
ਗੈਂਗਸਟਰ ਲਾਰੈਂਸ ਬਿਸ਼ਨੋਈ-ਰੋਹਿਤ ਗੋਦਾਰਾ ਗੈਂਗ ਦੇ ਦੋ ਅਪਰੇਟਰ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ
ਗੰਗਾਨਗਰ ਕਤਲ ਮਾਮਲੇ ਵਿੱਚ ਲੋੜੀਂਦਾ ਜਸ਼ਨ ਸੰਧੂ, ਲਗਾਤਾਰ ਟਿਕਾਣੇ ਬਦਲ ਕੇ ਬਚਦਾ ਰਿਹਾ ਸੀ: ਡੀਜੀਪੀ ਗੌਰਵ ਯਾਦਵ
ਜਸ਼ਨ ਦੁਬਈ ਤੋਂ ਨੇਪਾਲ ਪਹੁੰਚਿਆ, ਕਾਨੂੰਨ ਲਾਗੂ ਕਰਨ ਤੋਂ ਬਚਣ ਦੀ ਕੋਸ਼ਿਸ਼ ਵਿੱਚ ਸੜਕ ਰਾਹੀਂ ਭਾਰਤ ਵਿੱਚ ਦਾਖ਼ਲ ਹੋਇਆ
ਨਬਜ਼-ਏ-ਪੰਜਾਬ, ਮੁਹਾਲੀ, 8 ਅਪਰੈਲ:
ਪੰਜਾਬ ਪੁਲੀਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ-ਰੋਹਿਤ ਗੋਦਾਰਾ ਗੈਂਗ ਦੇ ਦੋ ਸਰਗਰਮ ਕਾਰਕੁਨਾਂ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਜਸ਼ਨਦੀਪ ਸਿੰਘ ਉਰਫ਼ ਜਸ਼ਨ ਸੰਧੂ ਵਾਸੀ ਗੰਗਾਨਗਰ (ਰਾਜਸਥਾਨ) ਅਤੇ ਗੁਰਸੇਵਕ ਸਿੰਘ ਦੇ ਵਾਸੀ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਮੁਲਜ਼ਮਾਂ ਖ਼ਿਲਾਫ਼ ਮੁਹਾਲੀ ਸਥਿਤ ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ਵਿੱਚ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਅੱਜ ਸ਼ਾਮ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ .32 ਬੋਰ ਦਾ ਪਿਸਤੌਲ ਅਤੇ ਸੱਤ ਕਾਰਤੂਸ ਬਰਾਮਦ ਕੀਤੇ ਗਏ ਹਨ। ਪੁਲੀਸ ਅਨੁਸਾਰ ਮੁਲਜ਼ਮਾਂ ਮੁਹਾਲੀ ’ਚੋਂ ਗ੍ਰਿਫ਼ਤਾਰ ਕੀਤਾ ਗਿਆ।
ਮੁਲਜ਼ਮ ਜਸ਼ਨ ਸੰਧੂ ਗੰਗਾਨਗਰ ਵਿੱਚ 2023 ਵਿੱਚ ਹੋਏ ਇੱਕ ਕਤਲ ਕੇਸ ਵਿੱਚ ਲੋੜੀਂਦਾ ਸੀ ਅਤੇ ਜਾਰਜੀਆ, ਅਜ਼ਰਬਾਈਜਾਨ, ਸਾਊਦੀ ਅਰਬ ਅਤੇ ਦੁਬਈ ਵਿੱਚ ਲਗਾਤਾਰ ਟਿਕਾਣੇ ਬਦਲ ਕੇ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ। ਹਾਲ ਹੀ ਵਿੱਚ ਆਪਣੇ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਜਸ਼ਨ ਸੰਧੂ ਭਾਰਤ ਵਾਪਸ ਆਇਆ ਸੀ ਅਤੇ ਕਾਨੂੰਨ ਤੋਂ ਬਚਣ ਲਈ ਸੜਕ ਰਸਤੇ ਭਾਰਤ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਦੁਬਈ ਤੋਂ ਨੇਪਾਲ ਅਤੇ ਫਿਰ ਮੁਹਾਲੀ ਪਹੁੰਚ ਗਿਆ।
ਡੀਜੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਸ਼ਨ ਨੇ ਗਰੋਹ ਨੂੰ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਦੀ ਪੁੱਛਗਿੱਛ ਨਾਲ ਵਿਦੇਸ਼ੀ ਹਵਾਲਾ ਅਪਰੇਟਰਾਂ, ਟਰੈਵਲ ਏਜੰਟਾਂ ਅਤੇ ਵਿਦੇਸ਼ਾਂ ਵਿੱਚ ਲੁਕੇ ਭਗੌੜੇ ਗੈਂਗਸਟਰਾਂ ਦੇ ਟਿਕਾਣਿਆਂ ਦੀ ਵੀ ਪਛਾਣ ਹੋਈ ਹੈ, ਜੋ ਇਨ੍ਹਾਂ ਨੈੱਟਵਰਕਾਂ ਨੂੰ ਖ਼ਤਮ ਕਰਨ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਏਡੀਜੀਪੀ ਪ੍ਰਮੋਦ ਬਾਨ ਨੇ ਕਿਹਾ ਕਿ ਜਸ਼ਨ ਸੰਧੂ ਦੇ ਨੇਪਾਲ ਵਿੱਚ ਉਤਰਨ ਤੋਂ ਬਾਅਦ ਸੜਕ ਰਾਹੀਂ ਭਾਰਤ ਵਿੱਚ ਦਾਖ਼ਲ ਹੋਣ ਬਾਰੇ ਪੁਲੀਸ ਨੂੰ ਜਾਣਕਾਰੀ ਮਿਲੀ ਸੀ। ਜਿਸ ’ਤੇ ਕਾਰਵਾਈ ਕਰਦਿਆਂ ਏਆਈਜੀ ਗੁਰਮੀਤ ਸਿੰਘ ਚੌਹਾਨ ਦੀ ਨਿਗਰਾਨੀ ਹੇਠ ਅਤੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਾਲੀ ਟੀਮ ਪਹਿਲਾਂ ਜਸ਼ਨ ਸੰਧੂ ਅਤੇ ਮਗਰੋਂ ਉਸਦੇ ਸਾਥੀ ਗੁਰਸੇਵਕ ਸਿੰਘ ਨੂੰ ਟਰੇਸ ਕਰ ਲਿਆ।
ਏਆਈਜੀ ਗੁਰਮੀਤ ਚੌਹਾਨ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਗੁਰਸੇਵਕ, ਜਸ਼ਨ ਰਾਹੀਂ ਲਾਰੈਂਸ ਗੈਂਗ ਦੇ ਮੈਂਬਰਾਂ ਦੇ ਸੰਪਰਕ ਵਿੱਚ ਆਇਆ ਸੀ। ਉਹ ਸਥਾਨਕ ਤੌਰ ’ਤੇ ਕੰਮ ਕਰ ਰਿਹਾ ਸੀ। ਉਨ੍ਹਾਂ ਦੇ ਖੁਲਾਸਿਆਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਰੋਹਿਤ ਗੋਦਾਰਾ ਪੰਜਾਬ ਅਤੇ ਨਵੀਂ ਦਿੱਲੀ ਵਿੱਚ ਕੁਝ ਪ੍ਰਮੁੱਖ ਵਿਅਕਤੀਆਂ ਨੂੰ ਖ਼ਤਮ ਕਰਨ ਦੀ ਯੋਜਨਾ ਬਣਾ ਰਿਹਾ ਸੀ ਪ੍ਰੰਤੂ ਹੁਣ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਸਨਸਨੀਖ਼ੇਜ਼ ਅਪਰਾਧਾਂ ਨੂੰ ਟਾਲ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੇ ਸਬੰਧਾਂ ਦਾ ਪਤਾ ਲਗਾਉਣ ਲਈ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।