
ਤੰਬਾਕੂ ਵਿਰੋਧੀ ਮੁਹਿੰਮ ਤਹਿਤ ਜ਼ੀਰਕਪੁਰ ਵਿੱਚ ਖੋਖਿਆਂ ’ਤੇ ਛਾਪੇਮਾਰੀ, 12 ਚਾਲਾਨ ਕੱਟੇ
ਜ਼ਿਲ੍ਹਾ ਸਿਹਤ ਵਿਭਾਗ ਮੁਹਾਲੀ ਦੀ ਟੀਮ ਨੇ ਦਿੱਤਾ ਕਾਰਵਾਈ ਨੂੰ ਅੰਜਾਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਾਰਚ:
ਸ਼ਿਕਾਇਤ ਦੇ ਆਧਾਰ ‘ਤੇ ਸਿਹਤ ਵਿਭਾਗ ਦੀ ਸਾਂਝੀ ਟੀਮ ਨੇ ਜ਼ੀਰਕਪੁਰ ਖੇਤਰ ਵੱਖ-ਵੱਖ ਥਾਵਾਂ ਉੱਤੇ ਖੋਖਿਆਂ ’ਤੇ ਛਾਪੇਮਾਰੀ ਕੀਤੀ ਗਈ ਅਤੇ ਤੰਬਾਕੂ ਰੋਕਥਾਮ ਕਾਨੂੰਨ ਦੀ ਉਲੰਘਣਾ ਦੇ ਦੋਸ਼ ਹੇਠ 12 ਚਾਲਾਨ ਕੀਤੇ ਗਏ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਫੂਡ ਸੇਫ਼ਟੀ ਅਫ਼ਸਰ ਰਵੀਨੰਦਨ ਗੋਇਲ ਦੀ ਅਗਵਾਈ ਹੇਠ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਦੌਰਾਨ ਜਨਤਕ ਥਾਵਾਂ ’ਤੇ ਸਿਗਰਟਨੋਸ਼ੀ ਕਰ ਰਹੇ ਵਿਅਕਤੀਆਂ ਦੇ ਵੀ ਚਲਾਨ ਕੀਤੇ ਗਏ। ਇਸ ਤੋਂ ਇਲਾਵਾ ਰੇਹੜੀ ਅਤੇ ਖੋਖਾ ਦੁਕਾਨਦਾਰਾਂ ਵੱਲੋਂ ਤੰਬਾਕੂ ਪਦਾਰਥਾਂ ਨੂੰ ਖੋਲ੍ਹ ਕੇ ਵੇਚਣ ਅਤੇ ਤੰਬਾਕੂ ਸਬੰਧੀ ਚਿਤਾਵਨੀ ਵਾਲੇ ਬੋਰਡ ਨਾ ਲਗਾਉਣ ਦੇ ਦੋਸ਼ ਹੇਠ ਵੀ ਚਲਾਨ ਕੀਤੇ ਗਏ।
ਸਿਹਤ ਵਿਭਾਗ ਦੀ ਟੀਮ ਨੇ ਦੁਕਾਨਦਾਰਾਂ ਨੂੰ ਤਾੜਨਾ ਕੀਤੀ ਗਈ ਕਿ ਜੇ ਉਹ ਨਿਯਮਾਂ ਮੁਤਾਬਕਾਂ ਵਿਕਰੀ ਨਹੀਂ ਕਰਨਗੇ ਤਾਂ ਅਗਲੀ ਵਾਰ ਭਾਰੀ ਜੁਰਮਾਨਾ ਕੀਤਾ ਜਾਵੇਗਾ। ਟੀਮ ਨੇ ਬੱਸ ਸਟੈਂਡ ਜ਼ੀਰਕਪੁਰ, ਪਟਿਆਲਾ ਚੌਕ, ਪ੍ਰੀਤ ਕਲੋਨੀ ਵਿੱਚ ਲਗਭਗ 12 ਚਲਾਨ ਕਰਕੇ 2400 ਰੁਪਏ ਜੁਰਮਾਨਾ ਵਸੂਲਿਆ।
ਸਿਹਤ ਵਿਭਾਗ ਦੀ ਇਸ ਟੀਮ ਵਿੱਚ ਲਵਪ੍ਰੀਤ ਸਿੰਘ ਫੂਡ ਸੇਫ਼ਟੀ ਅਫ਼ਸਰ, ਰਾਜਿੰਦਰ ਸਿੰਘ ਹੈਲਥ ਇੰਸਪੈਕਟਰ ਤੇ ਹੋਰ ਸਿਹਤ ਮੁਲਾਜ਼ਮ ਸ਼ਾਮਲ ਸਨ। ਚਾਲਾਨ ਕੱਟਣ ਮਗਰੋਂ ਉਕਤ ਦੁਕਾਨਦਾਰਾਂ ਅਤੇ ਹੋਰ ਵਿਅਕਤੀਆਂ ਨੂੰ ਤੰਬਾਕੂ ਐਂਡ ਅਦਰ ਤੰਬਾਕੂ ਪ੍ਰੋਡਕਟਸ ਪ੍ਰੋਹਿਬਸ਼ਿਨ ਐਕਟ (ਕੋਟਪਾ) ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕਿਸੇ ਵੀ ਜਨਤਕ ਥਾਂ ‘ਤੇ ਤੰਬਾਕੂਨੋਸ਼ੀ ਨਹੀਂ ਕੀਤੀ ਜਾ ਸਕਦੀ। ਉਕਤ ਵਿਅਕਤੀਆਂ ਨੇ ਅੱਗੇ ਤੋਂ ਅਜਿਹਾ ਨਾ ਕਰਨ ਦਾ ਤਹਈਆ ਕੀਤਾ।
ਡਾ. ਸੁਭਾਸ਼ ਨੇ ਕਿਹਾ ਕਿ ਸਿਹਤ ਵਿਭਾਗ ਦਾ ਜ਼ਿਲ੍ਹਾ ਤੰਬਾਕੂ ਵਿਰੋਧੀ ਸੈੱਲ ਜਿਥੇ ਲਗਾਤਾਰ ਚਾਲਾਨ ਅਤੇ ਜੁਰਮਾਨੇ ਦੀ ਕਾਰਵਾਈ ਕਰ ਰਿਹਾ ਹੈ, ਉਥੇ ਨਾਲੋ-ਨਾਲ ਲੋਕਾਂ ਨੂੰ ਤੰਬਾਕੂ ਦੀ ਵਰਤੋਂ ਦੇ ਨੁਕਸਾਨਾਂ ਅਤੇ ਤੰਬਾਕੂ ਵਿਰੋਧੀ ਕਾਨੂੰਨ ਬਾਰੇ ਵੀ ਜਾਗਰੂਕ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਾਂਚ-ਪੜਤਾਲ ਦਾ ਮੰਤਵ ਦੁਕਾਨਦਾਰਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਨਹੀਂ ਸਗੋਂ ਉਨ੍ਹਾਂ ਨੂੰ ਦਸਣਾ ਹੈ ਕਿ ਕੋਟਪਾ ਕਾਨੂੰਨ ਦੀ ਪਾਲਣਾ ਕਰਦਿਆਂ ਤੰਬਾਕੂ ਪਦਾਰਥ ਵੇਚੇ ਜਾਣ। ਉਨ੍ਹਾਂ ਕਿਹਾ ਕਿ ਚਾਲਾਨ ਦੀ ਕਾਰਵਾਈ ਕਰਦਿਆਂ ਦੁਕਾਦਾਰਾਂ ਅਤੇ ਜਨਤਕ ਥਾਵਾਂ ’ਤੇ ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਕੋਟਪਾ ਕਾਨੂੰਨ ਬਾਰੇ ਜਾਣਕਾਰੀ ਦਿਤੀ ਗਈ।
ਉਨ੍ਹਾਂ ਸਕੂਲ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਜੇ ਸਕੂਲ ਦੀ ਬਾਹਰੀ ਕੰਧ ਦੇ 100 ਗਜ਼ ਦੇ ਘੇਰੇ ਵਿਚ ਤੰਬਾਕੂ ਵੇਚਣ ਵਾਲੀ ਦੁਕਾਨ ਹੈ ਤਾਂ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ ਕਿਉਂਕਿ ਕਾਨੂੰਨ ਮੁਤਾਬਕ ਸਕੂਲ ਲਾਗੇ ਤੰਬਾਕੂ ਪਦਾਰਥ ਨਹੀਂ ਵੇਚੇ ਜਾ ਸਕਦੇ। ਉਨ੍ਹਾਂ ਦੁਕਾਨਦਾਰਾਂ ਨੂੰ ਕਿਹਾ ਕਿ ਉਹ ਕਾਨੂੰਨ ਦੇ ਘੇਰੇ ਵਿਚ ਰਹਿ ਕੇ ਤੰਬਾਕੂ ਪਦਾਰਥਾਂ ਦੀ ਵਿਕਰੀ ਕਰਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜਿੱਥੇ ਕਿਤੇ ਵੀ ਤੰਬਾਕੂ ਰੋਕਥਾਮ ਕਾਨੂੰਨ ਦੀ ਉਲੰਘਣਾ ਕਰਦਿਆਂ ਤੰਬਾਕੂ ਪਦਾਰਥ ਵੇਚੇ ਜਾ ਰਹੇ ਹਨ ਤਾਂ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ ਤਾਂ ਕਿ ਬਣਦੀ ਕਾਰਵਾਈ ਕੀਤੀ ਜਾ ਸਕੇ।