ਸ਼ੈਲਬੀ ਹਸਪਤਾਲ ਵਿੱਚ ਖੜੀਆਂ ਕਾਰਾਂ ’ਚੋਂ ਵਿਦੇਸ਼ੀ ਸ਼ਰਾਬ ਸਣੇ ਦੋ ਚਾਲਕ ਕਾਬੂ, ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਪਰੈਲ:
ਮੁਹਾਲੀ ਪੁਲੀਸ ਵੱਲੋਂ ਅੱਜ ਛਾਪੇਮਾਰੀ ਦੌਰਾਨ ਇੱਥੋਂ ਦੇ ਫੇਜ਼-9 ਵਿੱਚ ਸਥਿਤ ਸ਼ੈਲਬੀ ਹਸਪਤਾਲ ਵਿੱਚ ਖੜੀਆਂ ਦੋ ਕਾਰਾਂ ’ਚੋਂ ਸ਼ਰਾਬ ਦੀਆਂ 29 ਬੋਤਲਾਂ ਅਤੇ 4 ਬੀਅਰ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ’ਚੋਂ ਕਈ ਬੋਤਲਾਂ ਵਿਦੇਸ਼ੀ ਸ਼ਰਾਬ ਦੀਆਂ ਹਨ। ਇਸ ਗੱਲ ਦੀ ਪੁਸ਼ਟੀ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਅਜੀਤੇਸ਼ ਕੌਸ਼ਲ ਨੇ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲੀਸ ਨੇ ਹਸਪਤਾਲ ਦੇ 2 ਡਰਾਈਵਰਾਂ ਜਗਦੀਪ ਸਿੰਘ ਅਤੇ ਗੁਰਸੇਵਕ ਸਿੰਘ ਵਿਰੁੱਧ ਸੈਂਟਰਲ ਥਾਣਾ ਫੇਜ਼-8 ਵਿੱਚ ਅਪਰਾਧਿਕ ਪਰਚਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਧਰ, ਪੁਲੀਸ ਵੱਲੋਂ ਮਹਿੰਗੀ ਸ਼ਰਾਬ ਸਣੇ ਕਾਬੂ ਕੀਤੇ ਡਰਾਈਵਰਾਂ ਜਗਦੀਪ ਅਤੇ ਗੁਰਸੇਵਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਇਨ੍ਹਾਂ ਦੋਵਾਂ ਦਾ ਗੱਡੀਆਂ ’ਚੋਂ ਮਿਲੀ ਵਿਦੇਸ਼ੀ ਸ਼ਰਾਬ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਕਿਉਂਕਿ ਇਨ੍ਹਾਂ ਨੇ ਹਾਲੇ ਤਿੰਨ ਦਿਨ ਪਹਿਲਾਂ ਹੀ ਡਿਊਟੀ ਜੁਆਇਨ ਕੀਤੀ ਸੀ ਅਤੇ ਅੱਜ ਉਨ੍ਹਾਂ ਨੂੰ ਜੰਮੂ ਜਾਣ ਲਈ ਸੱਦਿਆ ਗਿਆ ਸੀ। ਇਸ ਦੌਰਾਨ ਨਾ ਤਾਂ ਇਹ ਗੱਡੀ ਹਸਪਤਾਲ ਦੇ ਬਾਹਰ ਲੈ ਕੇ ਗਏ ਅਤੇ ਨਾ ਹੀ ਅੰਦਰ ਲਿਆਂਦੀ ਗਈ ਸਗੋਂ ਉਕਤ ਦੋਵੇਂ ਵਿਅਕਤੀ ਆਪਣੇ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਹਸਪਤਾਲ ਆਏ ਸੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜ਼ਬਤ ਕੀਤੀ ਗਈ ਸ਼ਰਾਬ ਨਾਲ ਇਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਨੂੰ ਝੂਠੇ ਕੇਸ ਵਿੱਚ ਸਫ਼ਾਇਆ ਜਾ ਰਿਹਾ ਹੈ।
ਉਧਰ, ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਅਜੀਤੇਸ਼ ਕੌਸ਼ਲ ਦਾ ਕਹਿਣਾ ਹੈ ਕਿ ਜਦੋਂ ਪੁਲੀਸ ਟੀਮ ਵੱਲੋਂ ਹਸਪਤਾਲ ਵਿੱਚ ਛਾਪੇਮਾਰੀ ਕਰਕੇ ਗੱਡੀਆਂ ’ਚੋਂ ਵਿਦੇਸ਼ੀ ਸ਼ਰਾਬ ਬਰਾਮਦ ਕੀਤੀ ਗਈ ਸੀ, ਉਸ ਵੇਲੇ ਗੱਡੀ ਦੀਆਂ ਚਾਬੀਆਂ ਇਨ੍ਹਾਂ ਵਿਅਕਤੀਆਂ ਕੋਲ ਹੀ ਮੌਜੂਦ ਸੀ। ਜਿਸ ਕਾਰਨ ਉਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ। ਇਨ੍ਹਾਂ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵੇਂ ਚਾਲਕਾਂ ਨੂੰ ਇਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਹੈ। ਜੇਕਰ ਜਾਂਚ ਦੌਰਾਨ ਸ਼ਰਾਬ ਤਸਕਰੀ ਮਾਮਲੇ ਵਿੱਚ ਕੋਈ ਹੋਰ ਵੀ ਜ਼ਿੰਮੇਵਾਰ ਪਾਇਆ ਗਿਆ ਤਾਂ ਉਸ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਭਲਕੇ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Load More Related Articles

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …