nabaz-e-punjab.com

‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਪਿੰਡ ਬਲੌਂਗੀ ਦੇ ਦੁਸਹਿਰਾ ਗਰਾਉਂਡ ਦੀ ਹੋਵੇਗੀ ਕਾਇਆ ਕਲਪ

ਗਰਾਉਂਡ ਦੀ ਸਫਾਈ ਉਪਰੰਤ ਲੈਂਡ ਸਕੇਪਿੰਗ ਕਰਵਾ ਕੇ ਵਾਤਾਵਰਨ ਦੀ ਸਵੱਛਤਾ ਲਈ ਲਗਾਏ ਜਾਣਗੇ ਪੌਦੇ

ਐਸਡੀਐਮ ਡਾ. ਆਰ.ਪੀ ਸਿੰਘ ਦੀ ਦੇਖ ਰੇਖ ਹੇਠ ਕਰਵਾਈ ਜਾ ਰਹੀ ਦੁਸਹਿਰਾ ਗਰਾਉਂਡ ਤੇ ਸਬਜ਼ੀ ਮੰਡੀ ਦੀ ਸਫ਼ਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੂਨ:
‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਪਿੰਡ ਬਲੌਂਗੀ ਦੇ ਦੁਸਹਿਰਾ ਗਰਾਉਂਡ ਦੀ ਕਾਇਆ ਕਲਪ ਕੀਤੀ ਜਾਵੇਗੀ ਅਤੇ ਇਸ ਦੀ ਸਾਫ ਸਫਾਈ ਕਰਵਾਕੇ ਲੈਂਡ ਸਕੇਪਿੰਗ ਅਤੇ ਇਸ ਨੂੰ ਹਰਿਆ ਭਰਿਆ ਬਣਾਉਣ ਦੇ ਨਾਲ ਨਾਲ ਵਾਤਾਵਰਣ ਦੀ ਸਵੱਛਤਾ ਲਈ ਗਰਾਉਂਡ ਦੇ ਆਲੇ ਦੁਆਲੇ ਅਤੇ ਹੋਰ ਢੁੱਕਵੀਂਆਂ ਥਾਵਾਂ ਤੇ ਵੱਧ ਤੋਂ ਵੱਧ ਪੌਦੇ ਲਗਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਗਰਾਉਂਡ ਦੀ ਮੁਕਮੰਲ ਸਫਾਈ ਅਤੇ ਹੋਰ ਕੰਮਾਂ ਦੀ ਨਿਗਰਾਨੀ ਲਈ ਐਸਡੀਐਮ ਡਾ. ਆਰ.ਪੀ ਸਿੰਘ ਨੂੰ ਨੋਡਲ ਅਫ਼ਸਰ ਲਗਾਇਆ ਗਿਆ ਹੈ ਅਤੇ ਗਰਾਉਂਡ ਦੀ ਸਫਾਈ ਤੋਂ ਬਾਅਦ ਇਸ ਦੁਆਲੇ ਪੌਦੇ ਲਗਾਉਣ ਲਈ ਜੰਗਲਾਤ ਵਿਭਾਗ ਵੱਲੋਂ ਮੁਫਤ ਮੁਹੱਈਆ ਕਰਵਾਏ ਜਾਣਗੇ।
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਇਸ ਸੀਜ਼ਨ ਦੌਰਾਨ ਜਿਲ੍ਹੇ ਵਿਚ ਸਕੂਲਾਂ, ਕਾਲਜਾਂ ਅਤੇ ਹੋਰ ਵਿਦਿਅਕ ਸੰਸਥਾਵਾਂ ਦੇ ਨਾਲ ਨਾਲ ਲਿੰਕ ਸੜਕਾਂ ਦੇ ਕਿਨਾਰਿਆਂ ਅਤੇ ਪੰਚਾਇਤੀ ਜ਼ਮੀਨਾਂ ਤੇ ਵੀ ਵੱਧ ਤੋਂ ਵੱਧ ਪੌਦੇ ਲਗਾਏ ਜਾਣਗੇ। ਸ੍ਰੀਮਤੀ ਸਪਰਾ ਨੇ ਜਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੇ ਗਏ ਵੱਖ ਵੱਖ ਕਾਰਜ਼ਾਂ ਵਿਚ ਆਪਣਾ ਪੂਰਾ ਸਹਿਯੋਗ ਦੇਣ। ਉਨ੍ਹਾਂ ਖਾਸ ਕਰਕੇ ਪਿੰਡ ਬਲੌਗੀ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਬਲੌਂਗੀ ਵਿਖੇ ਸ਼ੁਰੂ ਕੀਤੇ ਗਏ ਸਫਾਈ ਕਾਰਜ਼ਾਂ ਵਿਚ ਆਪਣਾ ਯੋਗਦਾਨ ਪਾਉਣ ਅਤੇ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਵੀ ਅਗੇ ਆਉਣ। ਉਨ੍ਹਾਂ ਕਿਹਾ ਕਿ ਬਲੌਂਗੀ ਦੇ ਦੁਸਹਿਰਾ ਗਰਾਉਂਡ ਵਿਚ ਸਫਾਈ ਦੇ ਮੰਦੇ ਹਾਲ ਕਾਰਣ ਅਤੇ ਕੂੜੇ ਕਰਕਟ ਕਾਰਣ ਬਦਬੂ ਮਾਰਦੀ ਸੀ ਜਿਸ ਕਾਰਣ ਮੱਖੀਆਂ ਅਤੇ ਮੱਛਰ ਪਨਪਦੇ ਸਨ ਅਤੇ ਪਿੰਡ ਦੇ ਲੋਕ ਮਲੇਰੀਏ ਅਤੇ ਡੇਂਗੂ ਆਦਿ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਸਨ। ਉਨ੍ਹਾਂ ਕਿਹਾ ਕਿ ਹੁਣ ਬਲੌਂਗੀ ਵਿਖੇ ਸਫਾਈ ਹੋਣ ਨਾਲ ਬਿਮਾਰੀਆਂ ਤੋਂ ਲੋਕਾਂ ਨੂੰ ਛੁਟਕਾਰਾ ਮਿਲੇਗਾ।
ਗਰਾਉਂਡ ਦੀ ਕਰਵਾਈ ਜਾ ਰਹੀ ਸਫਾਈ ਸਬੰਧੀ ਐਸ.ਡੀ.ਐਮ ਡਾ. ਆਰ.ਪੀ. ਸਿੰਘ ਨੇ ਦੱਸਿਆ ਕਿ ਦੁਸਹਿਰਾ ਗਰਾਉਂਡ ਜਿਥੇ ਕਿ ਸਬਜ਼ੀ ਮੰਡੀ ਵੀ ਲਗਦੀ ਹੈ ਅਤੇ ਲੰਮੇ ਚਿਰਾਂ ਤੋਂ ਇਸ ਗਰਾਉਂਡ ਦੀ ਸਫਾਈ ਨਹੀਂ ਸੀ ਕੀਤੀ ਗਈ ਅਤੇ ਹੁਣ ਜੇ.ਸੀ.ਬੀ. ਮਸ਼ੀਨਾਂ ਰਾਹੀਂ ਸਫਾਈ ਕਰਵਾਈ ਜਾ ਰਹੀ ਹੈ ਅਤੇ ਗਰਾਉਂਡ ਨੂੰ ਪੱਧਰਾ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਪਿੰਡ ਦੇ ਲੋਕਾਂ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ ਤਾਂ ਜੋ ਇਸ ਥਾਂ ਨੂੰ ਸਾਫ ਸੁਥਰਾ ਕਰਕੇ ਇਸ ਥਾਂ ਤੇ ਪੌਦੇ ਲਗਾਕੇ ਇਸ ਨੂੰ ਸ਼ੈਰਗਾਹ ਵਜੋਂ ਵਿਕਸਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਗਰਾਉਂਡ ਦੀ ਸਫਾਈ ਮੁਕਮੰਲ ਹੋਣ ਤੋਂ ਬਾਅਦ ਇਸ ਦੀ ਲੈਂਡ ਸਕੇਪਿੰਗ ਕਰਵਾਈ ਜਾਵੇਗੀ ਜਿਸ ਨਾਲ ਗਰਾਉਂਡ ਨੂੰ ਨਵੀਂ ਦਿਖ ਪ੍ਰਦਾਨ ਹੋਵੇਗੀੇ ਅਤੇ ਲੋਕਾਂ ਨੂੰ ਗੰਦਗੀ ਤੋਂ ਛੁਟਕਾਰਾ ਵੀ ਮਿਲੇਗਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…