ਪਾਕਿ-ਆਈਐਸਆਈ ਤੋਂ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦੇ ਦੋ ਕਾਰਕੁਨ ਗ੍ਰਿਫ਼ਤਾਰ

ਮੁਲਜ਼ਮਾਂ ਖ਼ਿਲਾਫ਼ ਮੁਹਾਲੀ ਸਥਿਤ ਐਸਐਸਓਸੀ ਥਾਣੇ ਵਿੱਚ ਕੇਸ ਦਰਜ, ਆਰਡੀਐਕਸ ਬਰਾਮਦ

ਪੰਜਾਬ ਪੁਲੀਸ ਨੇ ਸੰਭਾਵੀ ਅੱਤਵਾਦੀ ਹਮਲੇ ਨੂੰ ਟਾਲਿਆ: ਡੀਜੀਪੀ ਗੌਰਵ ਯਾਦਵ

ਜਰਮਨੀ ਆਧਾਰਿਤ ਗੋਲਡੀ ਢਿੱਲੋਂ ਵੱਲੋਂ ਚਲਾਇਆ ਜਾ ਰਿਹਾ ਸੀ ਪੂਰਾ ਨੈੱਟਵਰਕ

ਗੈਂਗਸਟਰ ਗੋਲਡੀ ਬਰਾੜ-ਲਾਰੈਂਸ ਬਿਸ਼ਨੋਈ ਗੈਂਗ ਦਾ ਮੁੱਖ ਸੰਚਾਲਕ ਹੈ ਗੋਲਡੀ ਢਿੱਲੋਂ: ਡੀਜੀਪੀ ਯਾਦਵ

ਨਬਜ਼-ਏ-ਪੰਜਾਬ, ਮੁਹਾਲੀ, 13 ਅਪਰੈਲ:
ਪੰਜਾਬ ਪੁਲੀਸ ਨੇ ਜਰਮਨੀ ਆਧਾਰਿਤ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਢਿੱਲੋਂ ਵੱਲੋਂ ਚਲਾਏ ਜਾ ਰਹੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਦੋ ਮੁੱਖ ਸੰਚਾਲਕਾਂ ਨੂੰ 1.6 ਕਿੱਲੋ ਆਰਡੀਐਕਸ ਯੁਕਤ 2.8 ਕਿੱਲੋ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਅਤੇ ਇੱਕ ਰਿਮੋਟ ਕੰਟਰੋਲ ਸਮੇਤ ਗ੍ਰਿਫ਼ਤਾਰ ਕਰਕੇ ਸਰਹੱਦੀ ਸੂਬੇ ਵਿੱਚ ਸੰਭਾਵੀ ਟਾਰਗੇਟਿਡ ਅੱਤਵਾਦੀ ਹਮਲੇ ਨੂੰ ਟਾਲਣ ਦਾ ਦਾਅਵਾ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਜੱਗਾ ਸਿੰਘ ਅਤੇ ਮਨਜਿੰਦਰ ਸਿੰਘ ਵਾਸੀ ਫ਼ਤਹਿਗੜ੍ਹ ਸਾਹਿਬ ਵਜੋਂ ਹੋਈ ਹੈ। ਇਨ੍ਹਾਂ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ ਅਤੇ ਉਹ ਪਹਿਲਾਂ ਵੀ ਨਸ਼ਿਆਂ ਨਾਲ ਸਬੰਧਤ ਕਈ ਮਾਮਲਿਆਂ ਵਿੱਚ ਸ਼ਾਮਲ ਰਹੇ ਹਨ। ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਮੁਹਾਲੀ ਸਥਿਤ ਐਸਐਸਓਸੀ ਥਾਣੇ ਵਿੱਚ ਵਿਸਫੋਟਕ ਸਮੱਗਰੀ ਐਕਟ ਦੀ ਧਾਰਾ 3, 4, 5 ਅਤੇ 6 ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਦੋਵੇਂ ਮੁਲਜ਼ਮਾਂ ਨੂੰ ਮੁਹਾਲੀ ਲਿਆਂਦਾ ਗਿਆ ਹੈ। ਜਿੱਥੇ ਉਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕਰਕੇ ਉਨ੍ਹਾਂ ਦੀ ਯੋਜਨਾਵਾਂ ਬਾਰੇ ਪਤਾ ਲਾਇਆ ਜਾ ਰਿਹਾ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਕਾਰਵਾਈ ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਆਪਰੇਟਿੰਗ ਸੈੱਲ ਮੁਹਾਲੀ ਅਤੇ ਕਾਉਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਗੈਂਗਸਟਰ ਗੋਲਡੀ ਬਰਾੜ-ਲਾਰੈਂਸ ਬਿਸ਼ਨੋਈ ਗੈਂਗ ਦੇ ਮੁੱਖ ਸੰਚਾਲਕ ਗੋਲਡੀ ਢਿੱਲੋਂ ਨੂੰ ਫੜਾਉਣ ਲਈ 10 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਹੈ। ਪੰਜਾਬ ਪੁਲਿਸ ਨੇ ਇਸ ਮਾਡਿਊਲ ਦਾ ਪਰਦਾਫਾਸ਼ ਕਰਕੇ ਪਾਕਿਸਤਾਨ ਆਧਾਰਿਤ ਆਈਐਸਆਈ ਵੱਲੋਂ ਪੰਜਾਬ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀਆਂ ਯੋਜਨਾਵਾਂ ਨੂੰ ਨਾਕਾਮ ਕਰ ਦਿੱਤਾ ਹੈ।
ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਢਿੱਲੋਂ ਹਾਲ ਹੀ ਵਿੱਚ ਸੂਬੇ ਵਿੱਚ ਰਸੂਖ਼ਵਾਨ ਵਿਅਕਤੀਆਂ ’ਤੇ ਜਾਨਲੇਵਾ ਹਮਲਿਆਂ ਦੀ ਸਾਜ਼ਿਸ਼ ਰਚਣ ਵਿੱਚ ਵੀ ਸ਼ਾਮਲ ਰਿਹਾ ਹੈ। ਇਸ ਸਮੇਂ ਉਹ ਪਾਕਿਸਤਾਨ ਆਈਐਸਆਈ ਦੇ ਇਸ਼ਾਰੇ ’ਤੇ ਸੂਬੇ ਵਿੱਚ ਅਸ਼ਾਂਤੀ ਫੈਲਾਉਣ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਕਤ ਮੁਲਜ਼ਮਾਂ ਦੇ ਕੌਮਾਂਤਰੀ ਨੈੱਟਵਰਕਾਂ ਨਾਲ ਸਬੰਧਾਂ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਮੂਲੀਅਤ ਬਾਰੇ ਪਤਾ ਲਗਾਉਣ ਲਈ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਏਆਈਜੀ ਫਿਰੋਜ਼ਪੁਰ ਗੁਰਸੇਵਕ ਸਿੰਘ ਬਰਾੜ ਨੇ ਉਕਤ ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਪੁਲੀਸ ਟੀਮਾਂ ਨੂੰ ਭਰੋਸੇਯੋਗ ਜਾਣਕਾਰੀ ਮਿਲੀ ਸੀ ਕਿ ਮੁਲਜ਼ਮ ਜੱਗਾ ਸਿੰਘ ਅਤੇ ਮਨਜਿੰਦਰ ਸਿੰਘ ਕਥਿਤ ਤੌਰ ’ਤੇ ਆਪਣੇ ਜਰਮਨੀ ਸਥਿਤ ਹੈਂਡਲਰ ਗੋਲਡੀ ਢਿੱਲੋਂ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਹਨ ਅਤੇ ਹਾਲ ਹੀ ਵਿੱਚ ਉਨ੍ਹਾਂ ਨੇ ਵਿਸਫੋਟਕ-ਸਮੱਗਰੀ ਦੀ ਇੱਕ ਖੇਪ ਪ੍ਰਾਪਤ ਕੀਤੀ ਹੈ, ਜਿਸ ਨੂੰ ਉਹ ਆਪਣੀ ਹੁੰਡਈ ਵੈਨਿਊ ਕਾਰ ਵਿੱਚ ਆਪਣੇ ਕਿਸੇ ਅਣਪਛਾਤੇ ਸਾਥੀ ਨੂੰ ਦੇਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਅਤੇ ਫਿਰੋਜ਼ਪੁਰ ਟੀਮਾਂ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਉਕਤ ਦੋਵੇਂ ਮੁਲਜ਼ਮਾਂ ਨੂੰ ਸਰਹਿੰਦ ਖੇਤਰ ’ਚੋਂ ਆਈਈਡੀ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲੀਸ ਨੇ ਮੁਲਜ਼ਮਾਂ ਦੀ ਚਿੱਟੇ ਰੰਗ ਦੀ ਹੁੰਡਈ ਵੈਨਿਊ ਗੱਡੀ ਵੀ ਜ਼ਬਤ ਕੀਤੀ ਗਈ ਹੈ।

Load More Related Articles

Check Also

ਵਿਕਰੇਤਾ ਤੇ ਛੋਟੇ ਕਿਸਾਨਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੀਆਂ ਹਨ ‘ਹਫ਼ਤਾਵਾਰੀ ਮੰਡੀਆਂ’

ਵਿਕਰੇਤਾ ਤੇ ਛੋਟੇ ਕਿਸਾਨਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੀਆਂ ਹਨ ‘ਹਫ਼ਤਾਵਾਰੀ ਮੰਡੀਆਂ’ ਸ਼ਹਿਰ ਵਿੱਚ ਲੱਗ…