
ਗਮਾਡਾ ਦੀ ਜ਼ਮੀਨ ਵਿੱਚ ਖੜ੍ਹੇ 40-50 ਫੁੱਟ ਉੱਚੇ ਦੋ ਦਰਜਨ ਰੁੱਖਾਂ ਨੂੰ ਜੜੋਂ੍ਹ ਪੁੱਟਣ ਦਾ ਮਾਮਲਾ ਭਖਿਆ
ਦਰਖਤ ਪੁੱਟਣ ਵਾਲਿਆਂ ਨੇ ਜੇਸੀਬੀ ਮਸ਼ੀਨ ਨਾਲ ਦਿੱਤਾ ਕਾਰਵਾਈ ਨੂੰ ਅੰਜਾਮ, ਮਾਮਲਾ ਥਾਣੇ ਪੁੱਜਾ, ਜਾਂਚ ਸ਼ੁਰੂ
ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ, ਸਖ਼ਤ ਕਾਰਵਾਈ ਦੀ ਮੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਪਰੈਲ:
ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਗਲੋਬਲ ਵਾਰਮਿੰਗ ਦੇ ਮੱਦੇਨਜ਼ਰ ਸੂਬੇ ਭਰ ਵਿੱਚ ਨਵੇਂ ਬੂਟੇ ਲਗਾਏ ਜਾ ਰਹੇ ਹਨ ਅਤੇ ਪੁਰਾਣੇ ਰੁੱਖਾਂ ਦੀ ਸੰਭਾਲ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਧਰ, ਇੱਥੋਂ ਦੇ ਫੇਜ਼-11 ਸਥਿਤ ਗਮਾਡਾ ਦੀ ਖਾਲੀ ਜ਼ਮੀਨ ਵਿੱਚ ਖੜ੍ਹੇ ਦੋ ਦਰਜਨ ਤੋਂ ਵੱਧ ਭਰੇ ਭਰੇ ਦਰਖਤਾਂ ਨੂੰ ਜੇਸੀਬੀ ਦੀ ਮਦਦ ਨਾਲ ਜੜ੍ਹੋਂ ਪੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ’ਚੋਂ ਕੁੱਝ ਦਰਖ਼ਤ 40 ਤੋਂ 50 ਫੁੱਟ ਉੱਚੇ ਸਨ। ਜੋ ਇੱਥੇ ਪਿਛਲੇ ਕਈ ਸਾਲਾਂ ਤੋਂ ਲੱਗੇ ਹੋਏ ਸਨ।
ਇਸ ਸਬੰਧੀ ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੌਜੇਵਾਲ ਨੇ ਮੁਹਾਲੀ ਪੁਲੀਸ ਸਮੇਤ ਐਨਜੀਟੀ, ਪ੍ਰਦੂਸ਼ਣ ਕੰਟਰੋਲ ਬੋਰਡ, ਡਿਪਟੀ ਕਮਿਸ਼ਨਰ ਮੁਹਾਲੀ ਅਤੇ ਵਣ ਵਿਭਾਗ ਨੂੰ ਸ਼ਿਕਾਇਤ ਭੇਜ ਕੇ ਦਰਖ਼ਤਾਂ ਨੂੰ ਜੜ੍ਹੋਂ ਪੁੱਟਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗਮਾਡਾ ਦੀ ਇਹ ਥਾਂ ਨੂੰ ਨਕਸ਼ੇ ਵਿੱਚ ਰਿਜ਼ਰਵ ਦਰਸਾਇਆ ਗਿਆ ਹੈ। ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਇਸ ਜ਼ਮੀਨ ਬਾਰੇ ਹਾਈਕੋਰਟ ਵਿੱਚ ਦਾਇਰ ਕੇਸ ’ਤੇ ਕਾਰਵਾਈ ਕਰਦਿਆਂ ਉੱਚ ਅਦਾਲਤ ਵੱਲੋਂ ਇਸ ਥਾਂ ’ਤੇ ਕੋਈ ਵੀ ਕਾਰਵਾਈ ਨਾ ਕਰਨ ਬਾਰੇ ਸਟੇਅ ਦੇ ਹੁਕਮ ਵੀ ਜਾਰੀ ਕੀਤੇ ਹੋਏ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ 5 ਸਤੰਬਰ 2022 ਨੂੰ ਹੋਣੀ ਹੈ।
ਉਨ੍ਹਾਂ ਕਿਹਾ ਕਿ ਇਸ ਜ਼ਮੀਨ ਵਿੱਚ ਖੜੇ ਹਰੇ ਭਰੇ 25 ਤੋਂ ਵੱਧ ਦਰਖ਼ਤਾਂ ਨੂੰ ਅਣਪਛਾਤੇ ਵਿਅਕਤੀ ਵੱਲੋਂ ਜੇਸੀਬੀ ਨਾਲ ਜੜ੍ਹਾਂ ਤੋਂ ਪੁੱਟ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਦਰਖ਼ਤ ਬਹੁਤ ਪੁਰਾਣੇ ਅਤੇ ਹਰੇ ਭਰੇ ਸਨ। ਜਿਨ੍ਹਾਂ ਨੂੰ ਬਹੁਤ ਬੇਦਰਦੀ ਨਾਲ ਕੱਟ ਦਿੱਤਾ ਗਿਆ। ਹੈਰਾਨੀ ਦੀ ਗੱਲ ਹੈ ਕਿ ਕੋਈ ਵੀ ਧਿਰ ਇਨ੍ਹਾਂ ਦਰਖ਼ਤਾਂ ਦੇ ਘਾਣ ਦੀ ਇਸ ਕਾਰਵਾਈ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਹੈ ਅਤੇ ਅਧਿਕਾਰੀ ਇੱਕ ਦੂਜੇ ’ਤੇ ਗੱਲ ਸੁੱਟ ਰਹੇ ਹਨ।
ਗਮਾਡਾ ਦੇ ਬਾਗਬਾਨੀ ਵਿਭਾਗ ਦੇ ਐਕਸੀਅਨ ਹਰਪ੍ਰੀਤ ਸਿੰਘ ਸੇਖੋਂ ਦਾ ਕਹਿਣਾ ਹੈ ਕਿ ਅਜਿਹੀ ਕੋਈ ਕਾਰਵਾਈ ਉਨ੍ਹਾਂ ਦੀ ਜਾਣਕਾਰੀ ਵਿੱਚ ਨਹੀਂ ਹੈ ਪ੍ਰੰਤੂ ਹੁਣ ਉਹ ਇਸ ਸਬੰਧੀ ਪਤਾ ਲਗਾਉਣਗੇ। ਇਸ ਮਗਰੋਂ ਗਮਾਡਾ ਦੇ ਐਸਡੀਓ ਅਵਤਾਰ ਸਿੰਘ ਨੇ ਦੱਸਿਆ ਕਿ ਫੇਜ਼-1 ਤੋਂ 11 ਅਤੇ ਸੈਕਟਰ-66 ਤੋਂ 71 ਤੱਕ ਪੂਰਾ ਖੇਤਰ ਪਹਿਲਾਂ ਹੀ ਨਗਰ ਨਿਗਮ ਨੂੰ ਸੌਂਪਿਆ ਜਾ ਚੁੱਕਾ ਹੈ। ਇੱਥੇ ਗਮਾਡਾ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਧਰ, ਨਗਰ ਨਿਗਮ ਦੇ ਬਾਗਬਾਨੀ ਵਿਭਾਗ ਦੀ ਐਕਸੀਅਨ ਅਵਨੀਤ ਕੌਰ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਫੇਜ਼-11 ਵਿੱਚ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ।

ਥਾਣਾ ਫੇਜ਼-11 ਦੇ ਐਸਐਚਓ ਗਗਨਦੀਪ ਸਿੰਘ ਨੇ ਕਿਹਾ ਕਿ ਦਰਖ਼ਤ ਕੱਟਣ ਬਾਰੇ ਸ਼ਿਕਾਇਤ ਮਿਲਣ ਤੋਂ ਬਾਅਦ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲੇਕਿਨ ਹੁਣ ਤੱਕ ਪੁਲੀਸ ਨੂੰ ਇਹ ਜਾਣਕਾਰੀ ਨਹੀਂ ਮਿਲੀ ਹੈ ਕਿ ਇਨ੍ਹਾਂ ਦਰਖ਼ਤਾਂ ਨੂੰ ਕਿਸਨੇ ਕਟਵਾਇਆ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ। ਉਸਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਰਖ਼ਤ ਕੱਟਣ ਬਾਰੇ ਪੁਲੀਸ ਵੱਲੋਂ ਸਬੰਧਤ ਵਿਭਾਗ ਨੂੰ ਪੱਤਰ ਲਿਖਿਆ ਜਾਵੇਗਾ ਤਾਂ ਜੋ ਲੱਕੜ ਦੀ ਸੰਭਾਲ ਕੀਤੀ ਜਾ ਸਕੇ।