ਆਪ ਸਰਕਾਰ ਦੇ ਰਾਜ ’ਚ ਖਰੜ ਹਲਕਾ ਵਿਕਾਸ ਪੱਖੋਂ ਪਛੜਿਆ: ਸੁਖਵਿੰਦਰ ਗੋਲਡੀ

ਪੀਣ ਵਾਲੇ ਪਾਣੀ ਨੂੰ ਤਰਸੇ ਖਰੜ ਵਾਸੀ: ਸੁਖਵਿੰਦਰ ਗੋਡਲੀ

ਖਰੜ ਅੰਦਰ ਥਾਂ ਥਾਂ ਲੱਗੇ ਗੰਦਗੀ ਦੇ ਢੇਰ, ਨਗਰ ਕੌਂਸਲ ਦਫ਼ਤਰ ’ਚ ਲੋਕ ਹੋ ਰਹੇ ਨੇ ਖੱਜਲ ਖੁਆਰ: ਗੋਲਡੀ

ਨਬਜ਼-ਏ-ਪੰਜਾਬ ਬਿਊਰੋ, ਖਰੜ, 3 ਜੂਨ:
ਪੰਜਾਬ ਅੰਦਰ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਖਰੜ ਹਲਕੇ ਦੇ ਲੋਕ ਬੁਨਿਆਦੀ ਸਹੂਲਤਾਂ ਲਈ ਤਰਸ ਰਹੇ ਹਨ ਅਤੇ ਖਰੜ ਹਲਕਾ ਆਪ ਸਰਕਾਰ ਦੇ ਕਰੀਬ ਡੇਢ ਸਾਲ ਦੇ ਕਾਰਜਕਾਲ ਦੌਰਾਨ ਵਿਕਾਸ ਕਾਰਜਾਂ ਪੱਖੋਂ ਕਈ ਸਾਲ ਪਛੜ ਚੁੱਕਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਪੰਜਾਬ ਦੇ ਸਹਿ ਖਜਾਨਚੀ ਸੁਖਵਿੰਦਰ ਸਿੰਘ ਗੋਲਡੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਸੁਖਵਿੰਦਰ ਸਿੰਘ ਗੋਲਡੀ ਨੇ ਅੱਗੇ ਦੱਸਿਆ ਕਿ ਸ਼ਹਿਰ ਅੰਦਰ ਵਾਟਰ ਸਪਲਾਈ ਦੀ ਸਮੱਸਿਆ ਸਮੇਤ ਟ੍ਰੈਫਿਕ ਦੀ ਸਮੱਸਿਆ ਲਗਾਤਾਰ ਵੱਧਦੀ ਜਾ ਰਹੀ ਹੈ ਜਦਕਿ ਨਗਰ ਕੌਂਸਲ ਖਰੜ ਨੇ ਸ਼ਹਿਰ ਅੰਦਰ ਕੋਈ ਵੀ ਵਿਕਾਸ ਕਾਰਜ ਨਹੀਂ ਕਰਵਾਇਆ ਜਿਸ ਕਾਰਨ ਸ਼ਹਿਰ ਦੇ ਲੋਕ ਹੁਣ ਆਪ ਵਾਲਿਆਂ ਨੂੰ ਵੋਟਾਂ ਪਾ ਕੇ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਸੁਖਵਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਸ਼ਹਿਰ ਅੰਦਰ ਜਿਥੇ ਪੀਣ ਵਾਲੇ ਪਾਣੀ ਦੀ ਸਮੱਸਿਆ ਲਗਾਤਾਰ ਬਣੀ ਹੋਈ ਹੈ ਉਥੇ ਹੀ ਸ਼ਹਿਰ ਅੰਦਰ ਥਾਂ ਥਾਂ ’ਤੇ ਗੰਦਗੀ ਦੇ ਢੇਰ ਨਜ਼ਰ ਆ ਰਹੇ ਹਨ ਅਤੇ ਜਦੋਂ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਨਗਰ ਕੌਂਸਲ ਦਫ਼ਤਰ ਖਰੜ ਜਾਂਦੇ ਹਨ ਤਾਂ ਉਥੇ ਸਿਵਾਏ ਖੱਜਲ ਖੁਆਰੀ ਦੇ ਲੋਕਾਂ ਦੇ ਹੱਥ ਕੁੱਝ ਨਹੀਂ ਲੱਗਦਾ। ਗੋਲਡੀ ਨੇ ਕਿਹਾ ਕਿ ਹਲਕਾ ਖਰੜ ਤੋਂ ਆਪ ਪਾਰਟੀ ਦੀ ਵਿਧਾਇਕਾ ਅਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਹਲਕੇ ਵਿਚ ਨਜ਼ਰ ਨਹੀਂ ਆ ਰਹੇ ਜਦਕਿ ਉਹ ਭਾਵੇਂ ਮੀਡੀਆ ਅੱਗੇ ਵੱਡੀਆਂ ਵੱਡੀਆਂ ਗੱਲਾਂ ਅਤੇ ਦਾਅਵੇ ਕਰਦੇ ਨਜ਼ਰ ਆਉਂਦੇ ਹਨ ਪਰ ਉਨ੍ਹਾਂ ਦਾ ਖੁਦ ਦਾ ਹਲਕਾ ਲਗਾਤਾਰ ਵਿਕਾਸ ਪੱਖੋਂ ਪਛੜ ਰਿਹਾ ਹੈ। ਸੁਖਵਿੰਦਰ ਸਿੰਘ ਗੋਲਡੀ ਨੇ ਅੱਗੇ ਕਿਹਾ ਕਿ ਜਿਸ ਢੰਗ ਨਾਲ ਹਲਕੀ ਬਰਸਾਤ ਹੋਣ ਤੋਂ ਬਾਅਦ ਖਰੜ ਸ਼ਹਿਰ ਅੰਦਰ ਬਰਸਾਤੀ ਪਾਣੀ ਸੜਕਾਂ ਅਤੇ ਗਲੀਆਂ ਵਿਚਕਾਰ ਖੜ ਜਾਂਦਾ ਹੈ ਉਸਨੂੰ ਦੇਖ ਕੇ ਲੋਕਾਂ ਦੇ ਮਨਾਂ ਅੰਦਰ ਡਰ ਹੈ ਕਿ ਆਉਣ ਵਾਲੇ ਮਹੀਨਿਆਂ ਵਿਚ ਜਦੋਂ ਬਰਸਾਤਾਂ ਹੋਣਗੀਆਂ ਤਾਂ ਇਹ ਬਰਸਾਤੀ ਪਾਣੀ ਉਨ੍ਹਾਂ ਦੇ ਘਰਾਂ ਅੰਦਰ ਦਾਖਲ ਨਾ ਹੋ ਜਾਵੇ।
ਗੋਲਡੀ ਨੇ ਕਿਹਾ ਕਿ ਹਲਕਾ ਖਰੜ ਸਮੇਤ ਪੰਜਾਬ ਵਾਸੀਆਂ ਨੇ ਆਪ ਪਾਰਟੀ ਨੂੰ ਵੋਟਾਂ ਵਿਕਾਸ ਦੇ ਨਾਂਅ ’ਤੇ ਪਾਈਆਂ ਸਨ ਪਰ ਆਪ ਵਾਲੇ ਸਿਰਫ ਬਦਲਾਖੋਰੂ ਰਾਜਨੀਤੀ ਅਤੇ ਆਪਣੇ ਨਿੱਜੀ ਹਿੱਤਾਂ ਲਈ ਆਪਣੀ ਪਾਵਰ ਦਾ ਇਸਤੇਮਾਲ ਕਰ ਰਹੇ ਹਨ। ਗੋਲਡੀ ਨੇ ਅੱਗੇ ਕਿਹਾ ਕਿ ਆਉਣ ਵਾਲੀਆਂ 2024 ਦੀਆਂ ਚੋਣਾਂ ਅੰਦਰ ਪੰਜਾਬ ਦੇ ਲੋਕ ਆਪ ਵਾਲਿਆਂ ਨੂੰ ਮੂੰਹ ਨਹੀਂ ਲਗਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਦੀਪ ਸਿੰਘ ਔਜਲਾ, ਨਰਿੰਦਰ ਰਾਣਾ, ਪਵਨ ਮਨੋਚਾ ਮੰਡਲ ਪ੍ਰਧਾਨ ਸੁਭਾਸ਼ ਅਗਰਵਾਲ, ਸੁਖਬੀਰ ਰਾਣਾ, ਰਾਕੇਸ਼ ਗੁਪਤਾ, ਪ੍ਰਵੇਸ਼ ਭਾਰਤੀ, ਮੀਨੂੰ ਸ਼ਰਮਾ, ਕੁਲਵਿੰਦਰ ਕੌਰ ਅਤੇ ਰਾਮ ਗੋਪਾਲ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…