ਦਿਨ ਦਿਹਾੜੇ ਸੁੰਨੇ ਘਰ ’ਚੋਂ ਇਨਵਰਟਰ ਦੀਆਂ ਦੋ ਬੈਟਰੀਆਂ ਚੋਰੀ
ਨਬਜ਼-ਏ-ਪੰਜਾਬ, ਮੁਹਾਲੀ, 6 ਜਨਵਰੀ:
ਇੱਥੋਂ ਦੇ ਫੇਜ਼-7 ਦੇ ਇੱਕ ਘਰ ’ਚੋਂ ਦਿਨ-ਦਿਹਾੜੇ ਇਨਵਰਟਰ ਦੀਆਂ ਦੋ ਬੈਟਰੀਆਂ ਚੋਰੀ ਹੋ ਗਈਆਂ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਸੀਸੀਟੀਵੀ ਕੈਮਰੇ ਦੀ ਫੁਟੇਜ ਮੁਤਾਬਕ ਇੱਕ ਸਕੂਟਰ ’ਤੇ ਆਏ ਦੋ ਨੌਜਵਾਨ ਘਰ ’ਚੋਂ ਬੈਟਰੀਆਂ ਚੋਰੀ ਕਰਕੇ ਲੈ ਗਏ। ਇਸ ਸਬੰਧੀ ਫੇਜ਼-7 ਦੇ ਵਸਨੀਕ ਪ੍ਰੇਮ ਸਿੰਘ ਨੇ ਮੁਹਾਲੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਨ੍ਹਾਂ ਦੇ ਘਰ ’ਚੋਂ ਇਨਵਰਟਰ ਦੀਆਂ ਬੈਟਰੀਆਂ ਚੋਰੀ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਘਰ ਤੋਂ ਮਾਰਕੀਟ ਵਿੱਚ ਗਏ ਸਨ ਅਤੇ ਜਦੋਂ ਵਾਪਸ ਆਏ ਤਾਂ ਉਨ੍ਹਾਂ ਦੇਖਿਆ ਕਿ ਗੈਰੇਜ ਵਿੱਚ ਲੱਗੇ ਇਨਵਰਟਰ ਦੇ ਬਕਸੇ ਵਿੱਚ ਰੱਖੀਆਂ ਦੋਵੇਂ ਬੈਟਰੀਆਂ ਗਾਇਬ ਸਨ। ਜਦੋਂ ਉਨ੍ਹਾਂ ਨੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫਟੇਜ ਚੈੱਕ ਕੀਤੀਆਂ ਤਾਂ ਪਤਾ ਲੱਗਿਆ ਕਿ ਇੱਕ ਸਕੂਟਰ ’ਤੇ ਸਵਾਰ ਦੋ ਨੌਜਵਾਨ ਉਨ੍ਹਾਂ ਦੇ ਘਰ ਦੇ ਬਾਹਰ ਪਹੁੰਚੇ। ਜਿਨ੍ਹਾਂ ’ਚੋਂ ਇੱਕ ਨੌਜਵਾਨ ਸਕੂਟਰ ’ਤੇ ਹੀ ਬੈਠਾ ਰਿਹਾ ਜਦੋਂਕਿ ਉਸ ਦਾ ਦੂਜਾ ਸਾਥੀ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋਇਆ ਅਤੇ ਇੱਕ-ਇੱਕ ਕਰਕੇ ਦੋਵੇਂ ਬੈਟਰੀਆਂ ਸਕੂਟਰ ਉੱਤੇ ਰੱਖ ਕੇ ਮੌਕੇ ਤੋਂ ਫਰਾਰ ਹੋ ਗਏ। ਚੋਰੀ ਦੀ ਇਸ ਵਾਰਦਾਤ ਨੂੰ ਮਹਿਜ਼ ਚਾਰ ਕੁ ਮਿੰਟ ਵਿੱਚ ਅੰਜਾਮ ਦਿੱਤਾ ਗਿਆ। ਉਨ੍ਹਾਂ ਦਾ ਕਰੀਬ 23 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ।
ਇਸ ਸਬੰਧੀ ਵਾਰਡ ਦੀ ਕੌਂਸਲਰ ਸ੍ਰੀਮਤੀ ਅਨੁਰਾਧਾ ਅਨੰਦ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਸ ਖੇਤਰ ਵਿੱਚ ਚੋਰਾਂ ਵੱਲੋਂ ਲੋਕਾਂ ਦੇ ਸੁੰਨੇ ਘਰਾਂ ਵਿੱਚ ਦਾਖ਼ਲ ਹੋ ਕੇ ਸਾਈਕਲ, ਬੈਟਰੀਆਂ ਅਤੇ ਹੋਰ ਸਾਮਾਨ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਐੱਸਐੱਸਪੀ ਤੋਂ ਮੰਗ ਕੀਤੀ ਹੈ ਕਿ ਸੀਸੀਟੀਵੀ ਕੈਮਰੇ ਵਿੱਚ ਦਿਖਾਈ ਦੇ ਰਹੇ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਲਈ ਲੋੜੀਂਦੇ ਠੋਸ ਕਦਮ ਚੁੱਕੇ ਜਾਣ ਅਤੇ ਸ਼ਹਿਰ ਵਿੱਚ ਦਿਨ ਅਤੇ ਰਾਤ ਨੂੰ ਪੁਲੀਸ ਗਸ਼ਤ ਵਧਾਈ ਜਾਵੇ।