Nabaz-e-punjab.com

ਸੈਕਟਰ-78-79 ਦੀ ਸੜਕ ਕਿਨਾਰੇ ਸ਼ਰ੍ਹੇਆਮ ਚੱਲ ਰਿਹਾ ਅਣਅਧਿਕਾਰਤ ਇੱਟਾਂ, ਰੇਤਾ ਤੇ ਬਜਰੀ ਦਾ ਕਾਰੋਬਾਰ

ਸੜਕ ਕਿਨਾਰੇ ਵੱਡੇ ਟਰੱਕ ਤੇ ਟਰਾਲੀਆਂ ਖੜ੍ਹਨ ਕਾਰਨ ਨਵੇਂ ਸੈਕਟਰਾਂ ਦੇ ਲੋਕ ਤੰਗ ਪ੍ਰੇਸ਼ਾਨ

ਸਿਆਸੀ ਦਖ਼ਲਅੰਦਾਜ਼ੀ ਕਾਰਨ ਸਬੰਧਤ ਵਿਅਕਤੀਆਂ ’ਤੇ ਨਹੀਂ ਹੋ ਰਹੀ ਕਾਰਵਾਈ, ਲੋਕਾਂ ਵਿੱਚ ਭਾਰੀ ਰੋਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਸਤੰਬਰ:
ਇੱਥੋਂ ਦੇ ਸੈਕਟਰ-78 ਅਤੇ ਸੈਕਟਰ-79 ਨੂੰ ਵੰਡਦੀ ਮੁੱਖ ਸੜਕ ਦੇ ਦੋਵੇਂ ਪਾਸੇ ਸ਼ਰ੍ਹੇਆਮ ਅਣਅਧਿਕਾਰਤ ਇੱਟਾਂ ਦਾ ਭੱਠਾ ਅਤੇ ਰੇਤਾ ਅਤੇ ਬਜਰੀ ਦਾ ਕਾਰੋਬਾਰ ਚੱਲ ਰਿਹਾ ਹੈ। ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪੈਣ ਕਾਰਨ ਨਵੇਂ ਸੈਕਟਰਾਂ ਦੇ ਲੋਕ ਕਾਫੀ ਤੰਗ ਪ੍ਰੇਸ਼ਾਨ ਹਨ। ਸਥਾਨਕ ਲੋਕ ਕਾਫੀ ਸਮੇਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ ਅਤੇ ਇਸ ਸਬੰਧੀ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਵੱਲੋਂ ਮੰਤਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਗਮਾਡਾ ਅਧਿਕਾਰੀਆਂ ਨੂੰ ਲਿਖਤੀ ਅਤੇ ਜ਼ੁਬਾਨੀ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਲੇਕਿਨ ਸਿਆਸੀ ਦਖ਼ਲ-ਅੰਦਾਜ਼ੀ ਕਾਰਨ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਹੁਣ ਤੱਕ ਕਾਰਵਾਈ ਕੋਈ ਕਾਰਵਾਈ ਨਹੀਂ ਹੋਈ।
ਰੈਜ਼ੀਡੈਂਟਸ ਵੈਲਫੇਅਰ ਅਤੇ ਡਿਵੈਲਪਮੈਂਟ ਕਮੇਟੀ ਸੈਕਟਰ-78 ਦੇ ਪ੍ਰਧਾਨ ਸ੍ਰੀਮਤੀ ਕ੍ਰਿਸ਼ਨ ਮਿੱਤੂ, ਜਨਰਲ ਸਕੱਤਰ ਇੰਦਰਜੀਤ ਸਿੰਘ ਅਤੇ ਮੁੱਖ ਸਲਾਹਕਾਰ ਮੇਜਰ ਸਿੰਘ ਨੇ ਸੜਕ ਕਿਨਾਰੇ ਅਤੇ ਖਾਲੀ ਪਲਾਟਾਂ ਵਿੱਚ ਟਰੱਕਾਂ ਅਤੇ ਟਰਾਲੀਆਂ ਵਾਲੇ ਸ਼ਰ੍ਹੇਆਮ ਅਣਅਧਿਕਾਰਤ ਤੌਰ ’ਤੇ ਇੱਟਾਂ, ਰੇਤਾ ਅਤੇ ਬਜਰੀ ਵੇਚ ਰਹੇ ਹਨ ਅਤੇ ਇੱਥੇ ਭਾਰੀ ਵਾਹਨ ਖੜ੍ਹਨ ਅਤੇ ਲੰਘਣ ਕਾਰਨ ਸੜਕਾਂ ਟੁੱਟ ਗਈਆਂ ਹਨ ਅਤੇ ਕਈ ਥਾਵਾਂ ’ਤੇ ਸੜਕਾਂ ਅਤੇ ਖਾਲੀ ਜ਼ਮੀਨ ਵਿੱਚ ਡੂੰਘੇ ਖੱਡੇ ਪੈ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬੀਤੀ 6 ਮਾਰਚ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਸਾਕਸ਼ੀ ਸਾਹਨੀ ਨੇ ਮੁਹਾਲੀ ਦੇ ਐਸਪੀ (ਟਰੈਫ਼ਿਕ), ਸਕੱਤਰ ਆਰਟੀਏ ਅਤੇ ਗਮਾਡਾ ਦੇ ਮਿਲਖ਼ ਅਫ਼ਸਰ ਨੂੰ ਪੱਤਰ ਲਿਖ ਕੇ ਇਸ ਸਮੱਸਿਆ ਦਾ ਫੌਰੀ ਹੱਲ ਕਰਨ ਲਈ ਇੱਟਾਂ ਦੇ ਟਰੱਕ, ਰੇਤੇ ਬਜਰੀ ਦੇ ਟਰੈਕਟਰ\ਟਰਾਲੀਆਂ ਨੂੰ ਹਟਾਉਣ ਦੇ ਆਦੇਸ਼ ਦਿੱਤੇ ਗਏ ਸੀ ਅਤੇ ਇਸ ਪੱਤਰ ਦਾ ਇਕ ਉਤਾਰਾ ਐਸਡੀਐਮ ਨੂੰ ਭੇਜਦਿਆਂ ਲਿਖਿਆ ਗਿਆ ਸੀ ਕਿ ਉਹ ਓਵਰਆਲ ਇੰਚਾਰਜ ਹੋਣਗੇ ਅਤੇ ਅਣਅਧਿਕਾਰਤ ਖੜੇ ਇੱਟਾਂ ਦੇ ਟਰੱਕ, ਟਰਾਲੀਆਂ ਨੂੰ ਹਟਾਉਣ ਲਈ ਤੁਰੰਤ ਪ੍ਰਭਾਵ ਨਾਲ ਲੋੜੀਂਦੀ ਕਾਰਵਾਈ ਯਕੀਨੀ ਬਣਾਈ ਜਾਵੇ ਪ੍ਰੰਤੂ ਹੁਣ ਤੱਕ ਇਸ ਦਿਸ਼ਾ ਵਿੱਚ ਅਧਿਕਾਰੀਆਂ ਨੇ ਡੱਕਾ ਨਹੀਂ ਤੋੜਿਆ।
(ਬਾਕਸ ਆਈਟਮ)
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਸਾਕਸ਼ੀ ਸਾਹਨੀ ਨੇ ਸੈਕਟਰ-78 ਅਤੇ ਸੈਕਟਰ-79 ਨੂੰ ਵੰਡਦੀ ਮੁੱਖ ਸੜਕ ਦੇ ਦੋਵੇਂ ਪਾਸੇ ਸ਼ਰ੍ਹੇਆਮ ਚਲ ਰਹੇ ਅਣਅਧਿਕਾਰਤ ਇੱਟਾਂ ਤੇ ਰੇਤਾ ਅਤੇ ਬਜਰੀ ਦਾ ਕਾਰੋਬਾਰ ਬੰਦ ਕਰਵਾਉਣ ਲਈ ਆਦੇਸ਼ ਜਾਰੀ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸਬੰਧੀ ਐਸਡੀਐਮ ਤੋਂ ਰਿਪੋਰਟ ਤਲਬ ਕੀਤੀ ਜਾਵੇਗੀ ਅਤੇ ਰਿਪੋਰਟ ਮਿਲਣ ਤੋਂ ਬਾਅਦ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ

ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ ਯੋਗਾ ਕਲਾਸਾਂ ਵੱਧ ਭਾਰ, ਪ…