
ਸਫ਼ਾਈ ਕਾਮਿਆਂ ਵੱਲੋਂ ਸਿਹਤ ਬੀਮਾ ਲਈ ਅਲਟੀਮੇਟਮ, 15 ਮਈ ਤੋਂ ਮੁਕੰਮਲ ਹੜਤਾਲ ਕਰਨ ਦਾ ਐਲਾਨ
ਕਰੋਨਾ ਵਿਰੁੱਧ ਫਰੰਟ ਲਾਈਨ ’ਤੇ ਲੜਾਈ ਲੜ ਰਹੇ ਸਫ਼ਾਈ ਕਰਮਚਾਰੀਆਂ ਨੂੰ 50 ਲੱਖ ਸਿਹਤ ਬੀਮਾ ਦੇਣ ਦੀ ਮੰਗ
ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਤੇ ਸਫ਼ਾਈ ਮਜ਼ਦੂਰ ਯੂਨੀਅਨ ਨੇ ਸਾਂਝੇ ਤੌਰ ’ਤੇ ਲਿਆ ਹੜਤਾਲ ਕਰਨ ਦਾ ਫੈਸਲਾ
ਜਯੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਮਈ:
ਕਰੋਨਾਵਾਇਰਸ ਦੀ ਮਹਾਮਾਰੀ ਵਿਰੁੱਧ ਫਰੰਟ ਲਾਈਨ ’ਤੇ ਲੜਾਈ ਲੜ ਰਹੇ ਸਫ਼ਾਈ ਕਰਮਚਾਰੀਆਂ ਨੇ 50 ਲੱਖ ਸਿਹਤ ਬੀਮਾ ਦੇਣ ਦੀ ਮੰਗ ਕਰਦਿਆਂ ਪੰਜਾਬ ਸਰਕਾਰ ਨੂੰ ਹਫ਼ਤੇ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਦੌਰਾਨ ਸਰਕਾਰ ਨੇ ਸਫ਼ਾਈ ਕਾਮਿਆਂ ਨੂੰ ਸਿਹਤ ਬੀਮਾ ਦਾ ਲਾਭ ਦੇਣ ਸਬੰਧੀ ਪੱਤਰ ਜਾਰੀ ਨਹੀਂ ਕੀਤਾ ਤਾਂ 15 ਮਈ ਤੋਂ ਸਾਰੇ ਸਫ਼ਾਈ ਕਰਮਚਾਰੀ ਝਾੜੂ ਸੁੱਟ ਕੇ ਹੜਤਾਲ ’ਤੇ ਚਲੇ ਜਾਣਗੇ। ਇਹ ਫੈਸਲਾ ਅੱਜ ਇੱਥੋਂ ਦੇ ਸੈਕਟਰ-68 ਸਥਿਤ ਨਗਰ ਨਿਗਮ ਭਵਨ ਵਿੱਚ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਅਤੇ ਸਫ਼ਾਈ ਮਜ਼ਦੂਰ ਯੂਨੀਅਨ ਦੀ ਹੋਈ ਸਾਂਝੀ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਦੀ ਪ੍ਰਧਾਨਗੀ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਸੂਬਾ ਮੀਤ ਪ੍ਰਧਾਨ ਮੋਹਣ ਸਿੰਘ ਨੇ ਕੀਤੀ।
ਮੀਟਿੰਗ ਵਿੱਚ ਫੈਡਰੇਸ਼ਨ ਦੇ ਜਨਰਲ ਸਕੱਤਰ ਪਵਨ ਗੋਡਯਾਲ, ਸਫ਼ਾਈ ਮਜ਼ਦੂਰ ਯੂਨੀਅਨ ਨਗਰ ਨਿਗਮ ਦੇ ਪ੍ਰਧਾਨ ਸੋਭਾ ਰਾਮ, ਮੀਤ ਪ੍ਰਧਾਨ ਰਾਜ ਮੋਹਨ, ਠੇਕਾ ਸਫ਼ਾਈ ਮੁਲਾਜ਼ਮ ਐਕਸ਼ਨ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ, ਅਨਿਲ ਕੁਮਾਰ, ਸੁਬਰਾਮਨੀਅਮ ਅਤੇ ਘਰ-ਘਰ ਗਾਰਬੇਜ ਕੁਲੈਕਟਰ ਯੂਨੀਅਨ ਦੇ ਪ੍ਰਧਾਨ ਰਾਜਨ ਚਾਵਰੀਆ, ਮੀਤ ਪ੍ਰਧਾਨ ਬ੍ਰਿਜ ਮੋਹਨ ਸਮੇਤ ਹੋਰਨਾਂ ਪ੍ਰਮੁੱਖ ਆਗੂਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ਆਗੂਆਂ ਨੇ ਕਿਹਾ ਕਿ ਇਕ ਪਾਸੇ ਜਿੱਥੇ ਕਰੋਨਾ ਦੇ ਚੱਲਦਿਆਂ ਕਰਫਿਊ ਕਾਰਨ ਪੂਰੀਆ ਦੁਨੀਆ ਵਿੱਚ ਲੋਕ ਆਪੋ ਆਪਣੇ ਘਰਾਂ ਵਿੱਚ ਬੈਠੇ ਹਨ, ਪ੍ਰੰਤੂ ਦੂਜੇ ਪਾਸੇ ਸਫ਼ਾਈ ਕਰਮਚਾਰੀਆਂ ਨੂੰ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਕਰੋਨਾ ਪੀੜਤ ਪ੍ਰਭਾਵਿਤ ਇਲਾਕਿਆਂ ਸਮੇਤ ਸਮੁੱਚੇ ਸ਼ਹਿਰ ਦੀ ਸਫ਼ਾਈ ਕਰਨੀ ਪੈ ਰਹੀ ਹੈ। ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਵਾਲੇ ਕਾਫੀ ਚਿੰਤਤ ਹਨ।
ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਿਹਤ ਬੀਮਾ ਦੇ ਐਲਾਨ ਤੋਂ ਬਾਅਦ ਮੁਹਾਲੀ ਨਗਰ ਨਿਗਮ ਵੱਲੋਂ ਸਫ਼ਾਈ ਕਾਮਿਆਂ ਲਈ ਸਿਹਤ ਬੀਮਾ ਲਾਗੂ ਨਹੀਂ ਕੀਤਾ ਗਿਆ। ਜਿਸ ਕਰਕੇ ਸਮੂਹ ਸਫ਼ਾਈ ਕਾਮਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਸਮੇਤ ਪੂਰੇ ਪੰਜਾਬ ਵਿੱਚ ਕਰੋਨਾ ਦੇ ਪਾਜ਼ੇਟਿਵ ਮਾਮਲੇ ਲਗਾਤਾਰ ਵਧ ਰਹੇ ਹਨ ਅਤੇ ਹਾਲੇ ਤੱਕ ਇਸ ਦੀ ਕੋਈ ਵੈਕਸੀਨ ਵੀ ਨਹੀਂ ਬਣੀ ਜਾਪਦੀ ਹੈ। ਜਿਸ ਕਾਰਨ ਸਫ਼ਾਈ ਕਰਮਚਾਰੀ ਲਈ ਖ਼ਤਰਾ ਵਧਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ 14 ਮਈ ਤੱਕ ਸਫ਼ਾਈ ਕਰਮਚਾਰੀਆਂ ਨੂੰ 50 ਲੱਖ ਸਿਹਤ ਬੀਮਾ ਦੇਣ ਦਾ ਐਲਾਨ ਨਹੀਂ ਕੀਤਾ ਗਿਆ ਤਾਂ ਉਹ 15 ਮਈ ਨੂੰ ਆਪਣੇ ਹੱਥਾਂ ’ਚੋਂ ਝਾੜੂ ਸੁੱਟ ਕੇ ਮੁਕੰਮਲ ਹੜਤਾਲ ’ਤੇ ਚਲੇ ਜਾਣਗੇ ਅਤੇ ਇਸ ਦੌਰਾਨ ਪੈਦਾ ਹੋਏ ਹਾਲਾਤਾਂ ਲਈ ਨਗਰ ਨਿਗਮ ਪ੍ਰਸ਼ਾਸਨ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਵੇਗਾ।