ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਲਈ ਸਰਕਾਰ ਨੂੰ 10 ਦਿਨ ਦਾ ਅਲਟੀਮੇਟਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਗਸਤ:
ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਅਤੇ ਹੋਰਨਾਂ ਕਰਮਚਾਰੀ ਯੂਨੀਅਨ ਦੀ ਮੀਟਿੰਗ ਸੂਬਾ ਪ੍ਰਧਾਨ ਐਨਐਨ ਸੈਣੀ ਅਤੇ ਸਰਪ੍ਰਸਤ ਗੁਰਚਰਨ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ। ਜਿਸ ਵਿੱਚ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਦੇ ਸੂਬਾਈ ਆਗੂਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਾ ਤਾਂ ਹੁਣ ਤੱਕ ਏਡਿਡ ਸਕੂਲਾਂ ਦੇ ਅਧਿਆਪਕਾਂ ਅਤੇ ਪੈਨਸ਼ਨਰਾਂ ਨੂੰ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕੀਤੀਆਂ ਹਨ। ਇਹੀ ਨਹੀਂ ਕਈ ਜ਼ਿਲ੍ਹਿਆਂ ਵਿੱਚ ਅਧਿਆਪਕਾਂ ਨੂੰ ਮਾਰਚ ਤੋਂ ਜੁਲਾਈ ਦੀ ਤਨਖ਼ਾਹ ਸਬੰਧੀ ਗਰਾਂਟ ਜਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਏਡਿਡ ਸਕੂਲਾਂ ਦੇ ਸੇਵਾਮੁਕਤ ਕਰਮਚਾਰੀਆਂ ਨੂੰ ਪੈਨਸ਼ਨ ਦਾ ਲਾਭ ਵੀ ਨਹੀਂ ਦਿੱਤਾ ਜਾ ਰਿਹਾ ਹੈ।
ਇਸ ਸਬੰਧੀ ਪੰਜਾਬ ਦੀ ਆਪ ਸਰਕਾਰ, ਸਮੂਹ ਕੈਬਨਿਟ ਮੰਤਰੀਆਂ ਅਤੇ ਆਪ ਵਿਧਾਇਕਾਂ ਨੂੰ ਅਨੇਕਾਂ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਪਰ ਸਰਕਾਰ ਵੱਲੋਂ ਏਡਿਡ ਸਕੂਲਾਂ ਦੇ ਅਧਿਆਪਕਾਂ ਅਤੇ ਪੈਨਸ਼ਨਰਾਂ ਦੀਆਂ ਉਪਰੋਕਤ ਜਾਇਜ਼ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਸੂਬਾ ਆਗੂਆਂ ਨੇ ਕਿਹਾ ਕਿ ਡੀਪੀਆਈ ਦਫ਼ਤਰ ਵਿੱਚ ਏਡਿਡ ਸਕੂਲਾਂ ਦੇ ਅਧਿਆਪਕਾਂ ਅਤੇ ਪੈਨਸ਼ਨਰਾਂ ਨਾਲ ਸਬੰਧਤ ਕੰਮਾਂ ਵਿੱਚ ਵੱਡੀ ਮੁਸ਼ਕਲ ਆ ਰਹੀ ਹੈ। ਆਡਿਟ ਸਟਾਫ਼ ਘੱਟ ਹੋਣ ਕਾਰਨ ਸਮੇਂ ਸਿਰ ਤਨਖ਼ਾਹਾਂ ਜਾਰੀ ਨਹੀਂ ਹੋ ਰਹੀਆਂ ਅਤੇ ਨਾ ਹੀ ਪੈਨਸ਼ਨਾਂ ਲਾਗੂ ਹੋ ਰਹੀਆਂ ਹਨ। ਉਨ੍ਹਾਂ ਡੀਪੀਆਈ (ਸੈਕੰਡਰੀ) ਤੋਂ ਮੰਗ ਕੀਤੀ ਕਿ ਸਿੱਖਿਆ ਵਿਭਾਗ ਵਿੱਚ ਠੰਢੇ ਬਸਤੇ ਵਿੱਚ ਪਏ ਜਾਇਜ਼ ਕੰਮ ਤੁਰੰਤ ਮੁਕੰਮਲ ਕੀਤੇ ਜਾਣ।
ਸੂਬਾ ਸਕੱਤਰ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਡੀਪੀਆਈ ਦਫ਼ਤਰ ਵੱਲੋਂ ਪ੍ਰਬੰਧਕ ਕਮੇਟੀਆਂ ਦੇ ਝਗੜੇ ਵਾਲੇ ਸਕੂਲਾਂ ਦੇ ਕਾਰਸਪੋਂਡੈਂਟ ਦੀ ਮਨਜ਼ੂਰੀ ਦੇ ਡੀਈਓ (ਸ) ਨੂੰ ਦਿੱਤੇ ਅਧਿਕਾਰਾਂ ਦਾ ਪੱਤਰ ਰੱਦ ਕਰਨ ਕਰਕੇ ਅਨੇਕਾਂ ਸਕੂਲ 6-6 ਮਹੀਨਿਆਂ ਤੋਂ ਤਨਖ਼ਾਹਾਂ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਏਡਿਡ ਸਕੂਲ ਦੀ ਤਬਾਦਲਾ ਨੀਤੀ ਲਾਗੂ ਕੀਤਾ ਜਾਵੇ। ਯੂਨੀਅਨ ਆਗੂਆਂ ਨੇ ਸੂਬਾ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ 10 ਦਿਨ ਦਾ ਅਲਟੀਮੇਟਮ ਦਿੰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਇਸ ਦੌਰਾਨ ਏਡਿਡ ਸਕੂਲਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਰਾਜ ਕੁਮਾਰ ਮਿਸ਼ਰਾ ਅੰਮ੍ਰਿਤਸਰ, ਰੁਪਿੰਦਰਜੀਤ ਸਿੰਘ ਹੁਸ਼ਿਆਰਪੁਰ, ਰਮੇਸ਼ ਦਸੂਹਾ, ਡਾ. ਗੁਰਮੀਤ ਸਿੰਘ, ਕੁਲਵਰਨ ਸਿੰਘ, ਪਰਮਜੀਤ ਸਿੰਘ ਗੁਰਦਾਸਪੁਰ, ਰਣਜੀਤ ਸਿੰਘ ਸ੍ਰੀ ਅਨੰਦਪੁਰ ਸਾਹਿਬ, ਸ੍ਰੀਕਾਂਤ ਸ਼ਰਮਾ ਬਠਿੰਡਾ, ਸ਼ਵਿੰਦਰ ਕੁਮਾਰ ਫਿਰੋਜ਼ਪੁਰ, ਜਗਮੋਹਨ ਕਪੂਰਥਲਾ, ਯਾਦਵਿੰਦਰ ਕੁਮਾਰ ਮੁਹਾਲੀ, ਅਜੈ ਚੌਹਾਨ ਅੰਮ੍ਰਿਤਸਰ, ਅਨਿਲ ਭਾਰਤੀ ਪਟਿਆਲਾ, ਰਵਿੰਦਰਜੀਤ ਪੁਰੀ ਮਲੇਰਕੋਟਲਾ, ਜਤਿੰਦਰਪਾਲ ਤਰਨਤਾਰਨ, ਦਵਿੰਦਰ ਸਿੰਘ ਤਰਨਤਾਰਨ, ਸੁਸ਼ੀਲ ਸਿੰਘ ਪਠਾਨਕੋਟ, ਨਰਿੰਦਰਪਾਲ ਸਿੰਘ ਜਲੰਧਰ, ਹਰਦੀਪ ਸਿੰਘ ਰੂਪਨਗਰ, ਰਵਿੰਦਰ ਠਾਕਰ ਨਵਾਂ ਸ਼ਹਿਰ, ਗੁਰਨਾਮ ਸਿੰਘ ਸੈਣੀ ਅਤੇ ਹੋਰ ਅਧਿਆਪਕ ਆਗੂ ਹਾਜ਼ਰ ਸਨ।

Load More Related Articles

Check Also

ਸਿੱਖ ਕੌਮ ਆਪਣੀ ਤਾਕਤ ਦੀ ਲਾਮਬੰਦੀ ਯਕੀਨੀ ਬਣਾਏ: ਜਥੇਦਾਰ ਕੁਲਦੀਪ ਸਿੰਘ ਗੜਗੱਜ

ਸਿੱਖ ਕੌਮ ਆਪਣੀ ਤਾਕਤ ਦੀ ਲਾਮਬੰਦੀ ਯਕੀਨੀ ਬਣਾਏ: ਜਥੇਦਾਰ ਕੁਲਦੀਪ ਸਿੰਘ ਗੜਗੱਜ ਵਿਸ਼ਵ ਸ਼ਾਂਤੀ ਤੇ ਹਿੰਦ-ਪਾਕਿ…