Nabaz-e-punjab.com

ਪੀਜੀਆਈ ’ਚੋਂ ਦੋ ਹੋਰ ਮਰੀਜ਼ਾਂ ਨੂੰ ਮਿਲੀ ਛੁੱਟੀ, ਮੁਹਾਲੀ ਵਿੱਚ ਹੁਣ ਕੋਈ ਪੀੜਤ ਮਰੀਜ਼ ਨਹੀਂ

133 ਹੋਰ ਸ਼ੱਕੀ ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ, 265 ਸੈਂਪਲਾਂ ਦੀਆਂ ਰਿਪੋਰਟਾਂ ਪੈਂਡਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਈ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵੀਰਵਾਰ ਨੂੰ ਵੀ ਕਰੋਨਾਵਾਇਰਸ ਤੋਂ ਪੀੜਤ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਜਦੋਂਕਿ ਪਿੰਡ ਮਿਲਖ ਦੀ ਲੜਕੀ ਸੁਮਨ ਕੌਰ (24) ਅਤੇ ਨਵਾਂ ਗਾਉਂ ਦੇ ਅੰਕਿਤ ਕੁਮਾਰ (30) ਨੂੰ ਵੀ ਠੀਕ ਹੋ ਕੇ ਆਪਣੇ ਘਰ ਪਰਤ ਆਏ ਹਨ। ਇਹ ਦੋਵੇਂ ਜਣੇ ਪੀਜੀਆਈ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਇਨ੍ਹਾਂ ਦੀ ਰਿਪੋਰਟਾਂ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਪੀਜੀਆਈ ’ਚੋਂ ਛੁੱਟੀ ਮਿਲ ਗਈ ਹੈ। ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਕਰੋਨਾ ਤੋਂ ਪੀੜਤ ਕੋਈ ਮਰੀਜ਼ ਕਿਸੇ ਹਸਪਤਾਲ ਵਿੱਚ ਦਾਖ਼ਲ ਨਹੀਂ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਸਭ ਤੋਂ ਪਹਿਲਾਂ ਜਿਸ ਤੇਜ਼ੀ ਨਾਲ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾਵਾਇਰਸ ਦੇ ਮਾਮਲੇ ਵਧੇ ਸਨ, ਸਿਹਤ ਵਿਭਾਗ ਦੇ ਯਤਨਾਂ ਸਦਕਾ ਉਸੇ ਤੇਜ਼ ਰਫ਼ਤਾਰ ਨਾਲ ਲਗਾਤਾਰ ਪੀੜਤ ਮਰੀਜ਼ ਠੀਕ ਹੋਣ ਕਾਰਨ ਹੁਣ ਇਕ ਤਰ੍ਹਾਂ ਨਾਲ ਮੁਹਾਲੀ ਜ਼ਿਲ੍ਹਾ ਇਸ ਮਹਾਮਾਰੀ ਤੋਂ ਮੁਕਤ ਹੋ ਗਿਆ ਹੈ।
ਮੁਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾਵਾਇਰਸ ਤੋਂ ਪੀੜਤ 105 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ’ਚੋਂ 102 ਮਰੀਜ਼ ਕਰੋਨਾ ਨੂੰ ਮਾਤ ਦੇਣ ਵਿੱਚ ਸਫਲ ਰਹੇ ਹਨ। ਹੁਣ ਇਹ ਸਾਰੇ ਪੀੜਤ ਵਿਅਕਤੀ ਇਲਾਜ ਮਗਰੋਂ ਆਪੋ ਆਪਣੇ ਘਰਾਂ ਵਿੱਚ ਪਰਤ ਚੁੱਕੇ ਹਨ। ਜਦੋਂਕਿ ਤਿੰਨ ਪੀੜਤ ਮਰੀਜ਼ਾਂ ਵਿਜੇ ਕੁਮਾਰ ਜ਼ੀਰਕਪੁਰ, ਓਮ ਪ੍ਰਕਾਸ਼ ਨਵਾਂ ਗਾਉਂ ਅਤੇ ਰਾਜ ਕੁਮਾਰੀ ਖਰੜ ਦੀ ਮੌਤ ਹੋ ਚੁੱਕੀ ਹੈ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਭਾਵੇਂ ਜ਼ਿਲ੍ਹੇ ਵਿੱਚ ਹੁਣ ਕਰੋਨਾ ਵਾਇਰਸ ਦੀ ਲਾਗ ਦਾ ਕੋਈ ਕੇਸ ਨਹੀਂ ਬਚਿਆ ਹੈ ਪਰ ਲੋਕਾਂ ਨੂੰ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਇਸ ਮਾਰੂ ਬਿਮਾਰੀ ਦਾ ਖ਼ਾਤਮਾ ਹੋ ਗਿਆ ਹੈ।
ਉਂਜ ਸਿਵਲ ਸਰਜਨ ਨੇ ਲੋਕਾਂ ਨੂੰ ਚੌਕਸ ਕਰਦਿਆਂ ਕਿਹਾ ਕਿ ‘ਕਰੋਨਾਵਾਇਰਸ ਦਾ ਖ਼ਤਰਾ ਹਾਲੇ ਵੀ ਪਹਿਲਾਂ ਵਾਂਗ ਬਰਕਰਾਰ ਹੈ। ਜ਼ਿਲ੍ਹੇ ਵਿੱਚ ਕਰਫਿਊ ਹਟਣ, ਢਿੱਲ ਦੇਣ ਜਾਂ ਬਿਮਾਰੀ ਦਾ ਇਕ ਵੀ ਕੇਸ ਨਾ ਹੋਣ ਦਾ ਮਤਲਬ ਇਹ ਨਾ ਸਮਝਿਆ ਜਾਵੇ ਕਿ ਜ਼ਿਲ੍ਹੇ ਵਿੱਚ ਇਹ ਬਿਮਾਰੀ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ। ਜੇਕਰ ਥੋੜ੍ਹੇ ਜਿਹੇ ਵੀ ਲਾਪਰਵਾਹ ਜਾਂ ਅਵੇਸਲੇ ਹੋਏ ਤਾਂ ਇਹ ਬਿਮਾਰੀ ਮੁੜ ਸਾਡੇ ਉੱਤੇ ਹਮਲਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਤੋਂ ਬਚਾਅ ਲਈ ਬਾਹਰ ਨਿਕਲਦੇ ਸਮੇਂ ਮਾਸਕ, ਰੁਮਾਲ, ਕੱਪੜੇ, ਚੁੰਨੀ ਨਾਲ ਮੂੰਹ ਢੱਕ ਕੇ ਰੱਖਣ, ਇਕ ਦੂਜੇ ਤੋਂ ਜ਼ਰੂਰੀ ਫਾਸਲਾ ਰੱਖਣ ਅਤੇ ਵਾਰ-ਵਾਰ ਹੱਥ ਧੋਣ ਜਿਹੀਆਂ ਤਮਾਮ ਜ਼ਰੂਰੀ ਸਾਵਧਾਨੀਆਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਲੰਘੇ ਸ਼ੁੱਕਰਵਾਰ ਨੂੰ ਇਕੱਠੇ ਹੀ 35 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਸੀ। ਸਿਹਤ ਵਿਭਾਗ ਦੀਆਂ ਟੀਮਾਂ ਉਨ੍ਹਾਂ ਦੀ ਸਿਹਤ ’ਤੇ ਨੇੜਿਓਂ ਨਜ਼ਰ ਰੱਖ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਵਿੱਚ ਰਹਿਣ ਨੂੰ ਤਰਜ਼ੀਹ ਦੇਣ।
(ਬਾਕਸ ਆਈਟਮ)
ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਵੀਰਵਾਰ ਨੂੰ ਸਰਕਾਰੀ ਹਸਪਤਾਲ ਫੇਜ਼-6 ਸਮੇਤ ਹੋਰ ਵੱਖ-ਵੱਖ ਫਲੂ ਕਾਰਨਰਾਂ ਉੱਤੇ 133 ਹੋਰ ਸ਼ੱਕੀ ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਜਿਨ੍ਹਾਂ 167 ਸ਼ੱਕੀ ਵਿਅਕਤੀਆਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਸਨ। ਉਨ੍ਹਾਂ ’ਚੋਂ 37 ਜਣਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਜਦੋਂਕਿ ਅੱਜ ਵਾਲੇ 133 ਨਮੂਨਿਆਂ ਸਮੇਤ ਹੁਣ ਕੁੱਲ 265 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਮੁਹਾਲੀ ਵਿੱਚ ਕਰੋਨਾ ਦਾ ਕੋਈ ਐਕਟਿਵ ਕੇਸ ਨਹੀਂ ਹੈ। ਜਿਸ ਤਰੀਕੇ ਨਾਲ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾਵਾਇਰਸ ਦੇ ਸਭ ਤੋਂ ਵੱਧ ਕੇਸ ਆਏ ਸਨ, ਉਵੇਂ ਹੀ ਸਿਹਤ ਵਿਭਾਗ ਦੇ ਵਿਸ਼ੇਸ਼ ਯਤਨਾਂ ਕਾਰਨ ਤੇਜ਼ੀ ਨਾਲ ਪੀੜਤ ਮਰੀਜ਼ ਠੀਕ ਹੋ ਗਏ ਹਨ ਅਤੇ ਮੌਜੂਦਾ ਸਮੇਂ ਵਿੱਚ ਮੁਹਾਲੀ ਜ਼ਿਲ੍ਹੇ ਵਿੱਚ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …