ਪੰਜਾਬ ਪੁਲੀਸ ਦੇ ਦੋ ਸੀਨੀਅਰ ਅਧਿਕਾਰੀ ਆਹਮੋ-ਸਾਹਮਣੇ

ਮੈਨੂੰ ਕਿਸੇ ਸਮੇਂ ਝੂਠੇ ਕੇਸ ਵਿੱਚ ਫਸਾ ਸਕਦੀ ਹੈ ਪੰਜਾਬ ਵਿਜੀਲੈਂਸ ਬਿਊਰੋ: ਏਆਈਜੀ ਮਾਲਵਿੰਦਰ ਸਿੱਧੂ

ਏਆਈਜੀ ਸਿੱਧੂ ਖ਼ਿਲਾਫ਼ ਡੀਜੀਪੀ ਤੋਂ ਸੋਰਸ ਰਿਪੋਰਟ ਦੀ ਮਨਜ਼ੂਰੀ ਲਈ: ਮਨਮੋਹਨ ਸ਼ਰਮਾ

ਨਬਜ਼-ਏ-ਪੰਜਾਬ, ਮੁਹਾਲੀ, 11 ਅਕਤੂਬਰ:
ਪੰਜਾਬ ਪੁਲੀਸ ਦੇ ਦੋ ਅਧਿਕਾਰੀ ਆਹਮੋ ਸਾਹਮਣੇ ਆ ਗਏ ਹਨ। ਏਆਈਜੀ ਮਾਲਵਿੰਦਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਤੋਂ ਗੁਹਾਰ ਲਗਾਈ ਕਿ ਉਸ ਨੂੰ ਪੰਜਾਬ ਵਿਜੀਲੈਂਸ ਬਿਊਰੋ ਦੇ ਕੁਝ ਅਧਿਕਾਰੀਆਂ ਦੇ ਕਹਿਰ ਤੋਂ ਬਚਾਇਆ ਜਾਵੇ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਏਆਈਜੀ ਸਿੱਧੂ ਨੇ ਵਿਜੀਲੈਂਸ ਬਿਊਰੋ ਦੇ ਏਆਈਜੀ ਮਨਮੋਹਨ ਸਿੰਘ ਦੇ ਰੀਡਰ ਰਣਜੀਤ ਸਿੰਘ ਤੋਂ ਖ਼ਤਰਾ ਦੱਸਦਿਆਂ ਕਿਹਾ ਕਿ ਉਹ ਉਸ ਨੂੰ ਝੂਠੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਐਸਆਈ ਰਣਜੀਤ ਸਿੰਘ ਦਾ ਪਰਿਵਾਰ ਤੇ ਰਿਸ਼ਤੇਦਾਰ ਕਥਿਤ ਤੌਰ ’ਤੇ ਜਾਅਲੀ ਐਸਈ ਸਰਟੀਫਿਕੇਟ ਬਣਾ ਕੇ ਆਈਏਐਸ, ਹੈੱਡਮਾਸਟਰ ਅਤੇ ਹੋਰ ਉੱਚ ਅਹੁਦਿਆਂ ’ਤੇ ਪਹੁੰਚ ਚੁੱਕੇ ਹਨ। ਇਹ ਲੋਕ ਉਸ ਦੇ ਵੱਲੋਂ ਜਾਅਲੀ ਸਰਟੀਫਿਕੇਟ ਦਾ ਪਰਦਾਫਾਸ਼ ਕਰਨ ਕਰਨ ਤੋਂ ਸਖ਼ਤ ਖ਼ਫ਼ਾ ਹਨ।
ਵਿਜੀਲੈਂਸ ਦੇ ਏਐਸਆਈ ਰਣਜੀਤ ਸਿੰਘ ਦੇ ਰਿਸ਼ਤੇਦਾਰ ਹਰਪ੍ਰੀਤ ਸਿੰਘ ਜਾਅਲੀ ਐਸਈ ਸਰਟੀਫਿਕੇਟ ਦੇ ਅਧਾਰ ’ਤੇ ਆਈਏਐਸ ਬਣੇ ਹਨ ਅਤੇ ਹੁਣ ਕੇਂਦਰੀ ਖੇਤੀਬਾੜੀ ਵਿਭਾਗ ਵਿੱਚ ਕੰਟਰੋਲਰ ਆਫ਼ ਅਕਾਉਂਟਸ ਹਨ, ਜੋ ਉਸਦੀ ਲੜਕੀ ਦੇ ਸਾਬਕਾ ਪਤੀ ਹੋਣ ਕਾਰਨ ਉਨ੍ਹਾਂ ਤੋਂ ਖ਼ਫ਼ਾ ਹਨ। ਹਰਪ੍ਰੀਤ ਸਿੰਘ ਨੇ ਮੇਰੀ ਲੜਕੀ ਜੋ ਡਾਕਟਰ ਹੈ, ਨੂੰ ਕੁੱਟਮਾਰ ਕਰਕੇ ਅਤੇ ਉਸਦੇ ਕਮਰੇ ਵਿੱਚ ਕੈਮਰੇ ਲਗਾ ਕੇ ਬਾਹਰ ਕੱਢ ਦਿੱਤਾ। ਇਹ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਹੈ।
ਏਆਈਜੀ ਮਾਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਪਰਿਵਾਰ ਕਈ ਜੀਅ ਜਾਅਲੀ ਐਸਈ ਸਰਟੀਫਿਕੇਟ ਦੇ ਅਧਾਰ ’ਤੇ ਵੱਡੀਆਂ ਪੋਸਟਾਂ ’ਤੇ ਤਾਇਨਾਤ ਹਨ ਅਤੇ ਹੁਣ ਇਹ ਇਸ ਮਾਮਲੇ ਵਿੱਚ ਉਸ ਖ਼ਿਲਾਫ਼ ਬਦਲਾਖੋਰੀ ਦੀ ਕਾਰਵਾਈ ’ਤੇ ਉਤਾਰੂ ਹਨ। ਉਨ੍ਹਾਂ ਦੱਸਿਆ ਕਿ 8 ਅਗਸਤ ਨੂੰ ਐਸਆਈ ਰਣਜੀਤ ਸਿੰਘ ਨੂੰ ਜ਼ਿਲ੍ਹਾ ਭਲਾਈ ਅਫ਼ਸਰ ਪਟਿਆਲਾ ਨੇ ਜਾਅਲੀ ਸਰਟੀਫਿਕੇਟ ਦੀ ਵੈਰੀਫਿਕੇਸ਼ਨ ਮਾਮਲੇ ਵਿੱਚ ਤਲਬ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਉਸਦੇ ਖ਼ਿਲਾਫ਼ ਜਾਅਲੀ ਸਰਟੀਫਿਕੇਟ ਦੀ ਜਾਣਕਾਰੀ ਲੈਣ ਵਿਰੁੱਧ ਰਿਪੋਰਟ ਬਣਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਵਿਜੀਲੈਂਸ ਦੇ ਇਕ ਡੀਐਸਪੀ ਨੇ ਉਸ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ ਜਦੋਂਕਿ ਉਹ ਜਾਅਲੀ ਐਸਸੀ ਸਰਟੀਫਿਕੇਟਾਂ ਦੀ ਜਾਂਚ ਮਾਮਲੇ ਵਿੱਚ ਸਰਕਾਰ ਦੀ ਮਦਦ ਕਰ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਸ ਖ਼ਿਲਾਫ਼ ਸ਼ਿਕਾਇਤ ਦੀ ਕਿਸੇ ਬਾਹਰਲੇ ਪੁਲੀਸ ਅਧਿਕਾਰੀ ਤੋਂ ਕਰਵਾਈ ਜਾਵੇ ਅਤੇ ਜਾਅਲੀ ਡਿਗਰੀਆਂ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਉਧਰ, ਦੂਜੇ ਪਾਸੇ ਪੰਜਾਬ ਵਿਜੀਲੈਂਸ ਬਿਊਰੋ ਦੇ ਏਆਈਜੀ ਮਨਮੋਹਨ ਸ਼ਰਮਾ ਨੇ ਕਿਹਾ ਕਿ ਮਾਲਵਿੰਦਰ ਸਿੰਘ ਸਿੱਧੂ ਖ਼ਿਲਾਫ਼ ਗਲਤ ਵਾਧੂ ਜਾਇਦਾਦ ਬਣਾਉਣ, ਪਟਿਆਲਾ ਵਿੱਚ ਵਿਜੀਲੈਂਸ ਦਾ ਏਆਈਜੀ ਬਣ ਕੇ ਅਫ਼ਸਰਾਂ ਤੋਂ ਰਿਕਾਰਡ ਲੈਣ ਦੀਆਂ ਰਿਪੋਰਟਾਂ ਮਿਲੀਆਂ ਹਨ। ਜਿਸ ਕਰਕੇ ਉਨ੍ਹਾਂ ਖ਼ਿਲਾਫ਼ ਵਿਜੀਲੈਂਸ ਨੇ ਰਿਪੋਰਟ ਤਿਆਰ ਕਰਕੇ ਡੀਜੀਪੀ ਤੋਂ ਪ੍ਰਵਾਨਗੀ ਲਈ ਗਈ ਹੈ। ਇਸ ਸਬੰਧੀ ਉਸ ਨੂੰ ਤਿੰਨ ਵਾਰ ਸੰਮਨ ਵੀ ਜਾਰੀ ਕੀਤੇ ਗਏ ਹਨ, ਪ੍ਰੰਤੂ ਉਹ ਸਿਰਫ਼ ਇੱਕ ਵਾਰ ਹੀ ਹਾਜ਼ਰ ਹੋਇਆ ਹੈ। ਉਨ੍ਹਾਂ ਕਿਹਾ ਕਿ ਦਫ਼ਤਰ ਵਿੱਚ ਹਾਜ਼ਰੀ ਵੀ ਨਾਂਹ ਦੇ ਬਰਾਬਰ ਹੈ, ਜਿਸ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਲਾਗ ਬੁੱਕ ਵੀ ਚੈੱਕ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ ਨਬਜ਼…