ਡੀਸੀ ਆਸ਼ਿਕਾ ਜੈਨ ਦੀ ਅਗਵਾਈ ਹੇਠ ‘‘ਖੇਡਾਂ ਵਤਨ ਪੰਜਾਬ ਦੀਆਂ’’ ਦੀ ‘ਮਸ਼ਾਲ’ ਦਾ ਭਰਵਾਂ ਸਵਾਗਤ

ਐਸਡੀਐਮ ਖਰੜ ਗੁਰਮੰਤਰ ਸਿੰਘ ਨੇ ਜ਼ਿਲ੍ਹਾ ਰੂਪਨਗਰ ਤੋਂ ਕੁਰਾਲੀ ਵਿੱਚ ਪ੍ਰਾਪਤ ਕੀਤੀ ਮਸ਼ਾਲ

ਅਗਲੀ ਯਾਤਰਾ ਲਈ ਲਾਂਡਰਾਂ-ਚੁੰਨੀ ਮਾਰਗ ਉੱਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੂੰ ਸੌਂਪੀ ਮਸ਼ਾਲ

ਨਬਜ਼-ਏ-ਪੰਜਾਬ, ਮੁਹਾਲੀ, 26 ਅਗਸਤ:
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਵਿੱਚ ਮਲਟੀਪਰਪਜ਼ ਸਪੋਰਟਸ ਕੰਪਲੈਕਸ, ਸੈਕਟਰ-78 ਮੁਹਾਲੀ ਵਿਖੇ ‘‘ਖੇਡਾਂ ਵਤਨ ਪੰਜਾਬ ਦੀਆਂ’’ ਦੇ ਤੀਜੇ ਐਡੀਸ਼ਨ, 2024-25 ਦੀ ਮਸ਼ਾਲ (ਟਾਰਚ ਰਿਲੇਅ) ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸਪੋਰਟਸ ਕੰਪਲੈਕਸ ਵਿਖੇ ਪ੍ਰੈਕਟਿਸ ਕਰ ਰਹੇ ਵੱਖ-ਵੱਖ ਖੇਡਾਂ ਦੇ ਉਭਰਦੇ ਖਿਡਾਰੀਆਂ ਦੇ ਨਾਲ ਸਵਾਗਤ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਵਿੱਚ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਵਿਸ਼ੇਸ਼ ਉਪਰਾਲਾ ਹੈ।
ਉਨ੍ਹਾਂ ਕਿਹਾ ਕਿ ਸਾਲ 2024-25 ਦਾ ’’ਖੇਡਾਂ ਵਤਨ ਪੰਜਾਬ ਦੀਆਂ’’ ਦਾ ਤੀਜਾ ਐਡੀਸ਼ਨ ਸ਼ੁਰੂ ਕਰਨ ਲਈ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਰਾਜ ਦਾ 13ਵਾਂ ਜ਼ਿਲ੍ਹਾ ਹੈ ਜਿੱਥੇ ਅੱਜ ਮਸ਼ਾਲ ਰਿਲੇਅ ਕੁਰਾਲੀ ਰਾਹੀਂ ਦਾਖ਼ਲ ਹੋਈ ਹੈ। ਉਨ੍ਹਾਂ ਦੱਸਿਆ ਕਿ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਐਸਡੀਐਮ ਖਰੜ ਗੁਰਮੰਦਰ ਸਿੰਘ ਵੱਲੋਂ ਰੂਪਨਗਰ ਤੋਂ ਕੁਰਾਲੀ ਵਿੱਚ ਦਾਖ਼ਲ ਹੋਣ ’ਤੇ ਅੰਤਰ-ਜ਼ਿਲ੍ਹਾ ਸਰਹੱਦ ਉੱਤੇ ਮਸ਼ਾਲ ਰਿਲੇਅ ਦਾ ਨਿੱਘਾ ਸਵਾਗਤ ਕੀਤਾ ਗਿਆ।
ਡੀਸੀ ਸ੍ਰੀਮਤੀ ਜੈਨ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 29 ਅਗਸਤ ਨੂੰ ਸੰਗਰੂਰ ਵਿਖੇ ‘ਖੇਡਣ ਵਤਨ ਪੰਜਾਬ ਦੀਆਂ’ ਦੇ ਤੀਜੇ ਐਡੀਸ਼ਨ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਗੀਦਾਰ ਖਿਡਾਰੀਆਂ ਲਈ ਆਨਲਾਈਨ ਰਜਿਸਟ੍ਰੇਸ਼ਨ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਇਹ https://eservices.punjab.gov.in ਉੱਤੇ ਲਾਗਇਨ ਕਰਕੇ ਕੀਤੀ ਜਾ ਸਕਦੀ ਹੈ। ਆਨਲਾਈਨ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 29 ਅਗਸਤ ਹੈ ਅਤੇ ਜ਼ਿਲ੍ਹਾ ਐਸ.ਏ.ਐਸ.ਨਗਰ (ਮੁਹਾਲੀ) ਦੇ ਬਲਾਕ ਪੱਧਰੀ ਮੁਕਾਬਲੇ 2 ਤੋਂ 7 ਸਤੰਬਰ ਤੱਕ ਖਰੜ, ਕੁਰਾਲੀ, ਮੁਹਾਲੀ ਅਤੇ ਡੇਰਾਬੱਸੀ ਵਿਖੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਲਾਕ ਪੱਧਰ ’ਤੇ, ਭਾਗੀਦਾਰਾਂ ਨੂੰ 7 ਖੇਡਾਂ ਲਈ ਮੁਕਾਬਲਾ ਕਰਨਾ ਪੈਣਾ ਹੈ ਜਦੋਂਕਿ ਜ਼ਿਲ੍ਹਾ ਅਤੇ ਰਾਜ ਪੱਧਰੀ ਮੁਕਾਬਲਿਆਂ ਲਈ ਕੁੱਲ ਮਿਲਾ ਕੇ ਖੇਡਾਂ ਦੀ ਗਿਣਤੀ 37 ਹੋਵੇਗੀ।
ਡੀਸੀ ਆਸ਼ਿਕਾ ਜੈਨ ਨੇ ਮਸ਼ਾਲ ਰਿਲੇਅ ਦੇ ਪੁੱਜਣ ’ਤੇ ਖੇਡ ਕੰਪਲੈਕਸ ਵਿਖੇ ਹੈਂਡਬਾਲ ਖਿਡਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਸੂਬਾ ਪੱਧਰ ’ਤੇ ਹੋਣ ਵਾਲੇ ਮੁਕਾਬਲਿਆਂ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਪੰਜਾਬ ਦੇ ਖਿਡਾਰੀਆਂ ਨੂੰ ਇੱਕ ਕਰੋੜ ਰੁਪਏ ਤੱਕ ਦੇ ਨਕਦ ਇਨਾਮਾਂ ਨਾਲ ਸਨਮਾਨਿਤ ਕਰਨ ਤੋਂ ਇਲਾਵਾ ਪੰਜਾਬ ਦੇ ਹੋਰ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਜਿਨ੍ਹਾਂ ਨੇ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ।
ਸੈਕਟਰ 78 ਦੇ ਸਟੇਡੀਅਮ ਵਿੱਚ ਰੁਕਣ ਬਾਅਦ ‘ਟੌਰਚ ਰਿਲੇਅ’ ਅਗਲੇ ਜ਼ਿਲ੍ਹੇ ਲਈ ਸੈਂਕੜੇ ਖਿਡਾਰੀਆਂ ਦੀ ਸ਼ਮੂਲੀਅਤ ਦਰਮਿਆਨ ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਬੇਗਰਾ ਵੱਲੋਂ ਲਾਂਡਰਾਂ-ਚੁੰਨੀ ਮਾਰਗ ’ਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੂੰ ਮਸ਼ਾਲ ਸੌਂਪੀ ਗਈ। ਮਸ਼ਾਲ ਦੇ ਸਵਾਗਤੀ ਸਮਾਰੋਹ ਦੌਰਾਨ ਏਡੀਸੀ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ, ਐਸਡੀਐਮ ਮੁਹਾਲੀ ਦੀਪਾਂਕਰ ਗਰਗ, ਤਹਿਸੀਲਦਾਰ ਅਰਜੁਨ ਸਿੰਘ ਗਰੇਵਾਲ ਅਤੇ ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਬੇਗਰਾ ਸਮੇਤ ਖੇਡ ਕੰਪਲੈਕਸ ਵਿੱਚ ਤਾਇਨਾਤ ਕੋਚਾਂ ਵਿੱਚ ਰਾਕੇਸ਼ ਸ਼ਰਮਾ ਹੈਂਡਬਾਲ, ਸੁਰਜੀਤ ਸਿੰਘ ਫੁੱਟਬਾਲ, ਰੋਹਿਤ ਕੰਵਰ ਤੇ ਸੰਦੀਪ ਸਿੰਘ ਕੁਸ਼ਤੀ, ਗੁਰਸੀਸ ਸਿੰਘ ਐਥਲੈਟਿਕਸ, ਹਰਪ੍ਰੀਤ ਸਿੰਘ ਤੇ ਜਤਿੰਦਰ ਵਰਮਾ ਬਾਸਕਟਬਾਲ, ਅਮਨਦੀਪ ਕੌਰ ਕਬੱਡੀ, ਅਮਨਦੀਪ ਸਿੰਘ ਸਕੇਟਿੰਗ ਅਤੇ ਐਨ ਦੱਤਾ ਜਿਮਨਾਸਤਿਕ ਕੋਚ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…