
ਤਰਕਸ਼ੀਲ ਸੁਸਾਇਟੀ ਦੀ ਮੁਹਾਲੀ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਾਰਚ:
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਮੁਹਾਲੀ ਇਕਾਈ ਦਾ ਇੱਕ ਇਜਲਾਸ ਇਥੇ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਬਲੌਂਗੀ ਵਿਖੇ ਹੋਇਆ। ਜਿਸ ਵਿੱਚ ਅਗਲੇ ਦੋ ਸਾਲਾਂ ਲਈ ਇਕਾਈ ਮੁਹਾਲੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਜਲਾਸ ਵਿੱਚ ਮੁੱਖ-ਮਹਿਮਾਨ ਅਤੇ ਆਬਜਰਬਰ ਦੇ ਤੌਰ ਤੇ ਸੁਸਾਇਟੀ ਦੇ ਜ਼ੋਨ ਆਗੂ ਜਰਨੈਲ ਕਰਾਂਤੀ ਸ਼ਾਮਲ ਹੋਏ। ਇਸ ਮੌਕੇ ਸਰਵਸੰਮਤੀ ਨਾਲ ਕੀਤੀ ਗਈ ਚੋਣ ਵਿੱਚ ਜਸਵੰਤ ਮੁਹਾਲੀ ਨੂੰ ਜਥੇਬੰਦਕ ਮੁੱਖੀ, ਮਾਸਟਰ ਜਰਨੈਲ ਕਰਾਂਤੀ ਨੂੰ ਵਿੱਤ ਮੁਖੀ, ਡਾ. ਮਜੀਦ ਆਜ਼ਾਦ ਨੂੰ ਮੀਡੀਆ ਮੁਖੀ, ਇਕਬਾਲ ਸਿੰਘ ਨੂੰ ਮਾਨਸਿਕ ਸਿਹਤ ਵਿਭਾਗ ਮੁੱਖੀ, ਗੋਰਾ ਹੁਸ਼ਿਆਰਪੁਰੀ ਨੂੰ ਸਭਿਆਚਾਰ ਵਿਭਾਗ ਮੁਖੀ ਚੁਣਿਆ ਗਿਆ।
ਇਸ ਮੌਕੇ ਸੁਸਾਇਟੀ ਦੀ ਸਥਾਨਕ ਇਕਾਈ ਵੱਲੋਂ ਪਿਛਲੇ ਦੋ ਸਾਲਾਂ ਵਿੱਚ ਕੀਤੇ ਗਏ ਕੰਮਾਂ ਦੀ ਰਿਪੋਰਟ ਮਾਸਟਰ ਸੁਰਜੀਤ ਸਿੰਘ ਮੁਹਾਲੀ ਵੱਲੋੱ ਪੜੀ ਗਈ ਅਤੇ ਸੁਸਾਇਟੀ ਦੁਆਰਾ ਪ੍ਰਾਪਤ ਟੀਚੇ ਅਤੇ ਘਾਟਾਂ ਸਬੰਧੀ ਸਮੀਖਿਆ ਕੀਤੀ ਗਈ। ਇਸ ਮੌਕੇ ਨਵੀਂ ਬਣੀ ਕਮੇਟੀ ਨੇ ਵਿਗਿਆਨਕ ਚੇਤਨਾ ਦੇ ਪ੍ਰੋਗਰਾਮ ਲੋਕਾਂ ਤੱਕ ਲਿਜਾਣ ਲਈ ਪਿੰਡਾਂ ਦੀ ਸੱਥਾਂ ਵਿੱਚ ਸੰਵਾਦ ਰਚਾਉਣ ਅਤੇ ਸਕੂਲੀ ਵਿਦਿਆਰਥੀਆਂ ਤੱਕ ਪਹੁੰਚ ਸਬੰਧੀ ਫੈਸਲਾ ਕੀਤਾ। ਇਸ ਰਾਹੀਂ ਲੋਕਾਂ ਵਿੱਚ ਉਸਾਰੂ ਸਭਿਆਚਾਰ ਨੂੰ ਵਿਕਸਤ ਕੀਤਾ ਜਾਵੇਗਾ ਅਤੇ ਜਾਦੂ ਦੇ ਭੇਦ ਖੁੱਲਣ ਲਈ ਜਾਦੂਗਰ ਦੇ ਟਰਿੱਕ ਵੀ ਕੀਤੇ ਜਾਣਗੇ। ਇਸ ਮੌਕੇ ਇਸ ਗੱਲ ਤੇ ਵੀ ਚਿੰਤਾ ਪਰਗਟਾਈ ਗਈ ਕਿ ਦੇਸ਼ ਵਿੱਚ ਸਰਕਾਰ ਵੱਲੋਂ ਫਾਸ਼ੀਵਾਦੀ ਏਜੰਡੇ ਨੂੰ ਲਾਗੂ ਕੀਤਾ ਜਾ ਰਿਹਾ ਹੈ ਅਤੇ ਲੋਕਤੰਤਰ ਨੂੰ ਕੁਚਲਿਆ ਜਾ ਰਿਹਾ ਹੈ। ਪਰ ਇਸਦੇ ਵਿਰੋਧ ਵਿੱਚ ਲੋਕ-ਹਿਤੈਸ਼ੀ ਕਾਰਕੁਨ ਡਟੇ ਹੋਏ ਹਨ। ਇਸ ਮੌਕੇ ਜਸਵਿੰਦਰ ਸਿੰਘ, ਸਤਵਿੰਦਰ ਚੁੰਨੀ, ਗੁਰਤੇਜ ਸਿੰਘ , ਹਰਵਿੰਦਰ ਸਿੰਘ, ਅਮਰੀਕ ਭਬਾਤ, ਸਮਸ਼ੇਰ ਆਦਿ ਨੇ ਵੀ ਆਪਣੇ ਵਿਚਾਰ ਰੱਖੇ।