
ਅੰਮ੍ਰਿਤ ਛਕੋ-ਸਿੰਘ ਸਜੋ ਲਹਿਰ ਤਹਿਤ 53 ਪ੍ਰਾਣੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ
ਮੁਹਾਲੀ ਹਲਕੇ ਦੇੇ ਸ਼ਹਿਰੀ ਤੇ ਪੇਂਡੂ ਖੇਤਰ ਵਿੱਚ ਵਿੱਢੀ ਅੰਮ੍ਰਿਤ ਸੰਚਾਰ ਲਈ ਵਿਸ਼ੇਸ਼ ਮੁਹਿੰਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਪਰੈਲ:
ਅੰਮ੍ਰਿਤ ਛਕੋ-ਸਿੰਘ ਸਜੋ ਲਹਿਰ ਤਹਿਤ ਅੱਜ ਮੁਹਾਲੀ ਦੇ ਪਿੰਡ ਗੁਡਾਣਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 53 ਪ੍ਰਾਣੀਆਂ ਨੂੰ ਅੰਮ੍ਰਿਤ ਸੰਚਾਰ ਕਰਵਾਇਆ ਗਿਆ। ਮੁਹਾਲੀ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਅਤੇ ਪਿੰਡ ਗੁਡਾਣਾ ਦੇ ਪ੍ਰਧਾਨ ਬੰਤ ਸਿੰਘ ਦੀ ਅਗਵਾਈ ਹੇਠ ਚਲਾਈ ਗਈ ਇਹ ਮੁਹਿੰਮ ਹਲਕੇ ਦੇ ਸਾਰੇ ਪਿੰਡਾਂ ਤੇ ਸ਼ਹਿਰ ਵਿੱਚ ਚਲਾਈ ਜਾ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਸੰਗਤ ਨੂੰ ਬਾਣੀ ਤੇ ਬਾਣੇ ਦਾ ਧਾਰਨੀ ਬਣਾਇਆ ਜਾ ਸਕੇ। ਇਸ ਮੌਕੇ ਭਾਈ ਜਤਿੰਦਰ ਸਿੰਘ ਪ੍ਰਚਾਰਕ ਮੁਹਾਲੀ ਅਤੇ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਤੇ ਕਥਾ ਕੀਤੀ।
ਮੁੱਖ ਸੇਵਾਦਾਰ ਹਲਕਾ ਮੁਹਾਲੀ ਪਰਵਿੰਦਰ ਸਿੰਘ ਸੋਹਾਣਾ ਅਤੇ ਐਸਜੀਪੀਸੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਤੇ ਸ਼ਬਦ ਗੁਰੂ ਨਾਲ ਜੋੜਨ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਇਹ ਮੁਹਿੰਮ ਲਗਾਤਾਰ ਇਸੇ ਤਰ੍ਹਾਂ ਜਾਰੀ ਰਹੇਗੀ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਅੰਮ੍ਰਿਤ ਸੰਚਾਰ ਕਰਵਾ ਕੇ ਗੁਰੂ ਦੇ ਲੜ ਲਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਹਰ ਪਾਸਿਓਂ ਵੱਡਾ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਹਲਕੇ ਦੇ ਸਮੂਹ ਲੋਕਾਂ ਨੂੰ ਬੇਨਤੀ ਕੀਤੀ ਕਿ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਸ਼ਬਦ ਗੁਰੂ ਨਾਲ ਜੁੜ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਤੇ ਆਪਣਾ ਜੀਵਨ ਸਫਲ ਕਰਨ।
ਇਸ ਮੌਕੇ ਐਸਜੀਪੀਸੀ ਦੇ ਮੈਨੇਜਰ ਭਾਈ ਰਜਿੰਦਰ ਸਿੰਘ ਟੌਹੜਾ, ਸਮਾਜ ਸੇਵੀ ਹਰਦੀਪ ਸਿੰਘ ਬਠਲਾਣਾ, ਜਥੇਦਾਰ ਗੋਬਿੰਦਗੜ੍ਹ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਅਤੇ ਪ੍ਰਧਾਨ ਬੰਤ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।