ਮੁੱਖ ਸੜਕ ਦੇ ਵਿੱਚ ਬਣੇ ਵੱਡੇ ਤੇ ਡੂੰਘੇ ਖੱਡੇ ਵਿੱਚ ਡਿੱਗੀ ਐਂਡੇਵਰ ਕਾਰ, ਸਵਾਰੀਆਂ ਦਾ ਬਚਾਅ

ਪਿਛਲੇ ਡੇਢ ਮਹੀਨੇ ਵਿੱਚ ਇੱਕ ਤੋਂ ਬਾਅਦ ਇੱਕ ਕਈ ਵਾਹਨ ਡਿੱਗਣ ਦੇ ਬਾਵਜੂਦ ਨਹੀਂ ਭਰਿਆ ਗਿਆ ਖੱਡਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਫਰਵਰੀ:
ਮੁਹਾਲੀ ਦੀਆਂ ਜ਼ਿਆਦਾਤਰ ਸੜਕਾਂ ਦਾ ਕਾਫੀ ਬੁਰਾ ਹਾਲ ਹੋ ਚੁੱਕਾ ਹੈ, ਕਈ ਸੜਕਾਂ ਦੀ ਮੁਰੰਮਤ ਵਿੱਚ ਪ੍ਰਸ਼ਾਸਨ ਵੱਲੋਂ ਕਥਿਤ ਅਣਗਹਿਲੀ ਵਰਤੇ ਜਾਣ ਕਾਰਨ ਆਏ ਦਿਨ ਦੁਰਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਲੰਘੀ ਰਾਤ ਇੱਥੋਂ ਦੇ ਸੈਕਟਰ-78 ਅਤੇ ਸੈਕਟਰ-79 ਨੂੰ ਵੰਡਦੀ ਸੜਕ ਕਿਨਾਰੇ ਪ੍ਰੀਤ ਸਿਟੀ ਚੌਂਕ ਵਿਚਕਾਰ ਸਥਿਤ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣੇ ਮੇਨ ਹੋਲ ਵਾਲੀ ਥਾਂ ’ਤੇ ਬਣੇ ਡੂੰਘੇ ਖੱਡੇ ਵਿੱਚ ਇੱਕ ਫੋਰਡ ਅੰਡੇਵਰ ਕਾਰ ਡਿੱਗ ਪਈ। ਜਿਸ ਕਾਰਨ ਕਾਰ ਦਾ ਕਾਫੀ ਨੁਕਸਾਨ ਹੋ ਗਿਆ ਪ੍ਰੰਤੂ ਕਾਰ ਵਿੱਚ ਸਵਾਰ 3 ਜਣੇ ਵਾਲ ਵਾਲ ਬਚ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾਗ੍ਰਸਤ ਕਾਰ ਲਾਂਡਰਾਂ ਵਾਲੇ ਪਾਸਿਓਂ ਆ ਰਹੀ ਸੀ ਅਤੇ ਰਾਤ ਕਰੀਬ ਸਾਢੇ 10 ਵਜੇ ਕਾਰ ਸੜਕ ਕਿਨਾਰੇ ਬਣੇ ਡੂੰਘੇ ਖੱਡੇ ਵਿੱਚ ਡਿੱਗ ਗਈ। ਦੱਸਿਆ ਗਿਆ ਹੈ ਕਿ ਕਾਰ ਦੀ ਰਫ਼ਤਾਰ ਤੇਜ ਹੋਣ ਕਾਰ ਚਾਲਕ ਨੂੰ ਸੜਕ ਦੇ ਵਿਚਕਾਰ ਪਿਆ ਇਹ ਖੱਡਾ ਨਜ਼ਰ ਨਹੀਂ ਆਇਆ ਅਤੇ ਬਿਲਕੁਲ ਨੇੜੇ ਆਉਣ ’ਤੇ ਜਦੋਂ ਉਸਨੇ ਕਾਰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਪਈ ਮਿੱਟੀ ਕਾਰਨ ਇਹ ਕਾਰ ਤਿਲਕ ਕੇ ਖੱਡੇ ਦੇ ਵਿੱਚ ਜਾ ਡਿੱਗੀ। ਹਾਲਾਂਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਪ੍ਰੰਤੂ ਸਵਾਰੀਆਂ ਦਾ ਬਚਾਅ ਹੋ ਗਿਆ। ਉਹ ਕਿਸੇ ਤਰ੍ਹਾਂ ਖੱਡੇ ’ਚ ਡਿੱਗੀ ਕਾਰ ’ਚੋਂ ਬਾਹਰ ਨਿਕਲ ਕੇ ਉੱਥੋਂ ਚਲੇ ਗਏ।
ਜ਼ਿਕਰਯੋਗ ਹੈ ਕਿ ਇਸ ਸੜਕ ’ਤੇ ਆਵਾਜਾਈ ਜ਼ਿਆਦਾ ਰਹਿੰਦੀ ਹੈ ਅਤੇ ਬੀਤੇ ਦਿਨਾਂ ਦੌਰਾਨ ਜਦੋਂ ਸੋਹਾਣਾ ਲਾਂਡਰਾਂ ਸੜਕ ਦੀ ਮੁਰੰਮਤ ਲਈ ਉਕਤ ਸੜਕ ਨੂੰ ਬੰਦ ਕੀਤਾ ਗਿਆ ਸੀ ਉਸ ਵੇਲੇ ਲਾਂਡਰਾਂ ਵੱਲ ਜਾਣ ਵਾਲਾ ਸਾਰਾ ਟਰੈਫ਼ਿਕ ਇਸੇ ਸੜਕ ਤੋਂ ਹੋ ਕੇ ਅੱਗੇ ਗਿਆ ਸੀ। ਡੇਢ ਕੁ ਮਹੀਨਾ ਪਹਿਲਾਂ ਇਸ ਥਾਂ ’ਤੇ ਸਟਾਰਮ ਸੀਵਰ ਦਾ ਮੇਨਹੋਲ ਧਸ ਗਿਆ ਸੀ ਅਤੇ ਸੜਕ ਵਿੱਚ ਕਾਫੀ ਵੱਡਾ ਤੇ ਡੂੰਘਾ ਖੱਡਾ ਪੈ ਗਿਆ ਸੀ। ਗਮਾਡਾ ਵੱਲੋਂ ਸਟਾਰਮ ਸੀਵਰ ਦੀ ਮੁਰੰਮਤ ਦਾ ਕੰਮ ਤਾਂ ਸ਼ੁਰੂ ਕਰ ਦਿੱਤਾ ਗਿਆ ਸੀ (ਜੋ ਹੁਣ ਵੀ ਚਲ ਰਿਹਾ ਹੈ) ਪ੍ਰੰਤੂ ਇਸ ਦੌਰਾਨ ਇੱਥੇ ਇੱਕ ਤੋਂ ਬਾਅਦ ਇੱਕ ਕਰਕੇ ਕਈ ਵਾਹਨ ਉਕਤ ਖੱਡੇ ਵਿੱਚ ਡਿੱਗ ਚੁੱਕੇ ਹਨ। ਇਸ ਖੱਡੇ ਦੇ ਆਸਪਾਸ ਗਮਾਡਾ ਦੇ ਕਰਮਚਾਰੀਆਂ ਵੱਲੋਂ ਝਾੜੀਆਂ ਰੱਖੀਆਂ ਗਈਆਂ ਸਨ ਅਤੇ ਇੱਥੇ ਰਾਤ ਨੂੰ ਚਮਕਣ ਵਾਲੀ ਟੇਪ ਵੀ ਲਗਾਈ ਗਈ ਸੀ ਪ੍ਰੰਤੂ ਅਧਿਕਾਰੀਆਂ ਦੀ ਬੇਧਿਆਨੀ ਦੇ ਚੱਲਦਿਆਂ ਸਾਵਧਾਨੀ ਬਾਰੇ ਜਾਣਕਾਰੀ ਦੇਣ ਵਾਲਾ ਇਹ ਸਾਰਾ ਸਮਾਨ ਖੱਡੇ ਵਿੱਚ ਡਿੱਗ ਗਿਆ ਅਤੇ ਇੱਥੇ ਲੱਗੀ ਚਮਕੀਲੀ ਟੇਪ ਵੀ ਖਰਾਬ ਹੋ ਗਈ।
ਸਥਾਨਕ ਅਕਾਲੀ ਕੌਂਸਲਰ ਸੁਰਿੰਦਰ ਸਿੰਘ ਰੋਡਾ ਨੇ ਦੱਸਿਆ ਕਿ ਮੁੱਖ ਸੜਕ ’ਤੇ ਬਣੇ ਚੌਂਕ ਵਿੱਚ ਇਸ ਵੱਡੇ ਖੱਡੇ (ਜੋ ਲਗਭਗ 6 ਫੁੱਟ ਡੂੰਘਾ, 10 ਕੁ ਫੁੱਟ ਚੌੜਾ ਅਤੇ 20 ਕੁ ਫੁੱਟ ਲੰਬਾ ਹੈ) ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ। ਇਸ ਖੱਡੇ ਵਿੱਚ ਪਹਿਲਾਂ ਇੱਕ ਟਰੈਕਟਰ, ਦੋ ਤਿੰਨ ਕਾਰਾਂ ਅਤੇ ਕਈ ਮੋਟਰ ਸਾਈਕਲ ਡਿੱਗ ਚੁੱਕੇ ਹਨ। ਜਿਨ੍ਹਾਂ ਕਾਰਨ ਕਈ ਵਿਅਕਤੀ ਜ਼ਖ਼ਮੀ ਵੀ ਹੋ ਚੁੱਕੇ ਹਨ ਪਰ ਗਮਾਡਾ ਵੱਲੋਂ ਇਸ ਖੱਡੇ ਨੂੰ ਭਰਨ ਲਈ ਕੁਝ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਗਮਾਡਾ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤ ਕਰਕੇ ਖੱਡੇ ਨੂੰ ਭਰਨ ਦੀ ਮੰਗ ਕੀਤੀ ਜਾ ਚੁੱਕੀ ਹੈ ਪ੍ਰੰਤੂ ਹੁਣ ਤੱਕ ਗਮਾਡਾ ਨੇ ਇਸ ਖੱਡੇ ਨੂੰ ਬੰਦ ਨਹੀਂ ਕੀਤਾ ਗਿਆ।
ਸਾਬਕਾ ਕੌਂਸਲਰ ਸੁਖਮਿੰਦਰ ਸਿੰਘ ਬਰਨਾਲਾ ਨੇ ਕਿਹਾ ਕਿ ਉਹ ਖ਼ੁਦ ਵੀ ਇੱਕ ਵਾਰ ਇਸ ਖੱਡੇ ਵਿੱਚ ਡਿੱਗਣ ਤੋਂ ਬਚ ਚੁੱਕੇ ਹਨ। ਉਨ੍ਹਾਂ ਕਿਹਾ ਕਿ ਗਮਾਡਾ ਅਧਿਕਾਰੀ ਕੰਮ ਕਰਨ ਦੀ ਥਾਂ ਟਾਲ ਮਟੋਲ ਕਰਨ ਵੱਲ ਵੱਧ ਧਿਆਨ ਦਿੰਦੇ ਹਨ ਅਤੇ ਇਸ ਖੱਡੇ ਨੂੰ ਨਾ ਭਰਨ ਸਬੰਧੀ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ।
ਉਧਰ, ਗਮਾਡਾ ਅਧਿਕਾਰੀਆਂ ਅਨੁਸਾਰ ਇਸ ਥਾਂ ’ਤੇ ਮੁਰੰਮਤ ਦਾ ਕੰਮ ਜਾਰੀ ਹੈ। ਖੱਡੇ ਵਿੱਚ ਮੇਨਹੋਲ ਦੀ ਉਸਾਰੀ ਉਪਰੰਤ ਉਸ ਉੱਤੇ ਸੀਮਿੰਟ ਦੀ ਸਲੈਬ ਰੱਖ ਦਿੱਤੀ ਗਈ ਹੈ ਅਤੇ ਹੁਣ ਇਸ ਖੱਡੇ ਨੂੰ ਮਿੱਟੀ ਨਾਲ ਭਰਿਆ ਜਾਣਾ ਹੈ। ਇਸ ਤੋਂ ਬਾਅਦ ਇਸ ਥਾਂ ’ਤੇ ਸੜਕ ਦੀ ਮੁਰੰਮਤ ਦਾ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਥਾਂ ’ਤੇ ਪਰਸੋਂ ਮਿੱਟੀ ਪਾਈ ਜਾਣੀ ਸੀ ਪ੍ਰੰਤੂ ਰਾਤ ਨੂੰ ਮੀਂਹ ਪੈਣ ਕਾਰਨ ਮਿੱਟੀ ਗਿੱਲੀ ਹੋ ਗਈ ਅਤੇ ਜੇਕਰ ਖੱਡੇ ਵਿੱਚ ਗਿਲੀ ਮਿੱਟੀ ਪਾਈ ਜਾਂਦੀ ਤਾਂ ਇੱਥੇ ਦਲਦਲ ਬਣ ਜਾਣੀ ਸੀ ਅਤੇ ਗਿੱਲੀ ਮਿੱਟੀ ਨਾਲ ਖੱਡਾ ਨਹੀਂ ਭਰਿਆ ਜਾ ਸਕਦਾ। ਜਿਸ ਕਾਰਨ ਇਹ ਹਾਦਸਾ ਹੋ ਗਿਆ ਹੈ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…