
ਕ੍ਰਿਕਟ ਮੈਚਾਂ ’ਤੇ ਸੱਟਾ ਲਾਉਣ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ
ਮੁਲਜ਼ਮਾਂ ਕੋਲੋਂ 1 ਲੈਪਟਾਪ, 4 ਮੋਬਾਈਲ ਫੋਨ ਤੇ 50 ਹਜ਼ਾਰ ਰੁਪਏ ਨਗਦ ਰਾਸ਼ੀ ਬਰਾਮਦ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਮਾਰਚ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਕ੍ਰਿਕਟ ਮੈਚਾਂ ਲਈ ਸੱਟੇ ਦਾ ਗੋਰਖਧੰਦਾ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ ਅਤੇ ਡੀਐਸਪੀ (ਡੀ) ਗੁਰਚਰਨ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਅੰਕਿਤ ਸ਼ਰਮਾ ਅਤੇ ਤਰੁਨ ਕੁਮਾਰ ਬੁੱਕੀਆਂ ਦੋਵੇਂ ਵਾਸੀ ਅਬੋਹਰ ਨੂੰ ਹਾਈ ਲਾਈਟ ਪਾਰਕ ਸੁਸਾਇਟੀ ਜ਼ੀਰਕਪੁਰ ’ਚੋਂ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਜ਼ੀਰਕਪੁਰ ਥਾਣੇ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਐਸਐਸਪੀ ਨੇ ਦੱਸਿਆ ਕਿ ਬੀਤੇ ਕੱਲ੍ਹ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅੰਕਿਤ ਸ਼ਰਮਾ ਅਤੇ ਤਰੁਨ ਕੁਮਾਰ ਦੋਵੇਂ ਇਸ ਸਮੇਂ ਜ਼ੀਰਕਪੁਰ ਵਿੱਚ ਫਲੈਟ ਕਿਰਾਏ ’ਤੇ ਲੈ ਕੇ ਉੱਥੋਂ ਦੜੇ ਸੱਟੇ ਦਾ ਧੰਦਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਵੀ ਭਾਰਤ ਅਤੇ ਇੰਗਲੈਂਡ ਵਿਚਕਾਰ ਪੂਨੇ ਵਿਖੇ ਚਲ ਰਹੇ ਕ੍ਰਿਕਟ ਮੈਚ ’ਤੇ ਦੜਾ ਸੱਟਾ ਲਗਾ ਰਹੇ ਸੀ। ਪੁਲੀਸ ਅਨੁਸਾਰ ਮੁਲਜ਼ਮ ਲੋਕਾਂ ਨੂੰ ਕ੍ਰਿਕਟ ਮੈਚਾਂ ਵਿੱਚ ਘੱਟ ਰਕਮ ਲਗਾ ਕੇ ਵੱਧ ਮੁਨਾਫ਼ਾ ਕਮਾਉਣ ਦਾ ਲਾਲਚ ਦਿੰਦੇ ਹਨ। ਸੀਆਈਏ ਸਟਾਫ਼ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਇੱਕ ਲੈਪਟਾਪ, ਚਾਰ ਮੋਬਾਈਲ ਫੋਨ, ਇੱਕ ਰਜਿਸਟਰ ਜਿਸ ਵਿੱਚ ਕ੍ਰਿਕਟ ਮੈਚਾਂ ਸਬੰਧੀ ਲਗਾਏ ਗਏ ਸੱਟੇ ਦੀਆਂ ਰਕਮਾਂ ਲਿਖਿਆ ਹੋਈਆ ਹਨ ਅਤੇ ਕੁੱਲ 50 ਹਜ਼ਾਰ ਰੁਪਏ ਕਰੰਸੀ ਨੋਟ ਬਰਾਮਦ ਕੀਤੇ ਗਏ ਹਨ।
ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਮੁੱਢਲੀ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਅੰਕਿਤ ਸ਼ਰਮਾ ਅਤੇ ਤਰੁਨ ਕੁਮਾਰ, ਸਿਧਾਰਥ ਵਾਸੀ ਰੋਹਿਨੀ ਦਿੱਲੀ ਅਤੇ ਸੌਰਵ ਵਾਸੀ ਕਰਨਾਲ (ਹਰਿਆਣਾ) ਨਾਲ ਮਿਲ ਕੇ ਸੱਟੇ ਦੇ ਇਸ ਗੋਰਖ ਧੰਦੇ ਨੂੰ ਅੰਜਾਮ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।