nabaz-e-punjab.com

ਕਿਰਤ ਵਿਭਾਗ ਵੱਲੋਂ ਅਲਾਟ ਕੀਤੇ ਗਏ ਮਕਾਨ ਵਿੱਚ ਅਣਅਧਿਕਾਰਤ ਉਸਾਰੀ ਕਰਨ ਦਾ ਦੋਸ਼ ਲਗਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੂਨ:
ਕਿਰਤ ਵਿਭਾਗ ਵੱਲੋਂ ਕਈ ਸਾਲ ਪਹਿਲਾਂ ਸਥਾਨਕ ਫੇਜ਼-6 ਅਤੇ ਫੇਜ਼-9 ਵਿੱਚ ਗਰੀਬ ਮਜਦੂਰਾਂ ਨੂੰ ਰਿਹਾਇਸ਼ ਦੀ ਸੁਵਿਧਾ ਦੇਣ ਵਾਸਤੇ ਬਣੇ ਮਕਾਨ ਅਲਾਟ ਕੀਤੇ ਗਏ ਸਨ। ਇਹ ਮਕਾਨ ਉਹਨਾਂ ਲੋਕਾਂ ਨੂੰ ਹੀ ਅਲਾਟ ਕੀਤੇ ਜਾਣੇ ਸੀ, ਜੋ ਕਿਸੇ ਫੈਕਟਰੀ ਆਦਿ ਵਿੱਚ ਕੰਮ ਕਰਦੇ ਸੀ ਅਤੇ ਜਦੋਂ ਉਹ ਵਿਅਕਤੀ ਕੰਮ ਛੱਡ ਦਿੰਦੇ ਸਨ ਤਾਂ ਉਨ੍ਹਾਂ ਦੀ ਥਾਂ ਕਿਸੇ ਹੋਰ ਨੂੰ ਮਕਾਨ ਅਲਾਟ ਕੀਤਾ ਜਾਣਾ ਹੁੰਦਾ ਸੀ, ਵਿਭਾਗ ਵੱਲੋਂ ਇਹ ਮਕਾਨ ਕਿਰਾਏ ਦੇ ਤੌਰ ਤੇ ਦਿੱਤੇ ਜਾਂਦੇ ਸੀ ਜਿਸਦਾ ਬਹੁਤ ਹੀ ਨਿਗੂਣਾ ਜਿਹਾ ਕਿਰਾਇਆ (ਜਿਹੜਾ ਹੁਣ 21 ਰੁਪਏ ਮਹੀਨਾ ਹੈ) ਲਿਆ ਜਾਂਦਾ ਸੀ। ਪ੍ਰੰਤੂ ਕਿਰਤ ਵਿਭਾਗ ਵੱਲੋਂ ਇੱਥੇ ਜਿਸ ਵਿਅਕਤੀ ਨੂੰ ਇੱਕ ਵਾਰ ਮਕਾਨ ਦੇ ਦਿੱਤਾ ਗਿਆ ਉਹ ਸਾਰੀ ਜਿੰਦਗੀ ਲਈ ਉਸੇ ਦਾ ਹੋ ਗਿਆ।
ਇਹਨਾਂ ਮਕਾਨਾਂ ਵਿੱਚ ਰਹਿੰਦੇ ਲੋਕਾਂ ਵੱਲੋਂ ਆਪਣੀ ਲੋੜ ਅਨੁਸਾਰ ਅਣਅਧਿਕਾਰਤ ਉਸਾਰੀਆਂ ਵੀ ਕੀਤੀਆਂ ਹੋਈਆਂ ਹਨ ਅਤੇ ਜਿਆਦਾਤਰ ਮਕਾਨਾਂ ਦੇ ਵਿਹੜਿਆਂ ਵਿੱਚ ਵਾਧੂ ਕਮਰੇ ਬਣਾਏ ਗਏ ਹਨ। ਇਸ ਸੰਬੰਧੀ ਵਿਭਾਗ ਦੀ ਕਾਰਗੁਜ਼ਾਰੀ ਦੀ ਹਾਲਤ ਇਹ ਹੈ ਕਿ ਇਸ ਸੰਬੰਧੀ ਬਾਕਾਇਦਾ ਨਾਮਜਦ ਸ਼ਿਕਾਇਤ ਦਿੱਤੇ ਜਾਣ ਦੇ ਬਾਵਜੂਦ ਵਿਭਾਗ ਵੱਲੋਂ ਕੋਈ ਕਰਵਾਈ ਨਹੀਂ ਕੀਤੀ ਜਾਂਦੀ।
ਸਥਾਨਕ ਫੇਜ਼ 7 ਦੇ ਵਸਨੀਕ ਭਵਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਛੇ ਮਹੀਨੇ ਪਹਿਲਾਂ ਫੇਜ਼-9 ਦੇ ਮਕਾਨ ਨੰਬਰ 100/18 ਵਿੱਚ ਰਹਿੰਦੇ ਵਿਅਕਤੀ ਵਲੋੱ ਇਸ ਮਕਾਨ ਦੇ ਵਿਹੜੇ ਵਿੱਚ ਉਸਾਰੀ ਕਰਨ ਅਤੇ ਪੌੜੀ ਬਣਾ ਕੇ ਉੱਪਰਲੀ ਥਾਂ ਵਿੱਚ ਪਾਏ ਕਮਰੇ ਦੀ ਸ਼ਿਕਾਇਤ ਕੀਤੀ ਸੀ ਅਤੇ ਇਹ ਵੀ ਸ਼ਿਕਾਇਤ ਕੀਤੀ ਸੀ ਕਿ ਜਿਹੜਾ ਵਿਅਕਤੀ ਇਸ ਮਕਾਨ ਵਿੱਚ ਰਹਿੰਦਾ ਹੈ ਉਹ ਕੇਂਦਰ ਸਰਕਾਰ ਤੋਂ ਪੈਨਸ਼ਨ ਲੈ ਰਿਹਾ ਹੈ ਇਸ ਲਈ ਇਹ ਮਕਾਨ ਉਸ ਤੋਂ ਖਾਲੀ ਕਰਵਾ ਕੇ ਕਿਸੇ ਦਿਹਾੜੀਦਾਰ ਮਜਦੂਰ ਨੂੰ ਅਲਾਟ ਕੀਤਾ ਜਾਵੇ ਪ੍ਰੰਤੂ ਵਿਭਾਗ ਵੱਲੋਂ ਇਸ ਸੰਬੰਧੀ ਹੁਣ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਉਹਨਾਂ ਦੱਸਿਆ ਕਿ ਜਦੋਂ ਉਹਨਾਂ ਨੇ ਇਸ ਸੰਬੰਧੀ ਕੀਤੀ ਗਈ ਕਾਰਵਾਈ ਬਾਰੇ ਕਿਰਤ ਵਿਭਾਗ ਤੋਂ ਆਰਟੀਆਈ ਰਾਹੀਂ ਜਾਣਕਾਰੀ ਮੰਗੀ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਇਸ ਸੰਬੰਧੀ ਵਿਭਾਗ ਵਲੋੱ ਅਸਿਸਟੈਂਟ ਕਿਰਤ ਕਮਿਸ਼ਨਰ ਤੋਂ ਜਾਂਚ ਕਰਵਾਈ ਗਈ ਹੈ ਅਤੇ ਉਹਨਾਂ ਨੂੰ ਅਸਿਸਟੈਂਟ ਕਿਰਤ ਕਮਿਸ਼ਨਰ ਦੀ ਰਿਪੋਰਟ ਦੇ ਦਿੱਤੀ ਗਈ ਜਿਸ ਅਨੁਸਾਰ ਇਸ ਮਕਾਨ ਵਿੱਚ ਕੀਤੀ ਗਈ ਉਸਾਰੀ ਦੀ ਗੱਲ ਸੱਚ ਪਾਈ ਗਈ ਹੈ ਪਰੰਤੂ ਵਿਭਾਗ ਵੱਲੋਂ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
ਸੰਪਰਕ ਕਰਨ ’ਤੇ ਅਸਿਸਟੈਂਟ ਕਿਰਤ ਕਮਿਸ਼ਨਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਨੇ ਇਸ ਸਬੰਧੀ ਕਿਰਤ ਕਮਿਸ਼ਨਰ ਪੰਜਾਬ ਨੂੰ ਸ਼ਿਕਾਇਤ ਦਿੱਤੀ ਸੀ। ਜਿਸ ’ਤੇ ਮੁੱਖ ਦਫ਼ਤਰ ਵੱਲੋਂ ਉਨ੍ਹਾਂ ਤੋਂ ਰਿਪੋਰਟ ਮੰਗੀ ਗਈ ਸੀ ਅਤੇ ਉਨ੍ਹਾਂ ਨੇ ਇਹ ਰਿਪੋਰਟ ਭੇਜ ਦਿੱਤੀ ਸੀ। ਇਸ ਸਬੰਧੀ ਅਗਲੀ ਕਾਰਵਾਈ ਮੁੱਖ ਦਫ਼ਤਰ ਵੱਲੋਂ ਹੀ ਕੀਤੀ ਜਾਣੀ ਹੈ।
ਇਸ ਸਬੰਧੀ ਇਸ ਮਕਾਨ ਵਿੱਚ ਰਹਿਣ ਵਾਲੇ ਹਰਦੀਪ ਸਿੰਘ ਨੇ ਦੱਸਿਆ ਕਿ ਇਹ ਮਕਾਨ ਉਨ੍ਹਾਂ ਦੀ ਪਤਨੀ ਨੂੰ 1981 ਵਿੱਚ ਉਸ ਵੇਲੇ ਅਲਾਟ ਹੋਇਆ ਸੀ ਜਦੋਂ ਉਹ ਸਟੈਂਡਰਡ ਟੀਵੀ ਫੈਕਟਰੀ ਵਿੱਚ ਕੰਮ ਕਰਦੀ ਸੀ ਅਤੇ ਹੁਣ ਉਹ ਦੋਵੇਂ ਬਜ਼ੁਰਗ ਹਨ। ਸ਼ਿਕਾਇਤ ਕਰਤਾ ਭਵਨਦੀਪ ਬਾਰੇ ਉਨ੍ਹਾਂ ਕਿਹਾ ਕਿ ਇਹ ਵਿਅਕਤੀ ਉਨ੍ਹਾਂ ਦਾ ਜਵਾਈ ਹੈ ਅਤੇ ਉਨ੍ਹਾਂ ਦੀ ਬੇਟੀ ਦਾ ਇਸਦੇ ਨਾਲ ਕੇਸ ਚਲਦਾ ਹੋਣਾ ਕਾਰਨ ਇਹ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਮਕਾਨ ਵਿੱਚ ਕੀਤੀ ਉਸਾਰੀ ਬਾਰੇ ਉਨ੍ਹਾਂ ਕਿਹਾ ਕਿ ਉਹ ਇਕੱਲੇ ਨਹੀਂ ਹਨ ਅਤੇ ਸਮੇੱ ਦੇ ਨਾਲ ਪਰਿਵਾਰ ਦੀ ਲੋੜ ਅਨੁਸਾਰ ਸਾਰੇ ਹੀ ਮਕਾਨਾਂ ਵਾਲਿਆਂ ਵੱਲੋਂ ਥੋੜ੍ਹੀ ਬਹੁਤ ਉਸਾਰੀ ਕੀਤੀ ਹੋਈ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …