ਪੰਜਾਬ ਦੇ ਦੋ ਕਿਸਾਨਾਂ ਦੀਆਂ ਧੀਆਂ ਨੇ ਰਚਿਆ ਇਤਿਹਾਸ, ਹਵਾਈ ਸੈਨਾ ਵਿੱਚ ਫਲਾਇੰਗ ਅਫ਼ਸਰ ਵਜੋਂ ਚੋਣ

ਮਾਈ ਭਾਗੋ ਇੰਸਟੀਚਿਊਟ ਮੁਹਾਲੀ ਦੀਆਂ ਵਿਦਿਆਰਥਣਾਂ ਇਵਰਾਜ ਕੌਰ ਅਤੇ ਪ੍ਰਭ ਸਿਮਰਨ ਕੌਰ ਦਾ ਸੁਪਨਾ ਹੋਇਆ ਸਾਕਾਰ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਦੋਵੇਂ ਅਫ਼ਸਰਾਂ ਨੂੰ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੂਨ:
ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏਐਫ਼ਪੀਆਈ) ਫਾਰ ਗਰਲਜ਼ ਮੁਹਾਲੀ ਦੀਆਂ ਦੋ ਸਾਬਕਾ ਵਿਦਿਆਰਥਣਾਂ ਇਵਰਾਜ ਕੌਰ ਅਤੇ ਪ੍ਰਭ ਸਿਮਰਨ ਕੌਰ ਨੂੰ ਏਅਰ ਫੋਰਸ ਅਕੈਡਮੀ, ਡੰਡੀਗਲ, ਹੈਦਰਾਬਾਦ ਤੋਂ ਟਰੇਨਿੰਗ ਬਾਅਦ ਅੱਜ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫ਼ਸਰ ਵਜੋਂ ਚੋਣ ਹੋਣਾ ਇਸ ਵੱਕਾਰੀ ਸੰਸਥਾ ਅਤੇ ਪੰਜਾਬੀ ਸੂਬਾ ਅਤੇ ਕਿਸਾਨਾਂ ਲਈ ਵੱਡੇ ਮਾਣ ਵਾਲੀ ਗੱਲ ਹੈ।
ਫਲਾਇੰਗ ਅਫ਼ਸਰ ਇਵਰਾਜ ਕੌਰ ਫਲਾਇੰਗ ਬ੍ਰਾਂਚ ਵਿੱਚ ਬਤੌਰ ਹੈਲੀਕਾਪਟਰ ਪਾਇਲਟ ਜੁਆਇਨ ਕਰੇਗੀ, ਜੋ ਕਿ ਜ਼ਿਲ੍ਹਾ ਰੂਪਨਗਰ ਦੇ ਅਗਾਂਹਵਧੂ ਕਿਸਾਨ ਜਸਪ੍ਰੀਤ ਸਿੰਘ ਦੀ ਲਾਡਲੀ ਧੀ ਹੈ ਜਦੋਂਕਿ ਫਲਾਇੰਗ ਅਫ਼ਸਰ ਪ੍ਰਭ ਸਿਮਰਨ ਕੌਰ ਦੇ ਪਿਤਾ ਪਰਮਜੀਤ ਸਿੰਘ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਕਿਸਾਨ ਹਨ। ਪ੍ਰਭ ਸਿਮਰਨ ਦੀ ਨਿਯੁਕਤੀ ਹਵਾਈ ਸੈਨਾ ਦੀ ਐਜੂਕੇਸ਼ਨ ਬ੍ਰਾਂਚ ਵਿੱਚ ਹੋਈ ਹੈ।
ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਇਨ੍ਹਾਂ ਦੋਵੇਂ ਨਵ-ਨਿਯੁਕਤ ਅਫ਼ਸਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੀਆਂ ਇਨ੍ਹਾਂ ਹੋਣਹਾਰ ਧੀਆਂ ਦੇ ਪਿਤਾ ਕਿਸਾਨ ਹਨ ਅਤੇ ਉਨ੍ਹਾਂ ਦੀ ਸਫਲਤਾ ਯਕੀਨੀ ਤੌਰ ’ਤੇ ਪੰਜਾਬ ਦੇ ਛੋਟੇ ਕਸਬਿਆਂ ਅਤੇ ਪਿੰਡਾਂ ਦੇ ਬੱਚਿਆਂ ਖਾਸ ਕਰਕੇ ਲੜਕੀਆਂ ਨੂੰ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫ਼ਸਰ ਬਣਨ ਕੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕਰੇਗੀ।
ਮਾਈ ਭਾਗੋ ਇੰਸਟੀਚਿਊਟ ਮੁਹਾਲੀ, ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਅਧੀਨ ਕਾਰਜਸ਼ੀਲ ਹੈ, ਜਿਸ ਕੋਲ ਅਤਿ-ਆਧੁਨਿਕ ਬੁਨਿਆਦੀ ਢਾਂਚੇ ਵਾਲਾ ਇੱਕ ਰਿਹਾਇਸ਼ੀ ਕੈਂਪ ਹੈ ਅਤੇ ਇਹ ਦੇਸ਼ ਵਿੱਚ ਆਪਣੀ ਕਿਸਮ ਦਾ ਇੱਕੋ ਇੱਕ ਕੈਂਪ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਦੀਆਂ ਲੜਕੀਆਂ ਦੇ ਦੇਸ਼ ਦੀ ਸੇਵਾ ਲਈ ਰੱਖਿਆ ਸੇਵਾਵਾਂ ਵਿੱਚ ਜਾਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ਆਪ ਸਰਕਾਰ ਨੇ ਹਾਲ ਹੀ ਵਿੱਚ ਮਾਈ ਭਾਗੋ ਇੰਸਟੀਚਿਊਟ ਮੁਹਾਲੀ ਵਿੱਚ ਐਨਡੀਏ ਪ੍ਰੈਪਰੇਟਰੀ ਵਿੰਗ (ਲੜਕੀਆਂ) ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ ਹੈ, ਜਿੱਥੇ ਇਸੇ ਸਾਲ ਜੁਲਾਈ ਮਹੀਨੇ ਤੋਂ ਸਿਖਲਾਈ ਸ਼ੁਰੂ ਹੋ ਜਾਵੇਗੀ।
ਮਾਈ ਭਾਗੋ ਇੰਸਟੀਚਿਊਟ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਜਸਬੀਰ ਸਿੰਘ ਸੰਧੂ ਨੇ ਸੰਸਥਾ ਦੀਆਂ ਇਨ੍ਹਾਂ ਦੋਵੇਂ ਵਿਦਿਆਰਥਣਾਂ ਦੇ ਫਲਾਇੰਗ ਅਫ਼ਸਰ ਵਜੋਂ ਚੁਣੇ ਜਾਣ ’ਤੇ ਬੇਹੱਦ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਉਨ੍ਹਾਂ ਨੂੰ ਸੂਬੇ ਦੀਆਂ ਹੋਰ ਲੜਕੀਆਂ ਨੂੰ ਵੱਖ-ਵੱਖ ਹਥਿਆਰਬੰਦ ਸੈਨਾਵਾਂ ਲਈ ਪ੍ਰੀ-ਕਮਿਸ਼ਨ ਸਿਖਲਾਈ ਅਕਾਦਮੀਆਂ ਵਿੱਚ ਭੇਜਣ ਦੇ ਉਨ੍ਹਾਂ ਦੇ ਯਤਨਾਂ ਨੂੰ ਹੋਰ ਹੁਲਾਰਾ ਦੇਵੇਗੀ। ਉਨ੍ਹਾਂ ਨੇ ਇਨ੍ਹਾਂ ਮਹਿਲਾ ਕਮਿਸ਼ਨਡ ਅਫ਼ਸਰਾਂ ਨੂੰ ਭਾਰਤੀ ਹਵਾਈ ਸੈਨਾ ਵਿੱਚ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …