
ਖੇਤੀ ਟੈਕਨੋਕਰੇਟਸ ਦੀ ਵਿੱਦਿਅਕ ਯੋਗਤਾ ਨੂੰ ਅੱਖੋਂ ਪਰੋਖੇ ਕਰਕੇ ਸੇਵਾਵਾਂ ਨੂੰ ਢਾਹ ਲਾਉਣ ਦਾ ਯਤਨ
ਖੇਤੀਬਾੜੀ ਤੇ ਬਾਗਬਾਨੀ ਅਫ਼ਸਰਾਂ ਦਾ ਖੇਤੀ ਭਵਨ ਦੇ ਬਾਹਰ ਲੜੀਵਾਰ ਧਰਨਾ ਜਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਗਸਤ:
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਭਰਤੀ ਕੀਤੇ ਖੇਤੀਬਾੜੀ ਅਫ਼ਸਰਾਂ ਦਾ ਮੁਹਾਲੀ ਸਥਿਤ ਖੇਤੀ ਭਵਨ ਦੇ ਬਾਹਰ ਲੜੀਵਾਰ ਧਰਨਾ ਜਾਰੀ ਹੈ। ਖੇਤੀ ਟੈਕਨੋਕਰੇਟਸ ਦੀ ਜਥੇਬੰਦੀ ‘ਪਲਾਂਟ ਡਾਕਟਰਜ਼ ਸਰਵਿਸਿਜ਼ ਐਸੋਸੀਏਸ਼ਨ’ ਦੇ ਪ੍ਰਧਾਨ ਅਤੇ ਖੇਤੀਬਾੜੀ, ਬਾਗਬਾਨੀ, ਭੂਮੀ-ਰੱਖਿਆ ਅਤੇ ਪਸ਼ੂ ਪਾਲਣ ਵਿਭਾਗਾਂ ਵਿੱਚ ਸੇਵਾਵਾਂ ਨਿਭਾਅ ਰਹੇ ਖੇਤੀ ਟੈਕਨੋਕਰੇਟਸ ਦੀ ਸਾਂਝੀ ਜਥੇਬੰਦੀ ਐਗਰੀਕਲਚਰਲ ਟੈਕਨੋਕਰੇਟਸ ਐਕਸ਼ਨ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਡਾ. ਸੁਖਬੀਰ ਸਿੰਘ ਸੰਧੂ ਨੇ ਦੱਸਿਆ ਕਿ ਕਿਸਾਨ ਹਿੱਤ ਵਿੱਚ ਪੂਰੀ ਤਨਦੇਹੀ ਨਾਲ ਸੇਵਾਵਾਂ ਦੇ ਰਹੇ ਖੇਤੀ ਟੈਕਨੋਕਰੇਟਸ ਦੀ ਵਿੱਦਿਅਕ ਯੋਗਤਾ ਨੂੰ ਅੱਖੋਂ ਪਰੋਖੇ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਕਾਸ ਅਫ਼ਸਰਾਂ ਦੀਆਂ ਅਸਾਮੀਆਂ ਉੱਤੇ ਹੇਠਲੇ ਕਾਡਰ ਦੀਆਂ ਬਿਨਾਂ ਕਿਸੇ ਤਰਕ ਬਦਲੀਆਂ ਕਰਨਾ ਗੈਰ-ਵਾਜ਼ਬ ਹੈ। ਕਿਉਂਕਿ ਇਹ ਦੋਵੇਂ ਕਾਡਰ ਇੱਕ ਦੂਜੇ ਦੀ ਅਸਾਮੀ ’ਤੇ ਤਾਇਨਾਤ ਨਹੀਂ ਕੀਤੇ ਜਾ ਸਕਦੇ।
ਇਸ ਤੋਂ ਪਹਿਲਾਂ ਡਾ. ਗਗਨਦੀਪ ਕੌਰ, ਡਾ. ਮਨਦੀਪ ਸਿੰਘ, ਡਾ. ਗੁਰਲਵਲੀਨ ਸਿੰਘ, ਡਾ. ਜਸਵਿੰਦਰ ਸਿੰਘ ਬਰਾੜ, ਸਤਵਿੰਦਰ ਬੀਰ ਸਿੰਘ ਅਤੇ ਡਾ. ਗੁਰਪ੍ਰੀਤ ਸਿੰਘ ਰਤਨ ਨੇ ਦੱਸਿਆ ਕਿ ਇਕ ਸਾਲ ਤੋਂ ਉੱਪਰ ਬੀਤ ਜਾਣ ਦੇ ਬਾਵਜੂਦ ਵੀ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਨਾ ਕਰਨ ਕਰਕੇ ਵੀ ਖੇਤੀ ਅਧਿਕਾਰੀਆਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਦੱਸਿਆ ਕਿ ਸਾਰੇ ਖੇਤੀ ਟੈਕਨੋਕਰੇਟਸ ਕਿਸਾਨਾਂ ਅਤੇ ਕਿਸਾਨ ਪਰਿਵਾਰਾਂ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਹਨ। ਜੇਕਰ ਇਸ ਹੜਤਾਲ ਕਾਰਨ ਕਿਸਾਨ ਨੂੰ ਦਿੱਤੀਆਂ ਜਾਦੀਆਂ ਸੇਵਾਵਾਂ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਹੁੰਦੀਆਂ ਹਨ ਤਾਂ ਇਸ ਦੀ ਸਿੱਧੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਉਨ੍ਹਾਂ ਵੱਲੋਂ ਮੰਗ ਕੀਤੀ ਗਈ ਕਿ ਇਹ ਗ਼ੈਰ ਨਿਯਮਿਤ ਬਦਲੀਆਂ ਤੁਰੰਤ ਰੱਦ ਕੀਤੀਆਂ ਜਾਣ ਅਤੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਪੂਰਨ ਤੌਰ ਤੇ ਲਾਗੂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਅਤੇ ਗੁਪਤ ਐਕਸ਼ਨ ਕੀਤੇ ਜਾਣਗੇ।