
ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਸਮਾਂਬੱਧ ਤਰੀਕੇ ਨਾਲ ਗਰੀਬਾਂ ਤੇ ਦਲਿਤਾਂ ਨੂੰ ਜ਼ਮੀਨ, ਨੌਕਰੀਆਂ ਦਿਆਂਗੇ: ਰਾਹੁਲ ਗਾਂਧੀ
ਮੁਫਤ ਮੈਡੀਕਲ ਇਲਾਜ਼ ਮੁਹੱਈਆ ਕਰਵਾਉਣ, ਨਸ਼ਿਆਂ ਦਾ ਅੰਤ ਕਰਨ ਲਈ ਨਵਾਂ ਕਾਨੂੰਨ ਲਿਆਉਣ ਦਾ ਐਲਾਨ
ਨਬਜ਼-ਏ-ਪੰਜਾਬ ਬਿਊਰੋ, ਲੰਬੀ, 2 ਫਰਵਰੀ:
ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਬਾਦਲ ਦੇ ਮਜ਼ਬੂਤ ਅਧਾਰ ਵਾਲੇ ਲੰਬੀ ਹਲਕੇ ਵਿੱਚ ਚੋਣ ਪ੍ਰਚਾਰ ਦਾ ਤੂਫ਼ਾਨ ਲਿਆਉਂਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ’ਤੇ ਦੋ ਮਹੀਨਿਆਂ ਦੇ ਅੰਦਰ ਅੰਦਰ ਦਲਿਤਾਂ ਤੇ ਗਰੀਬਾਂ ਨੂੰ ਜ਼ਮੀਨਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮਗਰੋਂ ਉਨ੍ਹਾਂ ਨੇ ਤਿੰਨ ਮਹੀਨੇ ਅੰਦਰ ਬੇਰੁਜ਼ਗਾਰ ਗਰੀਬਾਂ ਨੂੰ ਨੌਕਰੀਆਂ ਦੇਣ ਸਮੇਤ ਸਮਾਂਬੱਧ ਤਰੀਕੇ ਨਾਲ ਕਾਂਗਰਸ ਮੈਨੀਫੈਸਟੋ ਨੂੰ ਲਾਗੂ ਕਰਨ ਦਾ ਵੀ ਐਲਾਨ ਕੀਤਾ।
ਮਾਨ ਸਿੰਘ ਸਟੇਡੀਅਮ ਵਿੱਚ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਸੂਬੇ ਦਾ ਕੰਮਕਾਜ ਸੰਭਾਲਣ ਦੇ ਇਕ ਮਹੀਨੇ ਅੰਦਰ ਚਿੱਟੇ ਦਾ ਅੰਤ ਕਰਨ ਤੋਂ ਇਲਾਵਾ, ਉਜੜ ਚੁੱਕੇ ਉਦਯੋਗਾਂ ਨੂੰ ਮੁੜ ਖੜ੍ਹਾ ਕਰਨ ਦੇ ਵਾਅਦੇ ਹੇਠ ਪੰਜਾਬ ਵਿੱਚ ਕਾਂਗਰਸ ਦੇ ਪ੍ਰਚਾਰ ਖਤਮ ਕੀਤਾ। ਉਨ੍ਹਾਂ ਨੇ ਨਸ਼ਾਖੋਰੀ ਦਾ ਅੰਤ ਕਰਨ ਲਈ ਇਕ ਨਵਾਂ ਕਾਨੂੰਨ ਲਿਆਉਣ ਤੇ ਨਸ਼ੇ ਦੇ ਵਪਾਰੀਆਂ ਅਤੇ ਭ੍ਰਿਸ਼ਟ ਵਿਅਕਤੀਆਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਐਲਾਨ ਕੀਤਾ, ਜਿਨ੍ਹਾਂ ਨੇ ਪੰਜਾਬ ਦੀ ਇਕ ਪੂਰੀ ਨੌਜਵਾਨ ਪੀੜ੍ਹੀ ਨੂੰ ਤਬਾਹ ਕਰ ਦਿੱਤਾ ਹੈ। ਇਸ ਦੌਰਾਨ ਖੇਤਰ ਵਿੱਚ ਪ੍ਰਦੂਸ਼ਣ ਤੇ ਜਾਅਲੀ ਕੀਟਨਾਸ਼ਕਾਂ ਉਪਰ ਰੋਕ ਨਾ ਹੋਣ ਕਾਰਨ ਕੈਂਸਰ ਤੇ ਹੋਰ ਭਿਆਨਕ ਬਿਮਾਰੀਆਂ ਦੇ ਪ੍ਰਸਾਰ ਉਪਰ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ, ਰਾਹੁਲ ਗਾਂਧੀ ਨੇ ਸੂਬੇ ਅੰਦਰ ਸਾਰੀਆਂ ਬਿਮਾਰੀਆਂ ਦੇ ਪੀੜਤਾਂ ਨੂੰ ਮੁਫਤ ਮੈਡੀਕਲ ਇਲਾਜ਼ ਮੁਹੱਈਆ ਕਰਵਾਉਣ ਲਈ ਇਕ ਨਵਾਂ ਕਾਨੂੰਨ ਲਿਆਉਣ ਤੋਂ ਇਲਾਵਾ, ਪ੍ਰਭਾਵਿਤਾਂ ਦੇ ਇਲਾਜ਼ ਤੇ ਉਨ੍ਹਾਂ ਦੀ ਸੰਭਾਲ ਵਾਸਤੇ ਇਕ ਵਿਸ਼ਵ ਪੱਧਰੀ ਕੈਂਸਰ ਇੰਸਟੀਚਿਊਟ ਸਥਾਪਤ ਕਰਨ ਦਾ ਵਾਅਦਾ ਕੀਤਾ।
ਸ੍ਰੀ ਰਾਹੁਲ ਗਾਂਧੀ ਨੇ ਲੋਕਾਂ ਨੂੰ ਜਿਨ੍ਹਾਂ ਨੇ ਬੀਤੇ ਦੱਸ ਸਾਲਾਂ ਦੌਰਾਨ ਮਾਫੀਆਵਾਂ ਤੇ ਭ੍ਰਿਸ਼ਟਾਚਾਰ ਰਾਹੀਂ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਬਰਬਾਦ ਕਰਨ ਵਾਲੇ ਬਾਦਲਾਂ ਨੂੰ ਦੇਖਿਆ ਹੈ, ਅਕਾਲੀਆਂ ਤੋਂ ਆਮ ਆਦਮੀ ਪਾਰਟੀ ਵੱਲ ਵੱਧਦਿਆਂ ਸੂਬੇ ਨੂੰ ਇਕ ਕੱਟਰਪੰਥੀ ਵਿਚਾਰ ਤੋਂ ਦੂਜੀ ਕੱਟਰਪੰਥੀ ਸੋਚ ’ਚ ਪਹੁੰਚਾਉਣ ਖਿਲਾਫ ਚੇਤਾਵਨੀ ਦਿੱਤੀ। ਰਾਹੁਲ ਨੇ ਕਿਹਾ ਕਿ ਉਗਰ ਤਾਕਤਾਂ ਇਕ ਵਾਰ ਫਿਰ ਤੋਂ ਪੰਜਾਬ ’ਚ ਆਪਣਾ ਸਿਰ ਚੁੱਕਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ ਅਤੇ ਆਪ ਆਗੂ ਅਰਵਿੰਦ ਕੇਜਰੀਵਾਲ ਉਨ੍ਹਾਂ ਦੀ ਸਹਾਇਤਾ ਕਰ ਰਹੇ ਹਨ। ਇਸ ਸਬੰਧੀ ਉਨ੍ਹਾਂ ਨੇ ਮੌੜ ਬੰਬ ਬਲਾਸਟ ਦਾ ਜ਼ਿਕਰ ਕੀਤਾ, ਜਿਹੜੀ ਘਟਨਾ ਕੇਜਰੀਵਾਲ ਦੇ ਇਕ ਕੇ.ਸੀ.ਐਫ ਕਮਾਂਡੋ ਦੇ ਘਰ ਰੁੱਕਣ ਤੋਂ ਕੁਝ ਹੀ ਦਿਨਾਂ ਬਾਅਦ ਸਾਹਮਣੇ ਆਈ ਹੈ।
ਕੈਪਟਨ ਅਮਰਿੰਦਰ ਆਪਣੇ ਸੰਬੋਧਨ ਵਿੱਚ ਬਾਦਲਾਂ ਅਤੇ ਕੇਜਰੀਵਾਲ ਉਪਰ ਪੰਜਾਬ ਨੂੰ ਹਿੰਸਾ ਤੇ ਤਨਾਅ ਦੇ ਨਾਜੁਕ ਹਾਲਾਤਾਂ ’ਚ ਧਕੇਲਣ ਲਈ ਵਰ੍ਹੇ। ਉਨ੍ਹਾਂ ਨੇ ਕਿਹਾ ਕਿ ਜਿਥੇ ਕੇਜਰੀਵਾਲ ਆਪਣੀ ਕੱਟਰਪੰਥੀ ਸੋਚ ਨਾਲ ਉਗਰਵਾਦ ਨੂੰ ਉਤਸਾਹ ਦੇ ਰਹੇ ਹਨ, ਉਥੇ ਹੀ ਬਾਦਲ ਸਿਆਸੀ ਹਿੱਤਾਂ ਖਾਤਿਰ ਧਰਮ ਨੂੰ ਵੇਚ ਰਹੇ ਹਨ, ਜਿਵੇਂ ਇਨ੍ਹਾਂ ਨੇ 1970 ’ਚ ਪਟਿਆਲਾ ’ਚ ਕੀਤਾ ਸੀ। ਜਿਸ ’ਤੇ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਤਾਜ਼ਾ ਜਾਂਚ ’ਚ ਪ੍ਰਕਾਸ਼ ਸਿੰਘ ਬਾਦਲ ਬਰਗਾੜੀ ’ਚ ਧਾਰਮਿਕ ਬੇਅਦਬੀ ਦੀ ਘਟਨਾ ’ਚ ਸ਼ਾਮਿਲ ਪਾਏ ਜਾਣਗੇ ਅਤੇ ਵਾਅਦਾ ਕੀਤਾ ਕਿ ਉਹ ਬਾਦਲ ਨੂੰ ਜੇਲ੍ਹ ਭੇਜ ਦੇਣਗੇ।
ਕੈਪਟਨ ਅਮਰਿੰਦਰ ਨੇ ਇਨ੍ਹਾਂ ਚੋਣਾਂ ਨੂੰ ਪੰਜਾਬ ਤੇ ਇਸਦੇ ਬੱਚਿਆਂ ਦੇ ਭਵਿੱਖ ਵਾਸਤੇ ਵੋਟ ਕਰਾਰ ਦਿੰਦਿਆਂ, ਲੋਕਾਂ ਨੂੰ ਬਾਦਲਾਂ ਤੇ ਕੇਜਰੀਵਾਲ ਨੂੰ ਦਿਖਾਉਣ ਦੀ ਅਪੀਲ ਕੀਤੀ ਕਿ ਪੰਜਾਬੀ ਇਨ੍ਹਾਂ ਦੀ ਕੱਟਰਪੰਥੀ ਤੇ ਉਨ੍ਹਾਂ ਨੂੰ ਵੰਡਣ ਵਾਲੀ ਸਿਆਸਤ ਨੂੰ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਇਸ ਤੋਂ ਪਹਿਲਾਂ ਉਗਰਵਾਦ ਕਾਰਨ ਕਈ ਦਰਦਨਾਕ ਨੁਕਸਾਨ ਝੇਲ ਚੁੱਕੇ ਹਨ ਅਤੇ ਹੁਣ ਸ਼ਾਂਤੀ ਤੇ ਏਕਤਾ ਨਾਲ ਜਿਉਣਾ ਚਾਹੁੰਦੇ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਲੰਬੀ ਦੇ ਲੋਕਾਂ ਨੂੰ ਮੁੱਖ ਮੰਤਰੀ ਨੂੰ ਇਨ੍ਹਾਂ ਦੀ ਜਿੰਦਗੀ ਦਾ ਸਬਕ ਸਿਖਾਉਣ ਦੇ ਨਾਲ ਨਾਲ ਭਵਿੱਖ ਦੇ ਸਾਰਿਆਂ ਮੁੱਖ ਮੰਤਰੀਆਂ ਨੂੰ ਸਿੱਖਿਆ ਦੇਣ ਲਈ ਉਨ੍ਹਾਂ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ, ਤਾਂ ਜੋ ਕੋਈ ਵੀ ਆਪਣੇ ਮਾਫੀਆਵਾਂ ਤੇ ਧਾਰਮਿਕ ਅਧਾਰ ’ਤੇ ਲੋਕਾਂ ਨੂੰ ਵੰਡਣ ਲਈ ਉਨ੍ਹਾਂ ਦੀਆਂ ਭਾਵਨਾਵਾਂ ਤੇ ਜ਼ਿੰਦਗੀਆਂ ਨਾਲ ਖੇਡਣ ਦੀ ਹਿੰਮਤ ਨਾ ਕਰ ਸਕੇ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਜਲਾਲਾਬਾਦ ਤੇ ਮਜੀਠਾ ’ਚ ਅਕਾਲੀ ਆਗੂਆਂ ਨੂੰ ਭਾਰੀ ਹਾਰ ਮਿਲੇਗੀ, ਜਿਥੋਂ ਕ੍ਰਮਵਾਰ ਸੁਖਬੀਰ ਬਾਦਲ ਤੇ ਬਿਕ੍ਰਮ ਸਿੰਘ ਮਜੀਠੀਆ ਆਪਣੇ ਸਿਆਸੀ ਕਰਿਅਰ ਨੂੰ ਬਚਾਉਣ ਲਈ ਲੜ ਰਹੇ ਹਨ।
ਉਨ੍ਹਾਂ ਨੇ ਦਿਆਲ ਸਿੰਘ ਕੋਲੀਆਂਵਾਲੀ (ਐਸ.ਜੀ.ਪੀ.ਸੀ ਮੈਂਬਰ), ਸਤਿੰਦਰਜੀਤ ਸਿੰਘ ਮੰਟਾ ਅਤੇ ਤੇਜਿੰਦਰ ਸਿੰਘ ਮਿੱਡੂਖੇੜਾ ਸਮੇਤ ਬਾਦਲਾਂ ਦੇ ਭ੍ਰਿਸ਼ਟ ਪਿੱਠੂਆਂ ਤੇ ਓ.ਐਸ.ਡੀਜ਼ ਨੂੰ ਜੇਲ੍ਹ ਭੇਜਣ ਦਾ ਆਪਣਾ ਵਾਅਦਾ ਦੁਹਰਾਇਆ, ਜਿਨ੍ਹਾਂ ਨੇ ਆਪਣੇ ਆਕਾਵਾਂ ਦੇ ਇਸ਼ਾਰਿਆ ਉਪਰ ਲੋਕਾਂ ਨੂੰ ਪ੍ਰਤਾੜਤ ਕੀਤਾ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਲੋਕਾਂ ਦੇ ਉਤਸਾਹ ਦੌਰਾਨ ਕਿਹਾ ਕਿ ਜੇ ਬਾਦਲ ਆਪਣੇ ਦਾਅਵਿਆਂ ਮੁਤਾਬਿਕ ਅਸਲਿਅਤ ’ਚ ਇਨ੍ਹਾਂ ਗੁਨਾਹਾਂ ਤੋਂ ਅਣਜਾਨ ਹਨ, ਤਾਂ ਉਹ ਮੁੱਖ ਮੰਤਰੀ ਬਣੇ ਰਹਿਣ ਦੇ ਕਾਬਿਲ ਨਹੀਂ ਹਨ। ਕੈਪਟਨ ਅਮਰਿੰਦਰ ਸੂਬੇ ਅੰਦਰ ਨਸ਼ੇ ਦੇ ਰੈਕੇਟ ’ਚ ਸ਼ਾਮਿਲ ਵਿਅਕਤੀਆਂ ਉਪਰ ਵੀ ਵਰ੍ਹੇ ਤੇ ਕਿਹਾ ਕਿ ਸੱਤਾ ’ਚ ਆਉਣ ਤੋਂ ਬਾਅਦ ਉਹ ਇਲ੍ਹਾਂ ’ਚੋਂ ਕਿਸੇ ਨੂੰ ਵੀ ਨਹੀਂ ਬਖਸ਼ਣਗੇ।
ਇਸ ਤੋਂ ਪਹਿਲਾਂ, ਸੂਬਾ ਕਾਂਗਰਸ ਮੀਤ ਪ੍ਰਧਾਨ ਸੁਨੀਲ ਜਾਖੜ ਨੇ ਵੀ ਲੋਕਾਂ ਨੂੰ ਸ਼ਾਂਤੀ ਤੇ ਸਥਿਰਤਾ ਲਈ ਵੋਟ ਦੇਣ ਦੀ ਅਪੀਲ ਕੀਤੀ, ਜਿਹੜੀ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਸਿਰਫ ਕਾਂਗਰਸ ਹੀ ਸੂਬੇ ਨੂੰ ਪ੍ਰਦਾਨ ਕਰ ਸਕਦੀ ਹੈ। ਦਿੱਲੀ ਦੇ ਵਿਧਾਇਕ ਕਰਨਲ ਦਵਿੰਦਰ ਸ਼ੇਰਾਵਤ ਨੇ ਵੀ ਭੀੜ ਨੂੰ ਸੰਬੋਧਨ ਕੀਤਾ ਤੇ ਉਨ੍ਹਾਂ ਨੂੰ ਕੇਜਰੀਵਾਲ ਦੇ ਧੋਖੇ ਤੇ ਝੂਠਾਂ ਖਿਲਾਫ ਚੇਤਾਵਨੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਇਕ ਬਿਜਨੇਸਮੈਨ ਤੇ ਝੂਠੇ ਵਿਅਕਤੀ ਹਨ, ਜਿਨ੍ਹਾਂ ਦਾ ਇਕੋ ਇਕ ਟੀਚਾ ਆਪਣੇ ਲਈ ਦੌਲਤ ਇਕੱਠੀ ਕਰਨਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਕੇਜਰੀਵਾਲ ਸਰਕਾਰ ਦੀਆਂ ਨੀਤੀਆਂ ਤੋਂ ਅੱਕ ਚੁੱਕੇ ਹਨ ਅਤੇ ਉਹ ਕੇਜਰੀਵਾਲ ਨੂੰ ਸੂਬੇ ’ਤੇ ਸ਼ਾਸਨ ਕਰਨ ਲਈ ਚੁਣ ਕੇ ਪਛਤਾਵਾ ਮਹਿਸੂਸ ਕਰ ਰਹੇ ਹਨ।