
ਯੂਕਰੇਨ ਪੀੜਤ ਵਿਦਿਆਰਥੀਆਂ ਦੀ ਮੈਡੀਕਲ ਸਿੱਖਿਆ ਨੂੰ ਜਾਰੀ ਰੱਖਣ ਦਾ ਪ੍ਰਬੰਧ ਕਰੇ ਸਰਕਾਰ: ਬੀਰਦਵਿੰਦਰ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਮਾਰਚ:
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੀ ਹਾਲਤ ਅਤੇ ਉਨ੍ਹਾਂ ਦੇ ਭਵਿੱਖ ਬਾਰੇ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਯੂਕਰੇਨ ਤੋਂ ਵਾਪਸ ਪਰਤ ਰਹੇ ਜਾਂ ਪਰਤਣ ਵਾਲੇ ਨੌਜਵਾਨਾਂ ਦੀ ਪੰਜਾਬ ਵਿੱਚ ਮੈਡੀਕਲ ਸਿੱਖਿਆ ਨੂੰ ਜਾਰੀ ਰੱਖਣ ਦੀ ਵਿਵਸਥਾ ਕੀਤੀ ਜਾਵੇ ਅਤੇ ਸੂਬੇ ਵਿੱਚ ਵੱਧ ਤੋਂ ਵੱਧ ਮੈਡੀਕਲ ਕਾਲਜ ਖੋਲ੍ਹੇ ਜਾਣ ਤਾਂ ਜੋ ਨੌਜਵਾਨਾਂ ਬੇਗਾਨੇ ਮੁਲਕਾਂ ਵਿੱਚ ਧੱਕੇ ਨਾ ਖਾਣੇ ਪੈਣ।
ਅੱਜ ਇੱਥੇ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਇੱਕ ਅੰਦਾਜ਼ੇ ਅਨੁਸਾਰ ਪੰਜਾਬ ਦੇ 500 ਤੋਂ ਵੱਧ ਵਿਦਿਆਰਥੀ ਯੂਕਰੇਨ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਮੈਡੀਕਲ ਸਿੱਖਿਆ ਸੰਸਥਾਵਾਂ ਵਿੱਚ ਡਾਕਟਰੀ ਦੀ ਪੜ੍ਹਾਈ ਕਰ ਰਹੇ ਸਨ। ਜਿੱਥੇ ਰੂਸ ਵੱਲੋਂ ਯੂਕਰੇਨ ’ਤੇ ਕੀਤੇ ਗਏ ਫੌਜੀ ਹਮਲੇ ਕਾਰਨ ਪੈਦਾ ਹੋਏ ਭਿਆਨਕ ਹਾਲਾਤ ਵਿੱਚ ਫਸੇ ਇਨ੍ਹਾਂ ਵਿਦਿਆਰਥੀਆਂ ਨੂੰ ਜ਼ਮੀਨਦੋਜ਼ ਮੋਰਚਿਆਂ ’ਚੋਂ ਸੁਰੱਖਿਅਤ ਬਾਹਰ ਕੱਢ ਕੇ ਉਨ੍ਹਾਂ ਦੀ ਸੁਰੱਖਿਅਤ ਦੇਸ਼ ਵਾਪਸੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਦੀਆਂ ਸਫ਼ਾਰਤੀ ਮਸ਼ਕਾਂ ਲਈ ਵੱਡੀ ਚੁਨੌਤੀ ਹੈ, ਉੱਥੇ ਹੀ ਯੂਕਰੇਨ ਤੋਂ ਵਾਪਸ ਪੰਜਾਬ ਪੁੱਜੇ ਇਨ੍ਹਾਂ ਵਿਦਿਆਰਥੀਆਂ ਲਈ ਉਨ੍ਹਾਂ ਦੇ ਅਧੂਰੇ ਡਾਕਟਰੀ ਕੋਰਸਾਂ ਨੂੰ ਪੰਜਾਬ ਦੇ ਮੈਡੀਕਲ ਕਾਲਜਾਂ ਵਿੱਚ ਹੀ ਸਹੀ ਢੰਗ ਨਾਲ ਨੇਪਰੇ ਚਾੜ੍ਹਨ ਦੇ ਪ੍ਰਬੰਧ ਕੀਤੇ ਜਾਣ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਭਾਵੇਂ ਇਹ ਪੰਜਾਬ ਸਰਕਾਰ ਅਤੇ ਮੈਡੀਕਲ ਸਿੱਖਿਆ ਵਿਭਾਗ ਲਈ ਵੱਡੀ ਚੁਨੌਤੀ ਹੋਵੇਗੀ ਪਰ ਸਰਕਾਰ ਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਨੇੜ ਭਵਿੱਖ ਵਿੱਚ ਪੀੜਤ ਨੌਜਵਾਨਾਂ ਵੱਲੋਂ ਯੂਕਰੇਨ ਦੀਆਂ ਯੂਨੀਵਰਸਿਟੀਆਂ ਵਿੱਚ ਵਾਪਸ ਪਰਤਣਾ ਹੁਣ ਸੰਭਵ ਨਹੀਂ ਹੋਵੇਗਾ। ਜਿਸ ਕਦਰ ਰੂਸ ਦਾ ਤਾਨਾਸ਼ਾਹੀ ਅਤੇ ਤੀਜੀ ਵਿਸ਼ਵ ਜੰਗ ਨੂੰ ਨਿਊਕਲੀ ਤਬਾਹੀ ਵਿੱਚ ਬਦਲਨ ਦੇ ਤੌਖਲੇ ਪੈਦਾ ਕਰ ਰਿਹਾ ਹੈ, ਉਸ ਦੀ ਦਹਾੜ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਹੁਣ ਯੁਕਰੇਨ ਵਿੱਚ ਪਹਿਲਾਂ ਵਾਲੇ ਸ਼ਾਂਤਮਈ ਹਾਲਾਤ, ਛੇਤੀ ਵਾਪਸ ਪਰਤਣੇ ਮੁਸ਼ਕਲ ਜਾਪਦੇ ਹਨ। ਉਨ੍ਹਾਂ ਕਿਹਾ ਕਿ ਜੇ ਰੂਸ ਅਤੇ ਯੂਕਰੇਨ ਦੀ ਦੋ-ਧਿਰੀ ਗੱਲਬਾਤ ਰਾਹੀਂ ਅਰਜ਼ੀ ਜੰਗਬੰਦੀ ਲਈ ਕੋਈ ਰਸਤਾ ਨਿਕਲਦਾ ਵੀ ਹੈ ਤਾਂ ਵੀ ਮੌਜੂਦਾ ਯੂਕਰੇਨ ਦੀ ਤਕਸੀਮ ਤਾਂ ਲਗਪਗ ਤਹਿ ਹੈ, ਜੋ ਯੂਰਪੀਅਨ ਯੂਨੀਅਨ, ਨਾਟੋ ਅਤੇ ਅਮਰੀਕਾ ਨੂੰ ਕਿਸੇ ਕੀਮਤ ’ਤੇ ਮਨਜ਼ੂਰ ਨਹੀਂ ਹੋਵੇਗੀ।
ਦੂਜੇ ਪਾਸੇ ਰੂਸ ’ਤੇ ਭੂਗੋਲਿਕ ਵਿਸਥਾਰ ਦਾ ਭੂਤ ਸਵਾਰ ਹੈ, ਜੋ ਉਸ ਨੂੰ ਵਿਸ਼ਵ ਦੀ ਤਬਾਹੀ ਦੀ ਡਗਰ ਵੱਲ ਤੋਰ ਰਿਹਾ ਹੈ। ਇਸ ਲਈ ਰੂਸ ਅਤੇ ਵੱਡੀਆਂ ਵਿਸ਼ਵੀ ਤਾਕਤਾਂ, ਜਿਨ੍ਹਾਂ ਵਿੱਚ ਲਗਪਗ ਸਾਰੇ ਪੱਛਮੀ ਦੇਸ਼, ਸਮੇਤ ਯੂਰਪੀਅਨ ਯੂਨੀਅਨ, ਨਾਟੋ ਅਤੇ ਅਮਰੀਕਾ ਸ਼ਾਮਲ ਹਨ, ਇਨ੍ਹਾਂ ਦੀ ਆਪਸੀ ਤਣਾਤਣੀ ਦੇ ਮੱਦੇਨਜ਼ਰ, ਯੂਕਰੇਨ ਦੇ ਮੌਜੂਦਾ ਭਿਆਨਕ ਸੰਕਟ ਹੋਰ ਡੂੰਘਾ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ। ਇੰਜ ਜਾਪਦਾ ਹੈ ਕਿ ਯੂਕਰੇਨ ਕਾਫ਼ੀ ਲੰਮੇ ਸਮੇਂ ਲਈ ਵਿਸ਼ਵ-ਵਿਆਪੀ ਤਣਾਅ ਦਾ ਕੇਂਦਰ ਬਿੰਦੂ ਬਣਿਆ ਰਹੇਗਾ। ਉਨ੍ਹਾਂ ਕਹਿਾ ਕਿ ਰੂਸ ਨੇ ਯੂਕਰੇਨ ਦੇ ਜਿਹੜੇ ਇਲਾਕਿਆਂ ’ਤੇ ਫੌਜੀ ਬਲ ਇਸਤੇਮਾਲ ਕਰਕੇ ਜਬਰੀ ਕਬਜ਼ਾ ਕਰ ਲਿਆ ਹੈ, ਉਹ ਇਲਾਕੇ ਵੀ ਕਰੀਮੀਆ, ਡੌਨੇਸਕ ਤੇ ਲੁਹਾਂਸਕ ਵਾਂਗ ਹੀ ਯੂਕਰੇਨ ਦੇ ਕਾਰਗਰ ਇਖ਼ਤਿਆਰ ਅਤੇ ਨਿਗਰਾਨੀ ਤੋਂ ਬਾਹਰ ਚਲੇ ਜਾਣਗੇ ਜਿਨ੍ਹਾਂ ਵਿੱਚ ਹੁਣ ਖਾਰਕੀਵ ਦਾ ਸ਼ੁਮਾਰ ਹੋਣਾ ਵੀ ਸਪੱਸ਼ਟ ਜਾਪਦਾ ਹੈ।
ਇਸ ਲਈ ਉਪਰੋਕਤ ਦੀ ਦ੍ਰਿਸ਼ਟੀ ਵਿੱਚ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਪੀੜਤ ਵਿਦਿਆਰਥੀਆਂ ਦੀ ਸੂਚੀ ਤਿਆਰ ਕਰਨ ਅਤੇ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਕੇਂਦਰ ਸਰਕਾਰ ਅਤੇ ਮੈਡੀਕਲ ਕੌਂਸਲ ਆਫ਼ ਇੰਡੀਆ ਨਾਲ ਤੁਰੰਤ ਤਾਲਮੇਲ ਕੀਤਾ ਜਾਵੇ ਤਾਂ ਜੋ ਯੂਕਰੇਨ ਤੋਂ ਵਾਪਸ ਪਰਤੇ ਵਿਦਿਆਰਥੀਆਂ ਦਾ ਕੋਈ ਹੋਰ ਨੁਕਸਾਨ ਨਾ ਹੋਵੇ ਅਤੇ ਇੱਥੇ ਹੀ ਮੈਡੀਕਲ ਕੋਰਸ ਮੁਕੰਮਲ ਕਰ ਸਕਣ।