ਮੁਹਾਲੀ ਵਿੱਚ ਦੋ-ਰੋਜ਼ਾ ਤੀਜੀ ਆਈਐਸਐਸਈ ਨੈਸ਼ਨਲ ਕਾਨਫ਼ਰੰਸ ਸ਼ੁਰੂ

ਵਿਗਿਆਨ ਦੇ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਪੋਸਟਰ ਪ੍ਰਦਰਸ਼ਨੀ ਵੀ ਲਗਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਕਤੂਬਰ:
ਸੈਮੀ ਕੰਡਕਟਰ ਲੈਬੋਰਟਰੀ ਮੁਹਾਲੀ, ਡਿਪਾਰਮੈਂਟ ਆਫ਼ ਸਪੇਸ ਵੱਲੋਂ ਇੰਡੀਅਨ ਸੁਸਾਇਟੀ ਆਫ਼ ਸਿਸਟਮਜ਼ ਫਾਰ ਸਾਇੰਸ ਐਂਡ ਇੰਜੀਨੀਅਰਿੰਗ (ਆਈ.ਐਸ.ਐਸ.ਈ) ਦੇ ਸਹਿਯੋਗ ਨਾਲ ਸਥਾਨਕ ਇੰਡੀਅਨ ਸਕੂਲ ਆਫ਼ ਬਿਜਨਸ਼ ਵਿਖੇ ਤੀਸਰੀ ‘ਆਈ.ਐਸ.ਐਸ.ਈ. ਨੈਸ਼ਨਲ ਕਾਨਫ਼ਰੰਸ-2017 ਦਾ ਆਯੋਜਨ ਕੀਤਾ ਗਿਆ ਜਿਸ ਦੀ ਸ਼ੁਰੂਆਤ ਸਰਸਵਤੀ ਵੰਦਨਾ ਨਾਲ ਹੋਈ। ਇਸ ਦੋ-ਰੋਜ਼ਾ ਰਾਸ਼ਟਰੀ ਪੱਧਰ ਦੀ ਕਾਨਫ਼ਰੰਸ ਦਾ ਉਦਘਾਟਨ ਸ੍ਰੀ ਵਾਈ. ਐਸ. ਚੌਧਰੀ ਕੇਂਦਰੀ ਰਾਜ ਮੰਤਰੀ ਸਾਇੰਸ ਐਂਡ ਟੈਕਨਾਲੋਜੀ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਜਦੋਂ ਕਿ ਕਾਨਫ਼ਰੰਸ ਦੀ ਪ੍ਰਧਾਨਗੀ ਸ੍ਰੀ ਏ.ਐਸ. ਕਿਰਨ ਕੁਮਾਰ ਸੈਕਟਰੀ ਡਿਪਾਰਮੈਂਟ ਆਫ਼ ਸਪੇਸ/ਚੇਅਰਮੈਨ ਇਸਰੋ ਨੇ ਕੀਤੀ। ਇਨ੍ਹਾਂ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿਚ ਡਾ: ਜੀ. ਸਤੀਸ਼ ਰੈਡੀ ਮੁੱਖ ਸਲਾਹਕਾਰ ਰੱਖਿਆ ਵਿਭਾਗ, ਡਾ: ਬੀ.ਐਨ. ਸੁਰੇਸ਼ ਸਾਬਕਾ ਡਾਇਰੈਕਟਰ ਵੀ.ਐਸ.ਐਸ.ਸੀ. ਤ੍ਰਿਵੇਂਦਰਮ ਅਤੇ ਪ੍ਰੋਫ਼ੈਸਰ ਇਸਰੋ ਹੈੱਡ ਕੁਆਟਰ, ਪੀ. ਕੁਨ੍ਹੀਕ੍ਰਿਸ਼ਨਨਡਾਇਰੈਕਟਰ ਐਸ.ਡੀ.ਐਸ.ਸੀ. ਸ੍ਰੀਹਰੀਕੋਟਾ ਅਤੇ ਕੌਮੀ ਪ੍ਰਧਾਨ ਆਈ.ਐਸ.ਐਸ.ਈ. ਅਤੇ ਸੁਰਿੰਦਰ ਸਿੰਘ ਡਾਇਰੈਕਟਰ ਐਸ.ਸੀ.ਐਲ. ਮੁਹਾਲੀ ਸ਼ਾਮਿਲ ਹੋਏ। ਕਾਨਫ਼ਰੰਸ ਵਿਚ ਆਏ ਹੋਏ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤਿਆਂ ਦੀ ਥਾਂ ਤੇ ਕਿਤਾਬਾਂ ਦੇ ਸੈੱਟ ਭੇਟ ਕੀਤੇ ਗਏ।
ਕੇਂਦਰੀ ਰਾਜ ਮੰਤਰੀ ਸ੍ਰੀ ਚੌਧਰੀ ਨੇ ਇਸ ਮੌਕੇ ’ਤੇ ਕਿਹਾ ਕਿ ਇਹ ਕਾਨਫਰੰਸ ਆਪਣੀ ਜਾਣਕਾਰੀ ਅਤੇ ਵਿਚਾਰਾਂ ਨੂੰ ਹੋਰਨਾਂ ਨਾਲ ਸਾਂਝੇ ਕਰਨ ਦਾ ਇਕ ਵੱਡਾ ਪਲੇਟ ਫਾਰਮ ਹੈ। ਉਨ੍ਹਾਂ ਆਖਿਆ ਕਿ ਭਾਰਤ ਵਿਚ ਸਾਫ਼ਟਵੇਅਰ ਦੇ ਨਾਲ ਨਾਲ ਹਾਰਵੇਅਰਜ਼ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਮੁਲਕ ਵਿਚ ਇਸਪਾਤ ਅਤੇ ਬਿਜਲੀ ਦੀ ਪ੍ਰਤੀ ਵਿਅਕਤੀ ਖ਼ਪਤ ਕਾਫ਼ੀ ਘੱਟ ਹੈ। ਉਨ੍ਹਾਂ ਆਖਿਆ ਕਿ ਬਿਜਲੀ ਦੀ ਪੈਦਾਵਾਰ ਲਈ ਸਾਨੂੰ ਕੁਦਰਤੀ ਸੋਮਿਆਂ ਤੋਂ ਬਿਜਲੀ ਪੈਦਾ ਕਰਨ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਇਸ ਕਾਨਫ਼ਰੰਸ ਦਾ ਥੀਮ, ਕੰਪਲੈਕਸ ਇੰਜੀਨੀਅਰਿੰਗ ਸਿਸਟਮ ਦਾ ਰਾਸ਼ਟਰੀ ਮਹੱਤਵ, ਮੌਜੂਦਾ ਹਾਲਾਤ ਅਤੇ ਭਵਿੱਖਤ ਦ੍ਰਿਸ਼ਟੀਕੋਣ ਸੀ। ਇਸ ਮੌਕੇ ’ਤੇ ਪ੍ਰੋ: (ਡਾ:) ਇੰਦ੍ਰਾਨਿਲ ਮਾਨਾ ਡਾਇਰੈਕਟਰ ਆਈ.ਆਈ.ਟੀ. ਕਾਨਪੁਰ, ਸ੍ਰੀ ਰਾਕੇਸ਼ ਚੋਪੜਾ ਆਈ.ਆਰ.ਐਸ.ਈ. ਨਵੀਂ ਦਿੱਲੀ, ਡਾ: ਅਨਿਲ ਕੇ ਰਾਜਵੰਸ਼ੀ ਡਾਇਰੈਕਟਰ ਨਿੰਬਕਰ ਐਗਰੀਕਲਰਲ ਰਿਸਰਚ ਇੰਸਟੀਚਿਊਟ, ਡਾ: ਰਾਸਿਕ ਰਵਿੰਦਰਾ ਸਾਬਕਾ ਡਾਇਰੈਕਟਰ ਨੈਸ਼ਨਲ ਸੈਂਟਰ ਫਾਰ ਅਨਟਾਰਟਿਕ ਐਂਡ ਓਸ਼ਨ ਰਿਸਰਚ ਗੋਆ, ਅਨਿਲ ਭਾਰਦਵਾਜ ਡਾਇਰੈਕਟਰ ਪੀ.ਆਰ.ਐਲ. ਅਹਿਮਦਾਬਾਦ ਵਿਸ਼ਾ ਮਾਹਿਰਾਂ ਨੇ ਸਪੇਸ ਸਿਸਟਮਜ਼, ਡਿਫੈਂਸ ਸਿਸਟਮਜ਼, ਅਡਵਾਂਸ ਐਵੀਅੌਨਿਕਸ ਸਿਸਟਮਜ਼, ਇਲੈਕਟ੍ਰਾਨਿਕ ਐਂਡ ਕੰਪਿਊਟਰ ਸਿਸਟਮਜ਼, ਡਿਜ਼ੀਟਲ ਇੰਡੀਆ, ਐਨਰਜੀ ਐਂਡ ਅਨਵਾਇਰਮੈਂਟ ਸਿਸਟਮਜ਼ ਅਤੇ ਅਡਵਾਂਸ ਮਟੀਰੀਅਲਜ਼ ਆਦਿ ਵਿਸ਼ਿਆਂ ਤੇ ਆਪਣੇ ਖੋਜ ਭਰਪੂਰ ਪਰਚੇ ਵੀ ਪੜ੍ਹੇ। ਪਹਿਲੇ ਅੱਜ ਕਾਨਫ਼ਰੰਸ ਦੇ ਪਹਿਲੇ ਗੇੜ ਵਿਚ ਦੇਸ਼ ਭਰ ਤੋਂ 500 ਦੇ ਕਰੀਬ ਡੈਲੀਗੇਟ ਅਤੇ 100 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ’ਤੇ ਵਿਗਿਆਨ ਦੇ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਇਕ ਪੋਸਟਰ ਪ੍ਰਦਰਸ਼ਨੀ ਵੀ ਲਗਾਈ ਗਈ ਅੱਜ ਕਾਨਫਰੰਸ ਦੇ ਪਹਿਲੇ ਗੇੜ ਵਿੱਚ ਵੱਖ ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਡਾ: ਪੀ.ਐਸ. ਗੋਇਲ, ਡਾ. ਕੋਟਾ ਹਰੀ ਨਰਾਇਣ, ਡਾ. ਇੰਦਰਾਨਿਲ ਮਾਨਾ, ਡਾ. ਜੀ. ਸਤੀਸ਼ ਰੈਡੀ, ਡਾ: ਆਰ. ਰੁਦਰਾਮੂਰਤੀ, ਸ੍ਰੀ ਐਸ. ਰਾਮਾ ਕ੍ਰਿਸ਼ਨਾ ਤੇ ਡਾ. ਤਪਨ ਮਿਸ਼ਰਾ ਨੂੰ ਫੈਲੋ ਅਵਾਰਡ ਅਤੇ ਸਿਜ਼ਲ ਸੀ ਅਤੇ ਕਲਾਇਵਾਨੀ ਏ ਨੂੰ ਨੌਜਵਾਨ ਸਾਇੰਸਦਾਨ ਐਵਾਰਡ ਪ੍ਰਦਾਨ ਕੀਤੇ ਗਏ। ਇਸ ਕਾਨਫ਼ਰੰਸ ਦਾ ਮੁੱਖ ਮੰਤਵ ਸਾਇੰਸ ਅਤੇ ਇੰਜੀਨੀਅਰਿੰਗ ਖਿੱਤੇ ਦੇ ਅਕਾਦਮਿਕ, ਕਾਰੋਬਾਰੀ, ਖੋਜ ਅਤੇ ਵਿਕਾਸ ਸੰਗਠਨਾਂ ਦੇ ਵਿਦਵਾਨਾਂ ਅਤੇ ਕਿੱਤਾ ਮਾਹਿਰਾਂ ਦੇ ਤਜਰਬੇ ਅਤੇ ਸਿਸਟਮ ਨੂੰ ਪ੍ਰਮੋਟ ਕਰਨ ਦਾ ਵੱਡਾ ਉਪਰਾਲਾ ਸੀ। ਇਹ ਕਾਨਫ਼ਰੰਸ ਸਾਇੰਸ ਅਤੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਬੇਹੱਦ ਲਾਹੇਵੰਦ ਤੇ ਮਾਰਗ ਦਰਸ਼ਕ ਸਾਬਿਤ ਹੋਈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…