
ਸੀਜੀਸੀ ਲਾਂਡਰਾਂ ਵੱਲੋਂ ‘ਵਿਸ਼ਵ ਕੈਂਸਰ ਦਿਹਾੜੇ’ ਦੇ ਸਬੰਧ ਵਿੱਚ ਦੋ ਰੋਜ਼ਾ ਸੈਮੀਨਾਰ
ਤੰਬਾਕੂ ਦਾ ਸੇਵਨ ਕਰਨ ਵਾਲਿਆਂ ਵਿੱਚ ਕੈਂਸਰ ਦੇ ਮਾਰੂ ਪ੍ਰਭਾਵ ਸੱਭ ਤੋਂ ਜ਼ਿਆਦਾ: ਡਾ. ਅਤੁਲ ਸਚਦੇਵਾ
ਅੰਨ੍ਹੇਵਾਹ ਕੀੜੇਮਾਰ ਦੀਵਾਈਆਂ ਦੀ ਵਰਤੋਂ ਮਤਲਬ ਬੀਮਾਰੀਆਂ ਨੂੰ ਖ਼ੁਦ ਸੱਦਾ ਦੇਣ ਵਾਲੀ ਗੱਲ: ਸਤਨਾਮ ਸੰਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਫਰਵਰੀ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਡਰਾਂ ਦੇ ਵਿਭਾਗ ਬਾਇਓਟੈਕਨਾਲੌਜੀ ਵੱਲੋਂ ‘ਵਿਸ਼ਵ ਕੈਂਸਰ ਦਿਵਸ’ ਦੇ ਸਬੰਧ ਵਿੱਚ ਦੋ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਜਿਥੇ ਕੈਂਸਰ ਦੀ ਭਿਆਨਕ ਬੀਮਾਰੀ ਬਾਰੇ ਜਾਗਰੂਕਤਾ ਫੈਲਾਉਣ ਦੇ ਮਨੋਰਥ ਨਾਲ ਮੁਹਾਲੀ ਦੇ ਪਿੰਡਾਂ ਵਿਚ ਵੱਡੀ ਰੈਲੀ ਦਾ ਆਯੋਜਨ ਕੀਤਾ ਗਿਆ ਉਥੇ ਨਾਲ ਹੀ ਸਥਾਨਕ ਸਿਰਮੌਰ ਹਸਪਤਾਲ ‘ਮੈਕਸ ਹੈਲਥ ਕੇਅਰ ਸੁਪਰ ਸਪੈਸ਼ਲਿਟੀ’ ਦੇ ਕੈਂਸਰ ਮਾਹਰ ਡਾਕਟਰਾਂ ਦੀ ਟੀਮ ਨਾਲ ਮਿਲ ਕੇ ਮੁਫ਼ਤ ਮੈਡੀਕਲ ਕੈਂਪ ਵੀ ਲਾਇਆ ਜਿਸ ਵਿੱਚ ਸੈਂਕੜੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੇ ਭਾਗ ਲਿਆ। ਇਸ ਦੇ ਨਾਲ ਹੀ ਲਗਾਏ ਗਏ ਮੁਫ਼ਤ ਮੈਡੀਕਲ ਕੈਂਪ ਦੌਰਾਨ 200 ਤੋਂ ਜ਼ਿਆਦਾ ਵਿਅਕਤੀਆਂ ਦੇ ਬਲੱਡ ਸ਼ੂਗਰ, ਬਲੱਡ ਕੈਂਸਰ, ਲੀਵਰ ਅਤੇ ਫੇਫੜਿਆਂ ਦੀਆਂ ਬੀਮਾਰੀਆਂ ਦਾ ਚੈਕਅੱਪ ਤੇ ਈ.ਸੀ.ਜੀ. ਮੁਫ਼ਤ ਕੀਤੇ ਗਏ।
ਵਿਸ਼ਵ ਕੈਂਸਰ ਦਿਹਾੜੇ ਦੇ ਸਬੰਧ ਵਿਚ ਕਰਵਾਏ ਗਏ ਸੈਮੀਨਾਰ ਦੌਰਾਨ ਦੇ ਮੁੱਖ ਬੁਲਾਰਿਆਂ ਦੇ ਰੂਪ ਵਿਚ ਡਾ. ਅਤੁਲ ਸਚਦੇਵਾ ਪ੍ਰਿੰਸੀਪਲ ਡਾਇਰੈਕਟ ਹਸਪਤਾਲ ਐਂਡ ਮੈਡੀਕਲ ਕਾਲਜ ਸੈਕਟਰ 32 ਚੰਡੀਗੜ੍ਹ, ਡਾ. ਦੀਪਕ ਪੁਰੀ ਡਾਇਰੈਕਟ ਸੀ.ਟੀ.ਵੀ.ਐਸ. ਮੈਕਸ ਹੈਲਥ ਕੇਅਰ ਸੁਪਰ ਸਪੈਸ਼ਲਿਟੀ, ਮੈਡਮ ਪਾਲਕੀ ਸਾਹਿਬ ਕੌਰ ਮੁਖੀ ਬਾਇਓਟੈਕਨਾਲੌਜੀ ਸਮੇਤ ਬਾਇਓਟੈਕਨਾਲੌਜੀ ਵਿਭਾਗ ਦੇ ਸੀਨੀਅਰ ਫ਼ੈਕਲਟੀ ਮੈਂਬਰਾਂ ਨੇ ਹਿੱਸਾ ਲਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ. ਅਤੁੱਲ ਸਚਦੇਵਾ ਨੇ ਦੱਸਿਆ ਕਿ ਵਰਲਡ ਦੀ ਨੁਮਾਇੰਦਾ ਜਮਾਤ ਯੂਨੀਅਨ ਫ਼ਾਰ ਇੰਟਰਨੈਸ਼ਨਲ ਕੈਂਸਰ ਕੰਟਰੋਲ ਸੁਸਾਇਟੀ (”933) ਨੇ ਸਾਲ 2008 ਵਿਚ ਇਸ ਭਿਆਨਕ ਇਲਾਮਤ ’ਤੇ ਕਾਬੂ ਪਾਉਣ ਅਤੇ ਜਗਰੂਕਤਾ ਪੈਦਾ ਕਰਨ ਲਈ ਸਾਲ ਦਾ ਇਕ ਦਿਨ ਸਪੈਸ਼ਲ ਨਿਸਚਿਤ ਕਰਨ ਬਾਰੇ ਸੋਚਿਆ ਅਤੇ 4 ਫ਼ਰਵਰੀ ਦਾ ਦਿਨ ਪੂਰੀ ਦੁਨੀਆ ਅੰਦਰ ਵਿਸ਼ਵ ਕੈਂਸਰ ਦਿਵਸ ਵਜੋਂ ਮਨਾਇਆ ਜਾਣ ਲੱਗਾ। ਉਨ੍ਹਾਂ ਦੱਸਿਆ ਕਿ ਪ੍ਰਤੀ ਸਾਲ 8.2 ਮਿਲੀਅਨ ਲੋਕ ਕੈਂਸਰ ਨਾਲ ਮਰਦੇ ਹਨ ਜਿਨ੍ਹਾਂ ’ਚ 4 ਮਿਲੀਅਨ ਲੋਕ ਉਹ ਹਨ ਜਿਨ੍ਹਾਂ ਦੀ ਉਮਰ 30 ਸਾਲ ਤੋਂ ਲੈ ਕੈ 70 ਸਾਲ ਦੇ ਅਧੀਨ ਹੁੰਦੀ ਹੈ। ਉਨ੍ਹਾਂ ਦੱਸਿਆ ਕੈਂਸਰ ਦੀ ਬੀਮਾਰੀ ਫੈਲਾਉਣ ਦਾ ਇਕ ਮੁੱਖ ਕਾਰਨ ਤੰਮਾਕੂ, ਗੁਟਕਾ, ਸ਼ਰਾਬ ਦਾ ਸੇਵਨ ਅਤੇ ਸਿਗਰਟਨੋਸ਼ੀ ਵੀ ਹੈ ਜਿਸ ਤੋਂ ਪ੍ਰਹੇਜ ਕਰਨ ਨਾਲ ਇਸ ਮੌਤ ਦਰ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਡਾ. ਦੀਪਕ ਪੁਰੀ ਨੇ ਕਿਹਾ ਕਿ ਭਾਰਤ ਅੰਦਰ 1.3 ਬਿਲੀਅਨ ਆਬਾਦੀ ਵਾਲੇ ਦੇਸ਼ ਅੰਦਰ ਕੈਂਸਰ ਦੀ ਭਿਆਨਕ ਬੀਮਾਰੀ ਦੇ ਸਿਰਫ਼ ਤੇ ਸਿਰਫ਼ 15000 ਮਾਹਰ ਡਾਕਟਰ ਹਨ ਅਤੇ 300 ਰੇਡੀਓ ਥਰੈਪੀ ਮਸ਼ੀਨਾਂ ਹਨ, ਸਰਕਾਰਾਂ ਨੂੰ ਇਸ ਪਾਸੇ ਸੋਚਣਾ ਚਾਹੀਦਾ ਹੈ। ਡਾ. ਵਿਨੋਦ ਸਚਦੇਵਾ ਨੇ ਇੰਡੀਅਨ ਕੌਸਲ ਆਫ਼ ਮੈਡੀਕਲ ਰੀਸਰਚ ਦੇ ਅੰਕੜਿਆਂ ਬਾਰੇ ਗੱਲਬਾਤ ਕਰਦਿਆਂ ਕਿਹਾ ਸਾਲ 2020 ਤੱਕ ਇਕੱਲੇ ਭਾਰਤ ’ਚ ਹੀ ਕੈਂਸਰ ਨਾਲ ਪੀੜ੍ਹਤ ਮਰੀਜ਼ਾਂ ਦੀ ਗਿਣਤੀ 17 ਲੱਖ ਪਹੁੰਚ ਜਾਵੇਗੀ ਜੋ ਕਿ ਇਕ ਬਹੁਤ ਹੀ ਚਿੰਤਾਜਨਕ ਪਹਿਲੂ ਹੈ ਇਸ ਵੱਲ ਸਰਕਾਰਾਂ ਨੂੰ ਵਿਸ਼ੇਸ਼ ਰੂਪ ਵਿਚ ਧਿਆਨ ਦੇਣਾ ਚਾਹੀਦਾ ਹੈ। ਇਸ ਨਾਮੁਰਾਦ ਬੀਮਾਰੀ ਬਾਰੇ ਜਾਗਰੂਕ ਕਰਦੀਆਂ ਡਾਕੂਮੈਂਟਰੀ ਫ਼ਿਲਮਾਂ ਵੀ ਵਿਖਾਈਆਂ ਗਈਆਂ।
ਵਿਸ਼ਵ ਕੈਂਸਰ ਦਿਹਾੜੇ ਦੇ ਸਬੰਧ ਵਿੱਚ ਬੋਲਦਿਆਂ ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਨੇ ਬਾਇਓ ਟੈਕਨਾਲੋਜੀ ਵਿਭਾਗ ਦੇ ਅਧਿਕਾਰੀਆਂ ਦਾ ਇਸ ਵਿਸ਼ੇਸ਼ ਉਪਰਾਲੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਬੜੇ ਦੁੱਖ ਨਾਲ ਦੱਸਣਾ ਪੈ ਰਿਹਾ ਹੈ ਕਿ ਦੇਸ਼ ਦੇ ਅਗਾਂਹਵਧੂ ਸੂਬੇ ਪੰਜਾਬ ਦੀ ਮਾਲਵਾ ਬੈਲਟ ਤੋਂ ਰੋਜ਼ਾਨਾ ਇਕ ਕੈਂਸਰ ਟ੍ਰੇਨ ਕੈਂਸਰ ਮਰੀਜ਼ਾਂ ਨੂੰ ਕੈਂਸਰ ਹਸਪਤਾਲ ਰਾਜਸਥਾਨ ਲੈ ਕੇ ਜਾਂਦੀ ਹੈ। ਉਨ੍ਹਾਂ ਇਸ ਦਾ ਮੁੱਖ ਕਾਰਨ ਅੰਨ੍ਹੇਵਾਹ ਕੀੜੇਮਾਰ ਦੀਵਾਈਆਂ ਦੀ ਵਰਤੋਂ, ਸਾਡੀ ਖਾਦ ਖੁਰਾਕ, ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅਗਨੀ ਭੇਂਟ ਕਰਨ ਨੂੰ ਠਹਿਰਾਉਂਦਿਆਂ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਗੰਭੀਰ ਮਸਲੇ ਵੱਲ ਵਿਸ਼ੇਸ਼ ਤਵੱਜੋ ਦਿੰਦਿਆਂ ਇਸ ਬੀਮਾਰੀ ਦੇ ਠੋਸ ਹੱਲ ਨਿਕਾਲੇ ਜਾਣ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਕੈਂਸਰ ਦੀ ਨਾਮੁਰਾਦ ਬੀਮਾਰੀ ਤੋਂ ਇਨਸਾਨਾਂ ਨਾਲ ਆਮ ਵਰਗਾ ਰਵਈਆ ਰੱਖਦੇ ਹੋਏ ਇਸ ਬੀਮਾਰੀ ਕਾਰਨ ਗੰਜੇ ਹੋਏ ਇਨਸਾਨ ਨਾਲ ਸੈਲਫ਼ੀ ਤੱਕ ਲਵੋ ਤਾਕਿ ਉਹ ਕੁੱਝ ਪਲ ਖ਼ੁਸ਼ੀ ਦਾ ਇਜ਼ਹਾਰ ਕਰ ਸਕੇ। ਇਸ ਮੌਕੇ ਕੈਂਪਸ ਡਾਇਰੈਕਟ ਡਾ. ਜਗਤਾਰ ਸਿੰਘ ਖੱਟੜਾ, ਐਚ.ਆਰ. ਮੈਨੇਜਰ ਵਰਿੰਦਰ ਸਿੰਘ, ਪਿੰ੍ਰਸੀਪਲ ਐਚ. ਐਮ. ਸਿਟੀ ਸ੍ਰੀ ਤਾਹਿਰ ਸੂਫ਼ੀ ਤੋਂ ਇਲਾਵਾ ਫ਼ੈਕਲਟੀ ਮੈਂਬਰ ਤੇ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।