ਯੂਰਪੀ ਅਤਿਵਾਦੀ ਸੰਗਠਨ ਨਾਲ ਸਬੰਧਤ ਦੋ ਸ਼ੱਕੀ ਅਤਿਵਾਦੀ ਮਹਿਲਾ ਸਮੇਤ ਗ੍ਰਿਫ਼ਤਾਰ

ਅਤਿਵਾਦੀਆਂ ਦੇ ਨਿਸ਼ਾਨੇ ’ਤੇ ਸਨ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਤੇ ਮੈਂਬਰ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 18 ਅਪਰੈਲ:
ਪੰਜਾਬ ਦੀਆਂ ਧਾਰਮਿਕ ਤੇ ਸਮਾਜਕ ਜਥੇਬੰਦੀਆਂ ਦੇ ਮੈਂਬਰਾਂ ਸਮੇਤ ਕਈ ਸਿਆਸੀ ਆਗੂਆਂ ਨੂੰ ਨਿਸ਼ਾਨੇ ’ਤੇ ਰੱਖਣ ਵਾਲੇ ਇਕ ਯੂਰਪੀ ਅਤਿਵਾਦੀ ਸੰਗਠਨ ਨਾਲ ਸਬੰਧਤ ਦੋ ਸ਼ੱਕੀ ਅਤਿਵਾਦੀਆਂ ਨੂੰ ਅੱਜ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਬਟਾਲਾ ਦੇ ਪਿੰਡ ਬੱਲ ਦੇ ਨਿਵਾਸੀ ਪਲਵਿੰਦਰ ਸਿੰਘ ਉਰਫ ਘੋੜੂ ਅਤੇ ਬਟਾਲਾ ਦੇ ਹੀ ਪੂਰੀਆਂ ਮੁਹੱਲੇ ਦੇ ਨਿਵਾਸੀ ਸੰਦੀਪ ਕੁਮਾਰ ਉਰਫ ਕਾਲੂ ਉਰਫ ਸ਼ਿੰਦਾ ਨੂੰ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਯੂਨਿਟ ਵੱਲੋਂ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਹੋਈ ਪੜਤਾਲ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਦੋਹਾਂ ਸ਼ੱਕੀ ਅੱਤਵਾਦੀਆਂ ਨੂੰ ਪੰਜਾਬ ਅੰਦਰ ਸਿਆਸੀ ਅਸਥਿਰਤਾ ਲਿਆਉਣ ਵਾਸਤੇ ਫਿਰਕੂ ਤਣਾਅ ਪੈਦਾ ਕਰਨ ਦਾ ਕੰਮ ਸੌਂਪਿਆ ਗਿਆ ਸੀ।
ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਤੋਂ ਵੱਡੀ ਮਾਤਰਾ ਵਿੱਚ ਅਸਲਾ-ਬਾਰੂਦ ਬਰਾਮਦ ਕੀਤਾ ਗਿਆ ਹੈ। ਬਰਾਮਦ ਕੀਤੇ ਗਏ ਅਸਲੇ ਵਿੱਚ 2 ਮੈਗਜ਼ੀਨਾਂ ਤੇ 13 ਜਿੰਦਾ ਕਾਰਤੂਸਾਂ ਸਮੇਤ ਇੱਕ 9 ਐਮ.ਐਮ. ਦਾ ਪਿਸਟਲ, 4 ਮੈਗਜ਼ੀਨ ਅਤੇ 33 ਜਿੰਦਾ ਕਾਰਤੂਸਾਂ ਸਮੇਤ 32 ਬੋਰ ਦੇ 2 ਪਿਸਟਲ ਅਤੇ ਇੱਕ 12 ਬੋਰ ਦੀ ਦੇਸੀ ਰਾਈਫਲ ਸ਼ਾਮਲ ਹੈ। ਇਸ ਅਤਿਵਾਦੀ ਸੰਗਠਨ ਨੂੰ ਸ਼ਮਿੰਦਰ ਸਿੰਘ ਉਰਫ ਸ਼ੈਰੀ ਵੱਲੋਂ ਮੌਜੂਦਾ ਸਮੇਂ ਜਰਮਨੀ ਤੋਂ ਕੰਟਰੋਲ ਕੀਤਾ ਜਾ ਰਿਹਾ ਸੀ। ਇਹ ਮੰਨਿਆ ਜਾ ਰਿਹਾ ਹੈ ਕਿ ਉਹ ਬੈਲਜੀਅਮ ਅਧਾਰਿਤ ਕੁਝ ਹੋਰ ਅਤਿਵਾਦੀਆਂ ਨਾਲ ਸੰਪਰਕ ਵਿੱਚ ਸੀ ਜਿਨ੍ਹਾਂ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮੋਹੀ ਦੇ ਵਾਸੀ ਜਗਦੀਸ਼ ਸਿੰਘ ਭੂਰਾ ਵਰਗੇ ਸ਼ਾਮਲ ਹਨ। ਯੂਰਪ ਦੇ ਵੱਖ-ਵੱਖ ਮੁਲਕਾਂ ਨਾਲ ਸਬੰਧ ਰੱਖਦੇ ਇਹ ਅਤਿਵਾਦੀ ਸੂਬੇ ਵਿੱਚ ਅਤਿਵਾਦੀਆਂ ਸਰਗਰਮੀਆਂ ਨੂੰ ਸ਼ਹਿ ਦੇਣ ਦੇ ਦੋਸ਼ਾਂ ਵਿੱਚ ਪੰਜਾਬ ਦੇ ਕਈ ਪੁਲੀਸ ਥਾਣਿਆਂ ਵਿੱਚ ਦਰਜ ਅਪਰਾਧਿਕ ਕੇਸਾਂ ਵਿੱਚ ਵੀ ਲੋੜੀਂਦੇ ਹਨ। ਪੁਲੀਸ ਨੇ ਸ਼ੈਰੀ ਦੀ ਮਾਤਾ ਜਸਵਿੰਦਰ ਕੌਰ ਵਾਸੀ ਪਿੰਡ ਬੱਲ ਥਾਣਾ ਸਦਰ ਬਟਾਲਾ ਨੂੰ ਵੀ ਗ੍ਰਿਫਤਾਰ ਕੀਤਾ ਹੈ ਜਿਸ ਪਾਸੋਂ ਦੋ ਹਥਿਆਰ ਬਰਾਮਦ ਹੋਏ ਹਨ। ਇਹ ਹਥਿਆਰ ਸ਼ੈਰੀ ਦੇ ਕਹਿਣ ’ਤੇ ਢੁਕਵੇਂ ਮੌਕੇ ’ਤੇ ਦਿੱਤੇ ਜਾਣੇ ਸਨ।
ਜਸਵਿੰਦਰ ਨੇ ਪੁਲੀਸ ਨੂੰ ਦੱਸਿਆ ਕਿ ਸ਼ੈਰੀ ਬਹੁਤ ਵਾਰ ਪੰਜਾਬ ਆਇਆ ਅਤੇ ਪਿਛਲੀ ਵਾਰ ਜਨਵਰੀ, 2017 ਵਿੱਚ ਇੱਥੇ ਆਇਆ ਸੀ। ਜਾਂਚ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਸੰਦੀਪ ਕੁਮਾਰ ਨੇ ਸਾਲ 2008-09 ਦੌਰਾਨ ਗੁਰਦਾਸਪੁਰ ਜੇਲ੍ਹ ਵਿੱਚ ਸਜ਼ਾ ਕੱਟੀ ਸੀ ਜਦੋਂ ਉਹ ਸ਼ੈਰੀ ਅਤੇ ਹੋਰ ਅਪਰਾਧੀਆਂ ਤੇ ਗੈਂਗਸਟਰਾਂ ਦੇ ਸੰਪਰਕ ਵਿੱਚ ਆਇਆ। ਸ਼ੈਰੀ ਵੱਲੋਂ ਜਰਮਨੀ ਤੋਂ ਘੋੜੂ ਤੇ ਕਾਲੂ ਨੂੰ ਮਦਦ ਤੇ ਸਮਰਥਨ ਦਿੱਤਾ ਜਾ ਰਿਹਾ ਸੀ। ਬੁਲਾਰੇ ਅਨੁਸਾਰ ਸਮੁੱਚੀ ਸਾਜ਼ਿਸ਼ ਨੂੰ ਸਾਹਮਣੇ ਲਿਆਉਣ ਅਤੇ ਭਾਰਤ ਅਤੇ ਵਿਦੇਸ਼ਾਂ ਵਿੱਚ ਪਤਾ ਲਾਉਣ ਲਈ ਜਾਂਚ ਪੜਤਾਲ ਜਾਰੀ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …