Nabaz-e-punjab.com

ਇੰਡਸਟਰੀ ਏਰੀਆ ਵਿੱਚ ਸੜਕ ਹਾਦਸੇ ਵਿੱਚ ਦੋ ਹਿਮਾਚਲੀ ਨੌਜਵਾਨਾਂ ਦੀ ਮੌਤ, ਕਾਰ ਚਾਲਕ ਗੰਭੀਰ ਜ਼ਖ਼ਮੀ

ਕਾਰ ਚਾਲਕ ਦੀ ਘੋਰ ਲਾਪਰਵਾਹੀ ਤੇ ਤੇਜ਼ ਰਫ਼ਤਾਰੀ ਕਾਰਨ ਵਾਪਰਿਆ ਭਿਆਨਕ ਹਾਦਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਫਰਵਰੀ:
ਇੱਥੋਂ ਦੇ ਇੰਡਸਟਰੀ ਏਰੀਆ ਫੇਜ਼-7 ਵਿੱਚ ਮੰਲਗਵਾਰ ਨੂੰ ਸਵੇਰੇ ਤੜਕੇ ਕਰੀਬ 5 ਵਜੇ ਵਾਪਰੇ ਇੱਕ ਭਿਆਨਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਕਾਰ ਚਾਲਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਯੋਗੇਸ਼ ਸ਼ਰਮਾ ਵਾਸੀ ਊਨਾ ਅਤੇ ਰਵੀ ਕਾਂਤ ਵਾਸੀ ਪਿੰਡ ਰਾਮਪੁਰ (ਹਿਮਾਚਲ ਪ੍ਰਦੇਸ਼) ਵਜੋਂ ਹੋਈ ਹੈ। ਇਹ ਦੋਵੇਂ ਮੁਹਾਲੀ ਵਿੱਚ ਫਲਿਪਗਾਰਡ ਕੰਪਨੀ ਵਿੱਚ ਨੌਕਰੀ ਕਰਦੇ ਸੀ ਅਤੇ ਇੱਥੋਂ ਦੇ ਫੇਜ਼-2 ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸੀ। ਜ਼ਖ਼ਮੀ ਕਾਰ ਚਾਲਕ ਅੰਕੁਸ਼ ਕੁਮਾਰ ਵਾਸੀ ਪਾਲਮਪੁਰ ਵੀ ਇਨ੍ਹਾਂ ਨਾਲ ਹੀ ਰਹਿੰਦਾ ਸੀ ਅਤੇ ਕੁਨੈਕਟ ਕੰਪਨੀ ਵਿੱਚ ਤਾਇਨਾਤ ਹੈ। ਜਿਸ ਨੂੰ ਪੁਲੀਸ ਵੱਲੋਂ ਸਿਵਲ ਹਸਪਤਾਲ ਫੇਜ਼-6 ਵਿੱਚ ਦਾਖ਼ਲ ਕਰਵਾਇਆ ਗਿਆ।
ਇਸ ਸਬੰਧੀ ਇੰਡਸਟਰੀ ਏਰੀਆ ਪੁਲੀਸ ਚੌਕੀ ਦੇ ਇੰਚਾਰਜ ਰਾਮ ਦਰਸ਼ਨ ਨੇ ਦੱਸਿਆ ਕਿ ਅੱਜ ਸਵੇਰੇ 5 ਕੁ ਵਜੇ ਪੁਲੀਸ ਨੂੰ ਉਕਤ ਹਾਦਸੇ ਬਾਰੇ ਇਤਲਾਹ ਮਿਲੀ ਸੀ। ਪੁਲੀਸ ਨੂੰ ਦੱਸਿਆ ਗਿਆ ਕਿ ਸਨਅਤੀ ਏਰੀਆ ਵਿੱਚ ਪੀਰ ਬਾਬੇ ਦੀ ਸਮਾਧੀ ਨੇੜੇ ਇੱਕ ਭਿਆਨਕ ਹਾਦਸਾ ਵਾਪਰਿਆ ਹੈ ਅਤੇ ਹਾਦਸਾ ਗ੍ਰਸਤ ਕਾਰ ਵਿੱਚ ਕੁਝ ਵਿਅਕਤੀ ਫਸੇ ਹੋਏ ਹਨ। ਪੁਲੀਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਕਾਰ ’ਚ ਫਸੇ ਤਿੰਨ ਨੌਜਵਾਨਾਂ ਨੂੰ ਬਾਹਰ ਕੱਢਿਆ ਅਤੇ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਯੋਗੇਸ਼ ਸ਼ਰਮਾ ਅਤੇ ਰਵੀ ਕਾਂਤ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲੀਸ ਅਨੁਸਾਰ ਇਹ ਹਾਦਸਾ ਤੇਜ਼ ਰਫ਼ਤਾਰੀ ਅਤੇ ਘੋਰ ਲਾਪਰਵਾਹੀ ਨਾਲ ਵਾਪਰਿਆ ਹੈ। ਹਾਦਸਾ ਗ੍ਰਸਤ ਕਾਰ ਦੀ ਸਪੀਡ 145 ਪ੍ਰਤੀ ਕਿੱਲੋ ਮੀਟਰ ਤੋਂ ਵੀ ਵੱਧ ਦੱਸੀ ਗਈ ਹੈ। ਹਾਦਸੇ ਤੋਂ ਬਾਅਦ ਮੀਟਰ ਦੀ ਸੂਈ 135-140 ਦੇ ਵਿਚਕਾਰ ਰੁਕੀ ਹੋਈ ਹੈ। ਉਂਜ ਸਥਾਨਕ ਲੋਕਾਂ ਵੱਲੋਂ ਇਸ ਭਿਆਨਕ ਹਾਦਸੇ ਲਈ ਸਨਅਤੀ ਏਰੀਆ ਵਿੱਚ ਕਾਫੀ ਅਰਸੇ ਤੋਂ ਬੰਦ ਪਈ ਜੇਸੀਟੀ ਦੇ ਬਾਹਰ ਸੜਕ ਦੇ ਐਨ ਵਿਚਕਾਰ ਬਣੀ ਪੀਰ ਦੀ ਸਮਾਧ ਵੀ ਦੱਸੀ ਜਾ ਰਹੀ ਹੈ। ਹਾਦਸਾ ਗ੍ਰਸਤ ਕਾਰ ਨੂੰ ਅੰਕੁਸ਼ ਚਲਾ ਰਿਹਾ ਸੀ। ਕਾਰ ਤੇਜ਼ ਰਫ਼ਤਾਰ ਵਿੱਚ ਹੋਣ ਕਰਕੇ ਉਸ ਨੂੰ ਪੀਰ ਦੀ ਸਮਾਧ ਨਹੀਂ ਦਿਖੀ। ਜਿਸ ਕਾਰਨ ਬੇਕਾਬੂ ਹੋ ਕੇ ਸੜਕ ’ਤੇ ਬਣੇ ਡਿਵਾਈਡਰ ਨਾਲ ਖਹਿੰਦੀ ਹੋਈ ਦਰਖ਼ਤ ਵਿੱਚ ਜਾ ਵੱਜੀ। ਪੁਲੀਸ ਨੇ ਸਰਕਾਰੀ ਹਸਪਤਾਲ ਵਿੱਚ ਪੋਸਟ ਮਾਰਟਮ ਤੋਂ ਬਾਅਦ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ। ਪੁਲੀਸ ਨੂੰ ਹਾਦਸਾ ਗ੍ਰਸਤ ਕਾਰ ’ਚੋਂ ਸ਼ਰਾਬ ਦੀ ਅੱਧੀ ਕੁ ਖਾਲੀ ਹੋਈ ਬੋਤਲ ਵੀ ਮਿਲੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅੰਕੁਸ਼ ਨੂੰ ਪੂਰੀ ਤਰ੍ਹਾਂ ਕਾਰ ਵੀ ਚਲਾਉਣੀ ਨਹੀਂ ਆਉਂਦੀ ਹੈ ਪ੍ਰੰਤੂ ਇਸ ਦੇ ਬਾਵਜੂਦ ਉਹ ਏਨੀ ਜ਼ਿਆਦਾ ਸਪੀਡ ਨਾਲ ਗੱਡੀ ਦੌੜਾ ਰਿਹਾ ਸੀ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…