ਜਿਊਲਰੀ ਦੀ ਦੁਕਾਨ ਵਿੱਚ ਲੁੱਟ ਦੀ ਨੀਅਤ ਨਾਲ ਫਾਇਰਿੰਗ ਕਰਨ ਵਾਲੇ ਦੋ ਗੈਂਗਸਟਰ ਗ੍ਰਿਫ਼ਤਾਰ

ਗੈਂਗਸਟਰ ਫੌਜੀ ਤੇ ਸਾਥੀਆਂ ਨੇ ਕੀਤੀ ਸੀ ਫਾਇਰਿੰਗ, ਫੌਜੀ ਵਿਰੁੱਧ ਪਹਿਲਾਂ ਵੀ ਦਰਜ ਨੇ ਕਈ ਕੇਸ

ਨਬਜ਼-ਏ-ਪੰਜਾਬ, ਮੁਹਾਲੀ, 22 ਅਕਤੂਬਰ:
ਮੁਹਾਲੀ ਪੁਲੀਸ ਨੇ ਜ਼ੀਰਕਪੁਰ ਵਿੱਚ ਜਿਊਲਰੀ ਦੀ ਦੁਕਾਨ ਵਿੱਚ ਲੁੱਟ ਦੀ ਨੀਅਤ ਨਾਲ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਮੁਲਜ਼ਮ ਗੈਂਗਸਟਰਾਂ ਦੀ ਪਛਾਣ ਗਗਨਦੀਪ ਸਿੰਘ ਉਰਫ਼ ਫੌਜੀ ਅਤੇ ਮਹੇਸ਼ ਸ਼ਰਮਾ ਵਾਸੀ ਅੰਬਾਲਾ ਵਜੋਂ ਹੋਈ ਹੈ। ਇਸ ਗੱਲ ਦਾ ਖ਼ੁਲਾਸਾ ਅੱਜ ਮੁਹਾਲੀ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਐੱਸਐੱਸਪੀ ਦੀਪਕ ਪਾਰਿਕ ਨੇ ਕੀਤਾ। ਉਨ੍ਹਾਂ ਦੱਸਿਆ ਕਿ ਬੀਤੀ 14 ਅਕਤੂਬਰ ਨੂੰ ਲੋਹਗੜ੍ਹ ਸਥਿਤ ਦਿੱਵਿਆ ਜਿਊਲਰੀ ਦੀ ਦੁਕਾਨ ’ਤੇ ਨਕਾਬਪੋਸ਼ ਨੌਜਵਾਨਾਂ ਨੇ ਫਾਇਰਿੰਗ ਕੀਤੀ ਗਈ ਸੀ। ਪੁਲੀਸ ਅਨੁਸਾਰ ਗੈਂਗਸਟਰ ਗਗਨਦੀਪ ਫੌਜੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਪੁਲੀਸ ਨੇ ਇਸ ਮਾਮਲੇ ਵਿੱਚ ਨਾਮਜ਼ਦ ਰਾਹੁਲ ਵੈਦ ਦਾ ਪਿੱਛਾ ਕੀਤਾ ਤਾਂ ਉਸ ਨੇ ਪੰਚਕੂਲਾ ਵਿੱਚ ਪੁਲੀਸ ਕਰਮਚਾਰੀਆਂ ਉੱਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਸਬੰਧੀ ਪਿੰਜੌਰ ਵਿੱਚ ਵੱਖਰਾ ਪਰਚਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਮੁਲਜ਼ਮਾਂ ਦੇ ਤੀਜੇ ਸਾਥੀ ਰਾਹੁਲ ਵੈਦ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜੋ ਇਸ ਸਮੇਂ ਹਰਿਆਣਾ ਪੁਲੀਸ ਦੀ ਹਿਰਾਸਤ ਵਿੱਚ ਹੈ। ਜਿਸ ਨੂੰ ਜਲਦੀ ਹੀ ਪ੍ਰੋਡਕਸ਼ਨ ਵਰੰਟ ’ਤੇ ਮੁਹਾਲੀ ਲਿਆਂਦਾ ਜਾਵੇਗਾ।
ਐੱਸਐੱਸਪੀ ਨੇ ਦੱਸਿਆ ਕਿ ਗੈਂਗਸਟਰ ਫੌਜੀ ਕੋਲੋਂ ਦੋ ਨਾਜਾਇਜ਼ ਪਿਸਤੌਲ ਅਤੇ 22 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਮੁੱਢਲੀ ਪੁੱਛਗਿੱਛ ਵਿੱਚ ਪਤਾ ਲੱਗਾ ਹੈ ਕਿ ਗਗਨਦੀਪ ਫੌਜੀ ਪਿੰਡ ਮੁੜਤਸੈਦੇਵਾਲਾ (ਮਾਨਸਾ) ਦਾ ਰਹਿਣ ਵਾਲਾ ਹੈ, ਜੋ ਇਸ ਸਮੇਂ ਜ਼ੀਰਕਪੁਰ ਵਿੱਚ ਰਹਿ ਰਿਹਾ ਸੀ। ਉਸ ਨੂੰ ਇਨਾਮੀ ਮੁਲਜ਼ਮ ਘੋਸ਼ਿਤ ਕੀਤਾ ਹੋਇਆ ਸੀ। ਇਸ ਦੌਰਾਨ ਉਸ ਦੀ ਮੁਲਾਕਾਤ ਹਰਿਆਣਾ ਦੇ ਨਾਮੀ ਗੈਂਗਸਟਰ ਸ਼ਨੀਦੇਵ ਉਰਫ਼ ਕੁੱਕੀ ਨਾਲ ਹੋ ਗਈ। ਸਾਲ 2013 ਵਿੱਚ ਰਾਕੇਸ਼ ਪੱਪੂ ਇਸ ਗੈਂਗ ਨੂੰ ਅਪਰੇਟ ਕਰਦਾ ਸੀ, ਉਸ ਵੱਲੋਂ ਕੁੱਕੀ ਗੈਂਗ ਦੇ ਸਰਗਨਾ ਸ਼ਨੀਦੇਵ ਨੇ ਭਰਾ ਸੁਖਵਿੰਦਰ ਨਰਵਾਲ ਦਾ ਰੋਹਤਕ ਵਿੱਚ ਕਤਲ ਕਰ ਦਿੱਤਾ ਸੀ। ਸੁਖਵਿੰਦਰ ਨਰਵਾਲ ਅਤੇ ਗੈਂਗਸਟਰ ਫੌਜੀ ਚੰਗੇ ਦੋਸਤ ਸਨ। ਜਿਸ ਕਾਰਨ ਉਨ੍ਹਾਂ ਨੇ ਸੁਖਵਿੰਦਰ ਦੀ ਮੌਤ ਦਾ ਬਦਲਾ ਲੈਣ ਲਈ 2017 ਵਿੱਚ ਕੋਟਾ ਬੂੰਦੀ ਅਦਾਲਤ ਵਿੱਚ ਪੇਸ਼ੀ ਦੌਰਾਨ ਰਾਕੇਸ਼ ਪੱਪੂ ’ਤੇ ਫਾਇਰਿੰਗ ਕੀਤੀ ਸੀ ਪਰ ਉਦੋਂ ਪੱਪੂ ਬਚ ਗਿਆ ਸੀ। ਗੈਂਗਸਟਰ ਫੌਜੀ ਵਿਰੁੱਧ ਬੂੰਦੀ ਥਾਣੇ ਵਿੱਚ ਵੀ ਇਰਾਦਾ-ਏ-ਕਤਲ ਦਾ ਪਰਚਾ ਦਰਜ ਹੈ।

Load More Related Articles
Load More By Nabaz-e-Punjab
Load More In General News

Check Also

ਮੈਗਾ ਪੀਟੀਐਮ: ਸਰਕਾਰੀ ਸਕੂਲਾਂ ਵਿੱਚ 5 ਕੈਬਨਿਟ ਮੰਤਰੀਆਂ ਨੇ ਕੀਤੀ ਬੱਚਿਆਂ ਤੇ ਮਾਪਿਆਂ ਨਾਲ ਗੱਲ

ਮੈਗਾ ਪੀਟੀਐਮ: ਸਰਕਾਰੀ ਸਕੂਲਾਂ ਵਿੱਚ 5 ਕੈਬਨਿਟ ਮੰਤਰੀਆਂ ਨੇ ਕੀਤੀ ਬੱਚਿਆਂ ਤੇ ਮਾਪਿਆਂ ਨਾਲ ਗੱਲ ਸਕੂਲੀ ਸਿ…