
ਮਾਰਕੀਟ ਕਮੇਟੀ ਚੇਅਰਮੈਨ ਦੇ ਯਤਨਾਂ ਸਦਕਾ ਐਰੋਸਿਟੀ ਵਿੱਚ ਦੋ ਨਵੀਆਂ ਕਿਸਾਨ ਮੰਡੀਆਂ ਸ਼ੁਰੂ
ਸੈਕਟਰ ਵਾਸੀਆਂ ਨੂੰ ਤਾਜ਼ੀਆਂ ਸਬਜ਼ੀਆਂ ਅਤੇ ਫਲਾਂ ਲਈ ਹੁਣ ਦੂਰ ਜਾਣ ਦੀ ਨਹੀਂ ਪਵੇਗੀ ਲੋੜ: ਸ਼ਰਮਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਸਤੰਬਰ:
ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਦੇ ਯਤਨਾਂ ਸਦਕਾ ਮੁਹਾਲੀ ਕੌਮਾਂਤਰੀ ਏਅਰਪੋਰਟ ਨੇੜੇ ਸੈਕਟਰ-82 ਸਥਿਤ ਐਰੋਸਿਟੀ ਵਿੱਚ ਦੋ ਨਵੀਆਂ ਕਿਸਾਨ ਮੰਡੀਆਂ (ਆਪਣੀ ਮੰਡੀ) ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਐਰੋਸਿਟੀ ਦੇ ਲੋਕ ਕਾਫ਼ੀ ਸਮੇਂ ਤੋਂ ਮੰਗ ਕਰਦੇ ਰਹੇ ਸੀ ਕਿ ਇਸ ਖੇਤਰ ਵਿੱਚ ਕਿਸਾਨ ਮੰਡੀਆਂ ਚਾਲੂ ਕੀਤੀਆਂ ਜਾਣ। ਉਨ੍ਹਾਂ ਨੇ ਕਿਸਾਨਾਂ ਦੇ ਹਵਾਲੇ ਨਾਲ ਦੱਸਿਆ ਕਿ ਐਰੋਸਿਟੀ ਦੇ ਬਲਾਕ-ਐਚ ਅਤੇ ਬਲਾਕ-ਈ ਵਿੱਚ ਵੀ ਆਪਣੀ ਮੰਡੀਆਂ ਸ਼ੁਰੂ ਕੀਤੀਆਂ ਗਈਆਂ ਹਨ ਜੋ ਕ੍ਰਮਵਾਰ ਹਰੇਕ ਵੀਰਵਾਰ ਅਤੇ ਸਨਿਚਰਵਾਰ ਨੂੰ ਲੱਗਿਆ ਕਰਨਗੀਆਂ।
ਇਸ ਦੌਰਾਨ ਸ੍ਰੀ ਸ਼ਰਮਾ ਨੇ ਆਪਣੀ ਮੰਡੀ ਦਾ ਦੌਰਾ ਕਰਕੇ ਨਿਰੀਖਣ ਕੀਤਾ ਅਤੇ ਕਿਹਾ ਕਿ ਇਹ ਮੰਡੀਆਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਸੈਕਟਰ ਵਾਸੀਆਂ ਨੂੰ ਤਾਜ਼ੀਆਂ ਸਬਜ਼ੀਆਂ ਅਤੇ ਫਲ ਖ਼ਰੀਦਣ ਲਈ ਦੂਰ ਨਹੀਂ ਜਾਣ ਪਵੇਗਾ। ਉਨ੍ਹਾਂ ਕਿਹਾ ਕਿ ਨਵੀਆਂ ਮੰਡੀਆਂ ਵਿੱਚ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣਗੇ ਅਤੇ ਲੋਕਾਂ ਦੀ ਸਹੂਲਤ ਦਾ ਪੂਰਾ ਖ਼ਿਆਲ ਰੱਖਿਆ ਜਾਵੇਗਾ। ਉਨ੍ਹਾਂ ਮੁੜ ਦੁਹਰਾਇਆ ਕਿ ਮਾਰਕੀਟ ਕਮੇਟੀ ਅਧੀਨ ਆਉਂਦੀਆਂ ਅਨਾਜ ਅਤੇ ਕਿਸਾਨ ਮੰਡੀਆਂ ਨੂੰ ਹਰ ਪੱਖ ਤੋਂ ਸਾਫ਼-ਸੁਥਰੀ ਅਤੇ ਸਮੱਸਿਆ-ਮੁਕਤ ਬਣਾਉਣਾ ਉਨ੍ਹਾਂ ਦੀ ਤਰਜ਼ੀਹ ਰਹੀ ਹੈ ਅਤੇ ਇਸ ਕੰਮ ਵਿੱਚ ਉਹ ਕਾਫ਼ੀ ਹੱਦ ਤੱਕ ਸਫ਼ਲ ਰਹੇ ਹਨ।
ਇਸ ਮੌਕੇ ਜਗਤਾਰ ਸਿੰਘ ਸਰਪੰਚ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਬਲਾਕ-ਐਚ ਦੇ ਪ੍ਰਧਾਨ ਬਲਵੰਤ ਸਿੰਘ, ਨਰਿੰਦਰ ਸਿੰਘ, ਵਿਨੋਦ ਕੁਮਾਰ, ਐਸੋਸੀਏਸ਼ਨ ਬਲਾਕ-ਈ ਦੇ ਪ੍ਰਧਾਨ ਜੋਗਿੰਦਰ ਸਿੰਘ ਸਿੱਧੂ, ਹਰਪਾਲ ਸਿੰਘ ਮੰਡੀ ਸੁਪਰਵਾਈਜ਼ਰ, ਲਖਵਿੰਦਰ ਸਿੰਘ ਅਤੇ ਜਤਿੰਤਰ ਰਾਣਾ ਆਕਸ਼ਨ ਰੀਕਾਰਡਰ ਮੌਜੂਦ ਸਨ। ਜ਼ਿਕਰਯੋਗ ਹੈ ਕਿ ਰੈਜ਼ੀਡੈਂਟਸ ਵੈਲਫ਼ੇਅਰ ਐਸੋਸੀਏਸ਼ਨਾਂ ਦੇ ਸੱਦੇ ’ਤੇ ਹਰਕੇਸ਼ ਸ਼ਰਮਾ ਨੇ ਇਨ੍ਹਾਂ ਮੰਡੀਆਂ ਦਾ ਦੌਰਾ ਕੀਤਾ ਅਤੇ ਪ੍ਰਬੰਧਾਂ ਦਾ ਨਿਰੀਖਣ ਕੀਤਾ। ਇਸ ਮੌਕੇ ਐਸੋਸੀਏਸ਼ਨਾਂ ਨੇ ਸ੍ਰੀ ਮੱਛਲੀ ਕਲਾਂ ਦਾ ਧੰਨਵਾਦ ਵੀ ਕੀਤਾ।