ਵੱਡਾ ਦੁਖਾਂਤ ਵਾਪਰ ਸਕਦਾ ਹੈ। ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੇ ਰਾਜਪਾਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਹੌਲ ਸ਼ਾਂਤ ਹੋਣ ਤੱਕ ਉਨ੍ਹਾਂ ਦੇ ਬੱਚਿਆਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਜਿੰਨੀ ਜਲਦੀ ਹੋ ਸਕੇ ਸਹੀ ਸਲਾਮਤ ਘਰ ਵਾਪਸ ਭੇਜਿਆ ਜਾਵੇ।
ਮਿਲੀ ਜਾਣਕਾਰੀ ਅਨੁਸਾਰ ਯੂਕਰੇਨ ਵਿੱਚ ਰੂਸ ਦੀ ਸਰਹੱਦ ਨਾਲ ਲੱਗਦੇ ਸੂਮੀ ਸ਼ਹਿਰ ’ਤੇ ਰੂਸੀ ਫੌਜ ਵੱਲੋਂ ਕਬਜ਼ਾ ਕਰਨ ਮਗਰੋਂ ਘੱਟੋ-ਘੱਟ 400 ਭਾਰਤੀ ਵਿਦਿਆਰਥੀਆਂ ਨੇ ਤਹਿਖ਼ਾਨੇ ਵਿੱਚ ਸ਼ਰਨ ਲਈ ਹੈ ਅਤੇ ਭਾਰਤ ਸਰਕਾਰ ਨੂੰ ਉਨ੍ਹਾਂ ਨੂੰ ਕੱਢਣ ਦੀ ਅਪੀਲ ਕੀਤੀ ਹੈ। ਪੀੜਤ ਬੱਚਿਆਂ ਅਨੁਸਾਰ ਉਹ ਆਪਣੀ ਸੁਰੱਖਿਆ ਬਾਰੇ ਚਿੰਤਤ ਹਨ ਕਿਉਂਕਿ ਬਾਹਰ ਗੋਲੀਆਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ।
ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਅਚਲ ਅਤੇ ਸਚਦੇਵਾ ਪਰੀਦਾ ਨੇ ਆਪਣੇ ਮਾਪਿਆਂ ਨੂੰ ਭੇਜੀ ਵੀਡੀਓ ਵਿੱਚ ਦੱਸਿਆ ਕਿ ਇਸ ਸਮੇਂ ਉਹ ਆਪਣੇ ਹੋਸਟਲ ਦੇ ਤਹਿਖ਼ਾਨੇ ਵਿੱਚ ਲੁਕੇ ਹੋਏ ਹਨ ਅਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਇੱਥੇ ਕਿੰਨਾ ਸਮਾਂ ਸੁਰੱਖਿਅਤ ਰਹਿ ਸਕਣਗੇ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਯੂਕਰੇਨ ’ਚੋਂ ਸੁਰੱਖਿਅਤ ਬਾਹਰ ਕੱਢਿਆ ਜਾਵੇ। ਕਿਉਂਕਿ ਆਪਣੇ ਤੌਰ ’ਤੇ ਯਾਤਰਾ ਕਰਨਾ ਸੰਭਵ ਨਹੀਂ ਹੈ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਯੂਕਰੇਨ ਵਿੱਚ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਕੋਈ ਵੀ ਪੀੜਤ ਵਿਅਕਤੀ ਕੰਟਰੋਲ ਰੂਮ ਵਿੱਚ 0172-2219506 ਨੰਬਰ ’ਤੇ ਸੰਪਰਕ ਕਰ ਸਕਦਾ ਹੈ। ਉਂਜ ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ ਮੁਹਾਲੀ ਜ਼ਿਲ੍ਹੇ ’ਚੋਂ ਕਿਸੇ ਪੇਰੈਂਟਸ ਨੇ ਕੰਟਰੋਲ ਰੂਮ ਜਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਕੋਈ ਤਾਲਮੇਲ ਨਹੀਂ ਕੀਤਾ ਹੈ ਅਤੇ ਨਾ ਹੀ ਹੁਣ ਤੱਕ ਪ੍ਰਸ਼ਾਸਨ ਨੂੰ ਯੂਕਰੇਨ ਵਿੱਚ ਫਸੇ ਹੋਏ ਵਿਅਕਤੀਆਂ ਬਾਰੇ ਕੋਈ ਜਾਣਕਾਰੀ ਜਾਂ ਸ਼ਿਕਾਇਤ ਹੀ ਮਿਲੀ ਹੈ। ਲੇਕਿਨ ਹੁਣ ਉਹ ਇਨ੍ਹਾਂ ਪੀੜਤ ਬੱਚਿਆਂ ਬਾਰੇ ਆਪਣੇ ਪੱਧਰ ’ਤੇ ਪੜਤਾਲ ਕਰਨਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਪਰਿਵਾਰਕ ਮੈਂਬਰ ਯੂਕਰੇਨ ਵਿੱਚ ਫਸੇ ਹੋਏ ਹਨ, ਉਹ ਇਸ ਹੈਲਪਲਾਈਨ ’ਤੇ ਜਾਣਕਾਰੀ ਸਾਂਝੀ ਕਰ ਸਕਦੇ ਹਨ। ਯੂਕਰੇਨ ਵਿੱਚ ਫਸੇ ਵਿਅਕਤੀ ਦਾ ਨਾਮ, ਪਿਤਾ ਦਾ ਨਾਮ, ਪਾਸਪੋਰਟ ਨੰਬਰ, ਯੂਨੀਵਰਸਿਟੀ/ਕਾਲਜ ਦਾ ਨਾਮ, ਯੂਕਰੇਨ ਵਿੱਚ ਉਸ ਦਾ ਪਤਾ ਸਮੇਤ ਵੱਧ ਤੋਂ ਵੱਧ ਜਾਣਕਾਰੀ ਪ੍ਰਦਾਨ ਕਰਨੀ ਹੋਵੇਗੀ ਤਾਂ ਜੋ ਸਾਰੀ ਲੋੜੀਂਦੀ ਜਾਣਕਾਰੀ ਤੁਰੰਤ ਸਬੰਧਤ ਅਧਿਕਾਰੀਆਂ ਨਾਲ ਸਾਂਝੀ ਕੀਤੀ ਜਾ ਸਕੇ।