Share on Facebook Share on Twitter Share on Google+ Share on Pinterest Share on Linkedin ਮੁਹਾਲੀ ਸ਼ਹਿਰ ਵਿੱਚ ਵਿਛਿਆ ਹੈ ਅਣਅਧਿਕਾਰਤ ਟਰੈਵਲ ਏਜੰਟਾਂ ਦਾ ਜਾਲ ਵੱਡੇ ਸ਼ੋਅਰੂਮਾਂ ਤੋਂ ਲੈ ਕੇ ਛੋਟੇ-ਛੋਟੇ ਕੈਬਿਨਾਂ ਵਿੱਚ ਵੀ ਧੜੱਲੇ ਨਾਲ ਚਲ ਰਹੇ ਹਨ ਕਥਿਤ ਅਣਅਧਿਕਾਰਤ ਟਰੈਵਲ ਏਜੰਟਾਂ ਦੇ ਦਫ਼ਤਰ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੁਲਾਈ: ਪੰਜਾਬ ਦੇ ਵਸਨੀਕਾਂ ਵਿੱਚ ਵਿਦੇਸ਼ ਜਾ ਕੇ ਵੱਸਣ ਦਾ ਰੁਝਾਨ ਕੁੱਝ ਜ਼ਿਆਦਾ ਹੀ ਹੈ ਅਤੇ ਇਹੀ ਕਾਰਨ ਹੈ ਕਿ ਲੋਕਾਂ ਨੂੰ ਵਿਦੇਸ਼ ਭੇਜਣ ਵਾਲੇ ਏਜੰਟਾਂ ਦਾ ਧੰਧਾ ਵੀ ਖੂਬ ਚਲ ਰਿਹਾ ਹੈ। ਇਸ ਸਬੰਧੀ ਜਿੱਥੇ ਸਰਕਾਰ ਕੋਲ ਰਜਿਸਟਰਡ ਟਰੈਵਲ ਏਜੰਟਾਂ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਹੈ, ਉੱਥੇ ਵੱਡੀ ਗਿਣਤੀ ਵਿੱਚ ਅਜਿਹੇ ਟਰੈਵਲ ਏਜੰਟ ਵੀ ਮੌਜੂਦ ਹਨ। ਜਿਹੜੇ ਬਿਨਾਂ ਕਿਸੇ ਰਜਿਸਟ੍ਰੇਸ਼ਨ ਜਾਂ ਸਰਕਾਰੀ ਪ੍ਰਵਾਨਗੀ ਦੇ ਬੇਖ਼ੌਫ਼ ਨਾਲ ਆਪਣਾ ਕਾਰੋਬਾਰ ਚਲਾ ਰਹੇ ਹਨ। ਜਿਨ੍ਹਾਂ ਵਿੱਚ ਕੁੱਝ ਸਿਆਸੀ ਪਾਰਟੀਆਂ ਨਾਲ ਸਬੰਧਤ ਆਗੂਆਂ ਦੇ ਪਰਿਵਾਰ ਮੈਂਬਰ ਵੀ ਸ਼ਾਮਲ ਹਨ। ਜ਼ਿਲ੍ਹਾ ਪ੍ਰਸ਼ਾਸਨ ਖ਼ੁਦ ਵੀ ਇਸ ਗੱਲ ਨੂੰ ਮੰਨਦਾ ਹੈ ਕਿ ਐਸਏਐਸ ਨਗਰ ਵਿੱਚ ਅਜਿਹੇ ਵੱਡੀ ਗਿਣਤੀ ਟਰੈਵਲ ਏਜੰਟ ਹਨ ਜੋ ਅਣਅਧਿਕਾਰਤ ਢੰਗ ਨਾਲ ਆਪਣੇ ਕਾਰੋਬਾਰ ਚਲਾ ਰਹੇ ਹਨ ਅਤੇ ਜਿਹਨਾਂ ਵੱਲੋਂ ਅਕਸਰ ਭੋਲੇ ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਵੀ ਬਣਾਇਆ ਜਾਂਦਾ ਹੈ। ਇਸ ਸਬੰਧੀ ਜਿਹੜਾ ਪ੍ਰਸ਼ਾਸਨ ਵੱਲੋੱ ਸਮੇੱ ਸਮੇੱ ਤੇ ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਨੂੰ ਸਿਰਫ਼ ਅਧਿਕਾਰਤ ਟਰੈਵਲ ਏਜੰਟਾਂ ਰਾਹੀਂ ਵਿਦੇਸ਼ ਜਾਣ ਅਤੇ ਧੋਖੇਬਾਜੀ ਤੋਂ ਬਚਣ ਲਈ ਟਰੈਵਲ ਏਜੰਟਾਂ ਦੀ ਰਜਿਸਟਰੇਸ਼ਨ ਦੀ ਜਾਂਚ ਕਰਨ ਦੀ ਅਪੀਲ ਵੀ ਕੀਤੀ ਜਾਂਦੀ ਹੈ ਅਤੇ ਇਸ ਸਬੰਧੀ ਪਿਛਲੇ ਦਿਨੀਂ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਵੱਲੋਂ ਜ਼ਿਲ੍ਹੇ ਵਿੱਚ ਅਧਿਕਾਰਤ ਤੌਰ ਤੇ ਕੰਮ ਕਰਨ ਵਾਲੇ ਟਰੈਵਲ ਏਜੰਟਾਂ ਦੀ ਸੂਚੀ ਵੀ ਜਾਰੀ ਕੀਤੀ ਜਾ ਚੁੱਕੀ ਹੈ। ਪ੍ਰੰਤੂ ਹਾਲਾਤ ਇਹ ਹਨ ਕਿ ਇਸ ਸੂਚੀ ਤੋਂ ਲਗਭਗ 15-20 ਗੁਣਾ ਤੱਕ ਅਜਿਹੇ ਵਿਅਕਤੀ ਟਰੈਵਲ ਏਜੰਟਾਂ ਦੇ ਕਾਰੋਬਾਰ ਵਿੱਚ ਸਿੱਧੇ ਜਾਂ ਅਸਿੱਧੇ ਰੂਪ ਨਾਲ ਕੰਮ ਕਰ ਰਹੇ ਹਨ। ਇਹਨਾਂ ਵਿੱਚ ਵੀਜਾ ਸਲਾਹਕਾਰ, ਆਈਲੈਟਸ ਜਾਂ ਹੋਰ ਕੋਰਸ ਕਰਵਾਉਣ ਵਾਲੇ, ਵਿਦੇਸ਼ ਵਿੱਚ ਪੜ੍ਹਾਈ ਲਈ ਸਲਾਹ ਦੇਣ ਵਾਲੇ, ਇਮੀਗ੍ਰੇਸ਼ਨ ਦਿਵਾਉਣ ਵਾਲੇ, ਟਿਕਟਿੰਗ ਦਾ ਕੰਮ ਕਰਨ ਵਾਲੇ ਅਤੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਕੰਮ ਨਾਲ ਜੁੜੇ ਹਰ ਵਿਅਕਤੀ ਸ਼ਾਮਿਲ ਹਨ। ਜਿਹਨਾਂ ਵੱਲੋੱ ਰਜਿਸਟ੍ਰੇਸ਼ਨ ਕਰਵਾਏ ਬਿਨਾ ਬਾਕਾਇਦਾ ਵੱਡੇ ਸਾਈਨ ਬੋਰਡ ਲਗਾ ਕੇ ਅਤੇ ਇਸ਼ਤਿਹਾਰਬਾਜੀ ਕਰਕੇ ਆਪਣਾ ਕਾਰੋਬਾਰ ਚਲਾਇਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ। ਪੰਜਾਬ ਪ੍ਰੀਵੈਂਸ਼ਨ ਆਫ ਹਿਊਮਨ ਸਮਗਲਿੰਗ ਐਕਟ 2012 (ਪੰਜਾਬ ਐਕਟ 2 ਆਫ 2013) ਦੀ ਧਾਰਾ 18 ਦੇ ਤਹਿਤ ਇਹ ਜਰੂਰੀ ਹੈ ਕਿ ਅਜਿਹਾ ਕੋਈ ਵੀ ਵਿਅਕਤੀ ਜਿਹੜਾ ਟ੍ਰੈਵਲ ਏਜੰਸੀ, ਸਲਾਹਕਾਰ ਜਾਂ ਟਿਕਟਿੰਗ ਏਜੰਸੀਆਂ ਲਈ ਇਹ ਜਰੂਰੀ ਹੈ ਕਿ ਉਹ ਇਸ ਸਬੰਧੀ ਤੈਅ ਸ਼ਰਤਾਂ ਪੂਰੀਆਂ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ। ਅਜਿਹੇ ਕਿਸੇ ਵਿਅਕਤੀ ਵੱਲੋਂ ਵਿਦੇਸ਼ ਜਾਣ ਦੇ ਚਾਹਵਾਨ ਵਿਅਕਤੀਆਂ ਨਾਲ ਕੋਈ ਠੱਗੀ ਜਾਂ ਧੋਖਾਧੜੀ ਨਾ ਕੀਤੀ ਜਾਵੇ। ਇਸ ਵਾਸਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਵਿੱਚ ਅਜਿਹੀਆਂ ਕਈ ਗੱਲਾਂ ਸ਼ਾਮਲ ਹਨ ਅਤੇ ਉਸ ਤੋਂ ਬਾਅਦ ਸਬੰਧਤ ਅਧਿਕਾਰੀ ਵੱਲੋਂ ਰਜਿਸਟ੍ਰੇਸ਼ਨ ਦੀ ਅਮਲ ਮੁਕੰਮਲ ਕਰਕੇ ਉਸ ਨੂੰ ਅਧਿਕਾਰਤ ਕੀਤਾ ਜਾਂਦਾ ਹੈ। ਇਹਨਾਂ ਵਿਅਕਤੀਆਂ ਦਾ ਸਰਕਾਰ ਕੋਲ ਪੂਰਾ ਰਿਕਾਰਡ ਹੋਣ ਕਾਰਨ ਇਸ ਗੱਲ ਦੀ ਸੰਭਾਵਨਾ ਕਾਫੀ ਘੱਟ ਜਾਂਦੀ ਹੈ ਕਿ ਉਸ ਵੱਲੋਂ ਆਪਣੇ ਕੋਲ ਆਉਣ ਵਾਲੇ ਗ੍ਰਾਹਕਾਂ ਨਾਲ ਕੋਈ ਠੱਗੀ ਜਾਂ ਧੋਖਾਧੜੀ ਕੀਤੀ ਜਾਵੇਗੀ ਪ੍ਰੰਤੂ ਦੂਜੇ ਪਾਸੇ ਅਜਿਹੇ ਵਿਅਕਤੀਆਂ (ਜਿਹੜੇ ਆਪਣੇ ਪੱਧਰ ਤੇ ਦਫਤਰ ਖੋਲ ਲੈਂਦੇ ਹਨ ਅਤੇ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਲਾਰਾ ਲਗਾ ਕੇ ਉਹਨਾਂ ਨਾਲ ਠੱਗੀ ਕਰਦੇ ਹਨ) ਦੇ ਖ਼ਿਲਾਫ਼ ਇਸ ਸਬੰਧੀ ਸ਼ਿਕਾਇਤਾਂ ਆਮ ਹਨ। ਇਸ ਸਬੰਧੀ ਸਮਾਜ ਸੇਵੀ ਸੰਸਥਾ ਦਲਿਤ ਚੇਤਨਾ ਮੰਚ ਦੇ ਸੂਬਾ ਪ੍ਰਧਾਨ ਸ਼ਮਸ਼ੇਰ ਸਿੰਘ ਪਰਖਾਲਵੀ ਨੇ ਦੱਸਿਆ ਕਿ ਇਸ ਵੇਲੇ ਇਕੱਲੇ ਮੁਹਾਲੀ ਸ਼ਹਿਰ ਵਿੱਚ ਹੀ ਤਕਰੀਬਨ 1200 ਦੇ ਕਰੀਬ ਅਜਿਹੇ ਅਣਅਧਿਕਾਰਤ ਏਜੰਟ ਕੰਮ ਕਰ ਰਹੇ ਹਨ ਪ੍ਰੰਤੂ ਪ੍ਰਸ਼ਾਸਨ ਵੱਲੋਂ ਇਹਨਾਂ ਲੋਕਾਂ ਦੇ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਇਹਨਾਂ ਅਣਅਧਿਕਾਰਤ ਏਜੰਟਾਂ ਦਾ ਠੱਗੀ ਦਾ ਕਾਰੋਬਾਰ ਦਿਨ ਪ੍ਰਤੀ ਦਿਨ ਵੱਧ ਫੁੱਲ ਰਿਹਾ ਹੈ। ਉਹ ਕਹਿੰਦੇ ਹਨ ਕਿ ਹੋਰ ਤਾਂ ਹੋਰ ਆਈਲੈਟਸ ਕਰਵਾਉਣ ਦੇ ਨਾਮ ਤੇ ਇੰਸਟੀਚਿਊਟ ਚਲਾਉਣ ਦੀ ਆੜ ਵਿੱਚ ਵੀ ਇਹਨਾਂ ਵਿਅਕਤੀਆਂ ਵੱਲੋਂ ਆਪਣਾ ਕਾਰੋਬਾਰ ਚਲਾਇਆ ਜਾਂਦਾ ਹੈ ਅਤੇ ਪ੍ਰਸ਼ਾਸਨ ਨੂੰ ਇਹਨਾਂ ਤਮਾਮ ਲੋਕਾਂ ਦੀ ਇਸ ਕਾਰਵਾਈ ’ਤੇ ਸਖ਼ਤੀ ਨਾਲ ਰੋਕ ਲਗਾਈ ਜਾਣੀ ਚਾਹਦੀ ਹੈ। ਜ਼ਿਲ੍ਹਾ ਪ੍ਰਸ਼ਾਸਨ ਤਿਆਰ ਕਰ ਰਿਹਾ ਹੈ ਅਣਅਧਿਕਾਰਤ ਏਜੰਟਾਂ ਦਾ ਰਿਕਾਰਡ: ਡੀਸੀ ਸ੍ਰੀਮਤੀ ਸਪਰਾ ਜ਼ਿਲ੍ਹਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਕਹਿੰਦੇ ਹਨ ਕਿ ਪ੍ਰਸ਼ਾਸਨ ਵੱਲੋਂ ਅਣਅਧਿਕਾਰਤ ਤਰੀਕੇ ਨਾਲ ਟ੍ਰੈਵਲ ਏਜੰਟ ਦਾ ਕੰਮ ਕਰਨ ਵਾਲੇ ਵਿਅਕਤੀਆਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਸਬੰਧੀ ਜ਼ਿਲ੍ਹੇ ਦੇ ਐਸਐਸਪੀ ਨੂੰ ਬਣਦੀ ਕਾਰਵਾਈ ਕਰਨ ਦੀ ਹਦਾਇਤ ਵੀ ਕੀਤੀ ਗਈ ਹੈ ਅਤੇ ਅਣਅਧਿਕਾਰਤ ਤਰੀਕੇ ਨਾਲ ਇਹ ਕੰਮ ਕਰਨ ਵਾਲੇ ਲੋਕਾਂ ਦੇ ਖ਼ਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇਗਾ। ਜ਼ਿਲ੍ਹਾ ਪੁਲੀਸ ਕਰੇਗੀ ਸਖ਼ਤ ਕਾਰਵਾਈ: ਐਸਐਸਪੀ ਚਾਹਲ ਮੁਹਾਲੀ ਦੇ ਐਸਐਸਪੀ ਸ੍ਰੀ ਕੁਲਦੀਪ ਸਿੰਘ ਚਾਹਲ ਨੇ ਸੰਪਰਕ ਕਰਨ ਤੇ ਕਿਹਾ ਕਿ ਪੁਲੀਸ ਵੱਲੋਂ ਅਣਅਧਿਕਾਰਤ ਤਰੀਕੇ ਨਾਲ ਕੰਮ ਕਰਨ ਵਾਲੇ ਟ੍ਰੈਵਲ ਏਜੰਟਾਂ ਦੇ ਖ਼ਿਲਾਫ਼ ਸ਼ਿਕੰਜਾ ਕਸਿਆ ਜਾਵੇਗਾ ਅਤੇ ਇਸ ਸੰਬੰਧੀ ਪੁਲੀਸ ਵੱਲੋਂ ਲਗਾਤਾਰ ਕਾਰਵਾਈ ਕਰਕੇ ਇਹਨਾਂ ਲੋਕਾਂ ਨੂੰ ਕਾਨੂੰਨ ਦੇ ਘੇਰੇ ਹੇਠ ਲਿਆਂਦਾ ਜਾਵੇਗਾ। ਉਹਨਾਂ ਦੱਸਿਆ ਕਿ ਹੁਣ ਤੱਕ ਮਿਲੀਆਂ ਸ਼ਿਕਾਇਤਾਂ ਨੂੰ ਆਧਾਰ ਬਣਾ ਕੇ ਕਈ ਟਰੈਵਲ ਏਜੰਟਾਂ ਅਤੇ ਇਮੀਗਰੇਸ਼ਨ ਕੰਪਨੀਆਂ ਵਿਰੁੱਧ ਧੋਖਾਧੜੀ ਦੇ ਕੇਸ ਦਰਜ ਕੀਤੇ ਗਏ ਹਨ ਅਤੇ ਕਈ ਕੰਪਨੀਆਂ ਦੇ ਪ੍ਰਬੰਧਕਾਂ ਤੇ ਸਟਾਫ਼ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਇਸ ਸਬੰਧੀ ਮੁਹਾਲੀ ਅਦਾਲਤ ਵਿੱਚ ਵੱਖ ਵੱਖ ਕੇਸ ਸੁਣਵਾਈ ਲਈ ਵਿਚਾਰ ਅਧੀਨ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ